
ਹੁਣ ਤਕ 60 ਮਰੀਜ਼ਾਂ ਨੇ ਦਿਤੀ ਮਹਾਂਮਾਰੀ ਨੂੰ ਮਾਤ
ਐਸ.ਏ.ਐਸ. ਨਗਰ/ਬਨੂੜ, 14 ਮਈ (ਸੁਖਦੀਪ ਸਿੰਘ ਸੋਈਂ, ਅਵਤਾਰ ਸਿੰਘ): 'ਕੋਰੋਨਾ ਵਾਇਰਸ' ਦੀ ਲਾਗ ਤੋਂ ਪੀੜਤ ਤਿੰਨ ਹੋਰ ਮਰੀਜ਼ ਵੀਰਵਾਰ ਨੂੰ ਪੂਰੀ ਤਰ੍ਹਾਂ ਠੀਕ ਹੋ ਗਏ। ਤਿੰਨਾਂ ਵਿਚੋਂ ਦੋ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਅਤੇ ਇਕ ਮਰੀਜ਼ ਨੂੰ ਪੀਜੀਆਈ, ਚੰਡੀਗੜ੍ਹ ਤੋਂ ਛੁਟੀ ਦਿਤੀ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਦੋ ਮਰੀਜ਼ ਪਿੰਡ ਜਵਾਹਰਪੁਰ ਅਤੇ ਇਕ ਮਰੀਜ਼ ਮੁੱਲਾਂਪੁਰ ਨਾਲ ਸਬੰਧਤ ਹੈ।
ਉਨ੍ਹਾਂ ਦਸਿਆ ਕਿ ਸਿਹਤਯਾਬ ਹੋਏ ਮਰੀਜ਼ਾਂ ਵਿਚ 47 ਸਾਲਾ ਕਰਮਜੀਤ ਸਿੰਘ ਅਤੇ 60 ਸਾਲਾ ਸੁਬੇਗ ਸਿੰਘ ਜਵਾਹਰਪੁਰ ਦੇ ਹਨ ਜਦਕਿ 30 ਸਾਲਾ ਰੂਪ ਕਿਸ਼ੋਰ ਮੁੱਲਾਂਪੁਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦਸਿਆ ਕਿ ਇਸ ਮਹਾਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ 60 ਹੋ ਗਈ ਹੈ ਜਦਕਿ ਪਾਜ਼ੇਟਿਵ ਕੇਸਾਂ ਦੀ ਗਿਣਤੀ 105 ਅਤੇ ਐਕਟਿਵ ਕੇਸਾਂ ਦੀ ਗਿਣਤੀ 42 ਹੈ।
ਜਵਾਹਰਪੁਰ ਦੇ ਦੋਹਾਂ ਵਸਨੀਕਾਂ ਨੂੰ ਫ਼ਿਲਹਾਲ ਘਰ ਨਹੀਂ ਭੇਜਿਆ ਜਾਵੇਗਾ ਅਤੇ ਡੇਰਾਬੱਸੀ ਦੇ ਨਿਰੰਕਾਰੀ ਭਵਨ ਵਿਚ ਬਣਾਏ ਗਏ ਇਕਾਂਤਵਾਸ ਕੇਂਦਰ ਵਿਚ 14 ਦਿਨ ਲਈ ਰਖਿਆ ਜਾਵੇਗਾ।
ਰੂਪ ਕਿਸ਼ੋਰ ਨੂੰ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ ਹੈ ਅਤੇ ਉਸ ਨੂੰ 14 ਦਿਨਾਂ ਲਈ ਘਰ ਵਿਚ ਅਲੱਗ ਰਹਿਣ ਦੀ ਹਦਾਇਤ ਕੀਤੀ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਉਸ ਦੀ ਸਿਹਤ ਦਾ ਲਗਾਤਾਰ ਮੁਆਇਨਾ ਕਰਨਗੀਆਂ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।