
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਤੇ ਸ਼ਾਹਕੋਟ ਦੇ ਵਿਕਾਸ ਕੰਮਾਂ ਲਈ 2140 ਕਰੋੜ.....
ਜਲੰਧਰ/ਸ਼ਾਹਕੋਟ, : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਤੇ ਸ਼ਾਹਕੋਟ ਦੇ ਵਿਕਾਸ ਕੰਮਾਂ ਲਈ 2140 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਹੈ। ਅੱਜ ਇਥੇ ਸਥਾਨਕ ਦਾਣਾ ਮੰਡੀ ਵਿਚ ਸ਼ਾਹਕੋਟ ਉਪ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਦੀ ਇਤਿਹਾਸਕ ਜਿੱਤ ਪਿੱਛੋਂ ਧੰਨਵਾਦੀ ਰੈਲੀ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ-ਹੁਸ਼ਿਆਰਪੁਰ (ਕੌਮੀ ਹਾਈਵੇ-70) ਜੋ ਕਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਤੱਕ ਹੈ, ਨੂੰ 4 ਮਾਰਗੀ ਕਰਨ ਲਈ 1069 ਕਰੋੜ ਦੀ ਲਾਗਤ ਵਾਲਾ ਪ੍ਰਾਜੈਕਟ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ,
ਜਦਕਿ ਜਲੰਧਰ ਬਾਈਪਾਸ, ਜੋ ਕਿ ਕੌਮੀ ਹਾਈਵੇ 70 ਤੇ 71 ਨੂੰ ਜੰਡੂਸਿੰਘਾ ਤੋਂ ਪ੍ਰਤਾਪਪੁਰਾ ਬਰਾਸਤਾ ਜਮਸ਼ੇਰ ਜੋੜੇਗਾ, ਲਈ ਵੀ 1000 ਕਰੋੜ ਰੁਪÎਏ ਜਾਰੀ ਕਰ ਦਿਤੇ ਗਏ ਹਨ। ਮੁੱਖ ਮੰਤਰੀ ਵਲੋਂ ਚੁਗਿੱਟੀ-ਲੱਧੇਵਾਲੀ ਸੜਕ 'ਤੇ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਲਈ 35 ਕਰੋੜ ਅਤੇ ਜਲੰਧਰ-ਜੰਡਿਆਲਾ-ਨੂਰਮਹਿਲ-ਤੱਲਣ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਲਈ 17 ਕਰੋੜ ਰੁਪੈ ਵੀ ਜਾਰੀ ਕਰਨ ਦਾ ਐਲਾਨ ਕੀਤਾ।
ਸ਼ਾਹਕੋਟ ਹਲਕੇ ਵਿਚ ਸਿਖਿਆ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੇ ਮੱਦੇਨਜ਼ਰ ਮੁੱਖ ਮੰਤਰੀ ਵਲੋਂ ਤਿੰਨ ਸਮਾਰਟ ਸਕੂਲ ਤੇ 32 ਡਿਜ਼ੀਟਲ ਕਲਾਸ ਰੂਮ ਸਥਾਪਿਤ ਕਰਨ ਅਤੇ ਦਵਾਈਆਂ ਦੀ ਉਪਲਬਧਤਾ ਤੇ ਲੈਬ ਸਥਾਪਨਾ ਲਈ ਵੀ 7-7 ਕਰੋੜ ਜਾਰੀ ਕਰਨ ਦਾ ਐਲਾਨ ਕੀਤਾ। ਮਹਿਤਪੁਰ ਮੁੱਢਲੇ ਸਿਹਤ ਕੇਂਦਰ ਦੇ ਨਵੀਨੀਕਰਨ ਲਈ ਵੀ 25 ਲੱਖ ਦੇਣ ਦਾ ਐਲਾਨ ਮੁੱਖ ਮੰਤਰੀ ਵਲੋਂ ਕੀਤਾ ਗਿਆ। ਮੁੱਖ ਮੰਤਰੀ ਨੇ ਵੱਖ-ਵੱਖ ਪਿੰਡਾਂ ਲਈ ਵਾਟਰ ਸਪਲਾਈ ਸਕੀਮਾਂ ਦਾ ਐਲਾਨ ਕੀਤਾ
ਜਿਨ੍ਹਾਂ ਵਿੱਚ ਮਲਸੀਆਂ ਅਤੇ ਲਕਸ਼ੀਆਂ ਪਿੰਡ ਲਈ 136 ਲੱਖ, ਅਕਲਪੁਰ 95 ਲੱਖ, ਨੰਗਲ ਅੰਬੀਆਂ 61 ਲੱਖ, ਰੇਵਾਂ ਅਤੇ ਨਵਾਂ ਪਿੰਡ ਅਕਾਲੀਆਂ 58 ਲੱਖ, ਮੂਲੇਵਾਲ ਬ੍ਰਾਹਮਣੀਆਂ 55 ਲੱਖ, ਕੱਕੜ ਕਲਾਂ 48 ਲੱਖ, ਹਾਜੀਪੁਰ ਅਤੇ ਸੈਲਚੀਆਂ 48 ਲੱਖ, ਮਾਣਕਪੁਰ 41 ਲੱਖ, ਬਿੱਲੀ ਬੜੈਚ 35 ਲੱਖ, ਜਾਫ਼ਰਪਰ 29 ਲੱਖ ਅਤੇ ਮੀਆਂਵਾਲ ਅਰਾਈਆਂ ਲਈ 28 ਲੱਖ ਰੁਪਏ ਸ਼ਾਮਿਲ ਹਨ।
ਚੌਧਰੀ ਸੰਤੋਖ ਸਿੰਘ ਨੇ ਆਸ ਜਤਾਈ ਕਿ ਪੰਜਾਬ ਜਲਦੀ ਹੀ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉਭਰੇਗਾ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਸ਼ਾਹਕੋਟ ਦੇ ਵੋਟਰਾਂ ਨੂੰ ਵਧਾਈ ਦਿੱਤੀ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਕਿਸਾਨ ਭਾਈਚਾਰੇ ਦੀ ਭਲਾਈ ਬਿਸਤ ਦੁਆਬ ਨਹਿਰ ਨੂੰ ਕੰਕਰੀਟ ਰਾਹੀਂ ਪੱਕਾ ਕਰਨ ਲਈ 150 ਕਰੋੜ ਹੋਰ ਜਾਰੀ ਕੀਤੇ ਜਾਣ। ਇਕ ਮੈਡੀਕਲ ਕਾਲਜ ਖੋਲ੍ਹਣ ਦੀ ਵੀ ਮੰਗ ਕੀਤੀ ਗਈ। ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮਲਸੀਆਂ ਨੇੜੇ ਆਲੂ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਦੀ ਵੀ ਮੰਗ ਕੀਤੀ।
ਇਸ ਮੌਕੇ ਚੇਅਰਮੈਨ ਮਾਰਕਫੈਡ ਅਮਰਜੀਤ ਸਿੰਘ ਸਮਰਾ, ਵਿਧਾਇਕ ਰਣਜੀਤ ਸਿੰਘ ਸਿੱਕੀ, ਹਰਮਿੰਦਰ ਸਿੰਘ ਗਿੱਲ, ਸੁਸ਼ੀਲ ਕੁਮਾਰ ਰਿੰਕੂ, ਗੁਰਪ੍ਰੀਤ ਸਿੰਘ ਜੀ.ਪੀ., ਸੰਤੋਖ ਸਿੰਘ ਭਲਾਈਪੁਰ, ਡਾ.ਧਰਮਵੀਰ ਅਗਨੀਹੋਤਰੀ, ਚੌਧਰੀ ਸੁਰਿੰਦਰ ਸਿੰਘ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਮਲਕੀਤ ਸਿੰਘ ਦਾਖਾ, ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸੰਧੂ,
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਕਾਂਗਰਸੀ ਆਗੂ ਤੇਜਿੰਦਰ ਸਿੰਘ ਬਿੱਟੂ ਅਤੇ ਸਤਵਿੰਦਰ ਬਿੱਟੀ, ਓ.ਐਸ.ਡੀ. ਮੁੱਖ ਮੰਤਰੀ ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਦਲਜੀਤ ਸਿੰਘ ਆਹਲੂਵਾਲੀਆ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਸ਼ਵਿਨ ਭੱਲਾ ਹਾਜ਼ਰ ਸਨ।