
ਨਜ਼ਦੀਕੀ ਪਿੰਡ ਅਲੌੜ ਕੋਲ ਦੇਰ ਰਾਤ ਕੈਂਟਰ ਚਾਲਕ ਵਲੋਂ ਕਈ ਵਾਹਨਾਂ ਨੂੰ ਟੱਕਰ ਮਾਰੇ ਜਾਣ ਦੌਰਾਨ ਜ਼ਖ਼ਮੀ ਹੋਏ ਕਈ ਵਿਅਕਤੀਆਂ 'ਚੋਂ ਸੀਐਮਸੀ ਲੁਧਿਆਣਾ '....
ਖੰਨਾ: ਨਜ਼ਦੀਕੀ ਪਿੰਡ ਅਲੌੜ ਕੋਲ ਦੇਰ ਰਾਤ ਕੈਂਟਰ ਚਾਲਕ ਵਲੋਂ ਕਈ ਵਾਹਨਾਂ ਨੂੰ ਟੱਕਰ ਮਾਰੇ ਜਾਣ ਦੌਰਾਨ ਜ਼ਖ਼ਮੀ ਹੋਏ ਕਈ ਵਿਅਕਤੀਆਂ 'ਚੋਂ ਸੀਐਮਸੀ ਲੁਧਿਆਣਾ 'ਚ ਦਾਖ਼ਲ ਹਰਸ਼ਿਤ (19) ਪੁੱਤਰ ਵਿਨੈ ਕੁਮਾਰ ਵਾਸੀ ਖ਼ਾਲਸਾ ਸਕੂਲ ਰੋਡ ਖੰਨਾ ਦੀ ਬੁੱਧਵਾਰ ਦੁਪਹਿਰ ਇਲਾਜ ਦੌਰਾਨ ਮੌਤ ਹੋ ਗਈ।
ਜ਼ਖ਼ਮੀ ਦੀ ਮੌਤ ਹੋਣ ਦੀ ਸੂਚਨਾ ਮਿਲਣ ਬਾਅਦ ਖੰਨਾ ਪੁਲਿਸ ਨੇ ਲੁਧਿਆਣਾ ਤੋਂ ਲਾਸ਼ ਨੂੰ ਖੰਨਾ ਲਿਆ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿਤਾ ਹੈ।
ਪੁਲਿਸ ਨੇ ਇਸ ਹਾਦਸੇ ਸਬੰਧੀ ਕੈਂਟਰ ਦੇ ਚਾਲਕ ਵਿਰੁਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਦਾ ਰਹਿਣ ਵਾਲਾ ਹਰਸ਼ਿਤ ਘਟਨਾ ਵਾਲੀ ਰਾਤ ਅਪਣੀ ਕਾਰ 'ਚ ਮੰਡੀ ਗੋਬਿੰਦਗੜ ਤੋਂ ਵਾਪਸ ਖੰਨਾ ਸਥਿਤ ਅਪਣੇ ਘਰ ਨੂੰ ਆ ਰਿਹਾ ਸੀ। ਅਲੌੜ ਪਿੰਡ ਕੋਲ ਇਕ ਤੇਜ਼ ਰਫ਼ਤਾਰ ਆ ਰਹੇ ਕੈਂਟਰ ਦੇ ਚਾਲਕ ਨੇ ਲਾਪਰਵਾਹੀ ਨਾਲ ਹਰਸ਼ਿਤ ਦੀ ਕਾਰ ਤੋ ਇਲਾਵਾ ਕੋਈ ਹੋਰ ਵਾਹਨਾਂ ਨੂੰ ਟੱਕਰ ਮਾਰ ਦਿਤੀ ਸੀ।
ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਹਰਸ਼ਿਤ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਉਸ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਸੀਐਮਸੀ ਹਸਪਤਾਲ 'ਚ ਰੈਫ਼ਰ ਕਰ ਦਿਤਾ ਸੀ ਜਿਥੇ ਉਸ ਦੀ ਅੱਜ ਦੁਪਹਿਰ ਸਮੇਂ ਮੌਤ ਹੋ ਗਈ। ਅੱਜ ਵੀਰਵਾਰ ਨੂੰ ਸਵੇਰੇ ਖੰਨਾ ਪੁਲਿਸ ਵਲੋਂ ਉਸ ਦਾ ਪੋਸਟ ਮਾਰਟਮ ਕਰਵਾਇਆ ਗਿਆ।