
8 ਮਹੀਨੇ ਦੀ ਗਰਭਵਤੀ ਔਰਤ ਨੂੰ ਸਫਰ ਦੌਰਾਨ ਸ਼ੁਰੂ ਹੋਇਆ ਜਣੇਪੇ ਦਾ ਦਰਦ
Khanna News : ਖੰਨਾ ਦੇ ਸਮਰਾਲਾ 'ਚ ਬੁੱਧਵਾਰ ਨੂੰ ਇਕ ਮਹਿਲਾ ਨੇ ਚੱਲਦੀ ਟਰੇਨ 'ਚ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਕਰੀਬ 8 ਮਹੀਨੇ ਦੀ ਗਰਭਵਤੀ ਔਰਤ ਨੂੰ ਸਫਰ ਦੌਰਾਨ ਜਣੇਪੇ ਦਾ ਦਰਦ ਹੋਇਆ ਅਤੇ ਇਸ ਦੌਰਾਨ ਟਰੇਨ 'ਚ ਸਫਰ ਕਰ ਰਹੀਆਂ ਮਹਿਲਾ ਯਾਤਰੀਆਂ ਦੀ ਮਦਦ ਨਾਲ ਉਕਤ ਮਹਿਲਾ ਦੀ ਡਿਲੀਵਰੀ ਕਰਵਾਈ ਗਈ। ਟ੍ਰੇਨ ਨੂੰ ਸਮਰਾਲਾ ਰੇਲਵੇ ਸਟੇਸ਼ਨ ’ਤੇ ਰੋਕ ਕੇ ਜੱਚਾ-ਬੱਚਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਦੋਵਾਂ ਦੀ ਹਾਲਤ ਠੀਕ ਹੈ।
ਲੁਧਿਆਣਾ ਤੋਂ ਲਖਨਊ ਜਾ ਰਿਹਾ ਸੀ ਜੋੜਾ
ਲੁਧਿਆਣਾ ਦੇ ਰਹਿਣ ਵਾਲੇ ਅੰਕੁਰ ਨੇ ਦੱਸਿਆ ਕਿ ਉਸ ਦੀ ਪਤਨੀ ਸੋਨਮ ਕਰੀਬ 8 ਮਹੀਨੇ ਦੀ ਗਰਭਵਤੀ ਸੀ। ਦੋਵੇਂ ਲੁਧਿਆਣਾ ਤੋਂ ਰੇਲਗੱਡੀ ਰਾਹੀਂ ਲਖਨਊ ਜਾ ਰਹੇ ਸਨ ਤਾਂ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਾਲਕਲਾਂ ਨੇੜੇ ਉਸ ਦੀ ਪਤਨੀ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ।
ਜਦੋਂ ਉਸ ਦੀ ਪਤਨੀ ਨੂੰ ਜਣੇਪੇ ਦਾ ਦਰਦ ਹੋਣ ਲੱਗਾ ਤਾਂ ਡੱਬੇ ਵਿਚ ਮੌਜੂਦ ਹੋਰ ਮਹਿਲਾਵਾਂ ਨੇ ਉਸ ਦੀ ਪਤਨੀ ਨੂੰ ਸੰਭਾਲਿਆ ਅਤੇ ਟਰੇਨ ਵਿਚ ਹੀ ਡਿਲੀਵਰੀ ਕਰਵਾਈ ਗਈ। ਉਸਦੀ ਪਤਨੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ। ਜਦੋਂ ਰੇਲਗੱਡੀ ਸਮਰਾਲਾ ਰੇਲਵੇ ਸਟੇਸ਼ਨ 'ਤੇ ਰੁਕੀ ਤਾਂ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਅਤੇ ਮਾਂ ਅਤੇ ਬੱਚੇ ਨੂੰ ਹਸਪਤਾਲ ਭੇਜਿਆ ਗਿਆ।
ਮਾਂ ਅਤੇ ਬੱਚਾ ਦੋਵੇਂ ਸਿਹਤਮੰਦ
ਸਿਵਲ ਹਸਪਤਾਲ ਦੇ ਡਾਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜੱਚਾ ਅਤੇ ਬੱਚਾ ਬਿਲਕੁਲ ਠੀਕ ਹਨ। ਬੱਚੇ ਦਾ ਭਾਰ ਦੋ ਕਿੱਲੋ ਦੇ ਕਰੀਬ ਹੈ। ਉਸ ਨੂੰ ਨਿਗਰਾਨੀ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਾਰੇ ਚੈਕਅੱਪ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।