
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਬਾਬਾ ਦਰਸ਼ਨ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ....
ਪਾਇਲ, ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਬਾਬਾ ਦਰਸ਼ਨ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਏ। ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਗੁਰਮਤਿ ਕੀਰਤਨ ਟਕਸਾਲ ਢੱਕੀ ਸਾਹਿਬ ਦੇ ਵਿਦਿਆਰਥੀਆਂ ਨੇ ਤੇਰਾ ਕੀਆ ਮੀਠਾ ਲਾਗੇ ਸ਼ਬਦ ਪੜ ਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਬਾਬਾ ਦਰਸ਼ਨ ਸਿੰਘ ਖਾਲਸਾ ਨੇ ਕਥਾ ਕੀਰਤਨ ਕਰਦਿਆਂ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਾਸਾਨੀ ਸ਼ਹੀਦੀ ਹੈ, ਜਿਨ੍ਹਾਂ ਨੇ ਸਿੱਖ ਕੌਮ ਵਿਚ ਸ਼ਹੀਦੀ ਪ੍ਰੰਪਰਾਂ ਦਾ ਮੁੱਢ ਬੰਨਿਆ। ਜੇਕਰ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀਆਂ ਤਵੀਆਂ ਤੇ ਬੈਠ ਕੇ ਅਤੇ ਗਰਮ ਗਰਮ ਰੇਤ ਸ਼ੀਸ਼ ਵਿਚ ਪਵਾ ਕੇ ਸ਼ਹੀਦੀ ਨਾ ਦਿੰਦੇ ਤੇ ਜਾਲਮ ਦੇ ਹਰ ਜ਼ੁਲਮ ਨੂੰ ਖਿੜੇ ਮੱਥੇ ਨਾਂ ਕਬੂਲ ਕਰਦੇ ਤਾਂ ਅੱਜ ਸਾਡਾ ਇਤਿਹਾਸ ਕੁਝ ਹੋਰ ਹੋਣਾ ਸੀ।
ਪੰਜਾਂ ਪਿਆਰਿਆਂ ਵੱਲੋਂ ਤਿਆਰ ਕੀਤੇ ਗਏ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਵੱਡੀ ਗਿਣਤੀ ਵਿਚ ਪ੍ਰਾਣੀ ਗੁਰੂ ਵਾਲੇ ਬਣੇ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਸਮਾਗਮ ਵਿਚ ਹਜ਼ਾਰਾਂ ਦੀ ਤਦਾਦ ਵਿਚ ਪੁੱਜੀ ਸੰਗਤ ਤੋਂ ਇਲਾਵਾ ਗਿਆਨੀ ਗੁਰਦੀਪ ਸਿੰਘ ਮੁਦਕੀ, ਬਾਬਾ ਗੁਰਤੇਜ ਸਿੰਘ ਕਣਕਵਾਲ, ਜਥੇਦਾਰ ਰਾਜਾ ਰਾਜ ਸਿੰਘ ਕੜੈਲ, ਬਾਬਾ ਬਲਵਿੰਦਰ ਸਿੰਘ ਝੰਡੇਰ, ਡਾਕਟਰ ਕਮਲਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋਫੈਸਰ ਅਰਸ਼ਪ੍ਰੀਤ ਸਿੰਘ ਰਿਦਮ, ਭਾਈ ਸੁਰਜੰਤ ਸਿੰਘ ਸਲੇਮਪੁਰ, ਅਮਰਜੀਤ ਸਿੰਘ,
ਬਲਵੰਤ ਸਿੰਘ ਮਾਂਗਟ ਭਰਾ ਬੇਗੋਵਾਲ, ਭਾਈ ਪ੍ਰਿਤਪਾਲ ਸਿੰਘ ਲੋਪੋਂ ਆਦਿ ਹਾਜ਼ਿਰ ਸਨ। ਸ਼੍ਰੋਮਣੀ ਸੰਤ ਖਾਲਸਾ ਦਲ ਨਾਭਾ ਵੱਲੋਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦਾ ਬੜਾ ਸੁਚੱਜਾ ਪ੍ਰਬੰਧ ਕੀਤਾ ਹੋਇਆ ਸੀ। ਸਮਾਗਮ ਵਿਚ ਪੁੱਜੀਆਂ ਸ਼ਖਸ਼ੀਅਤਾਂ ਅਤੇ ਸੰਗਤਾਂ ਦਾ ਭਾਈ ਗੁਰਦੀਪ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ।