
ਨਵੀਂ ਦਿੱਲੀ, 17
ਸਤੰਬਰ (ਸੁਖਰਾਜ ਸਿੰਘ): ਗੁਰਦਵਾਰਾ ਬੰਗਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦਵਾਰਾ
ਪ੍ਰਬੰਧਕ ਕਮੇਟੀ ਵਲੋਂ ''ਗੁਰੂ ਲਾਧੋ ਰੇ'' ਗੁਰਮਤਿ ਸਮਾਗਮ ਕਰਵਾਇਆ ਗਿਆ। ਇਹ ਸਮਾਗਮ
ਘੁਮੰਤਰੂ ਸਮਾਜ, ਲੁਬਾਣਾ, ਸਿਕਲੀਘਰ, ਵਣਜਾਰੇ, ਮਜ੍ਹਬੀ ਸਿੱਖ ਆਦਿ ਕੌਮਾਂ ਦੇ
ਮਹਾਂਪੁਰਸ਼ਾਂ ਵਲੋਂ ਪੁਰਾਤਨ ਸਮੇਂ ਦੌਰਾਨ ਸਿੱਖ ਇਤਿਹਾਸ ਨੂੰ ਸੁਰਜੀਤ ਕਰਨ 'ਚ ਪਾਏ ਗਏ
ਯੋਗਦਾਨ ਦੀ ਯਾਦ 'ਚ ਕਰਵਾਇਆ ਗਿਆ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸ਼੍ਰੋਮਣੀ ਕਮੇਟੀ ਦੀ
ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਸਣੇ
ਵੱਖ-ਵੱਖ ਆਗੂਆਂ ਨੇ ਸੰਗਤਾਂ ਨੂੰ ਸੰਬੋਧਤ ਕੀਤਾ।
ਜਥੇਦਾਰ ਨੇ ਘੁਮੰਤਰੂ ਸਮਾਜ
ਦੇ ਭਲਾਈ ਕਾਰਜਾਂ ਲਈ ਟ੍ਰਸ਼ਟ ਬਣਾਉਣ ਦੀ ਵਕਾਲਤ ਕਰਦੇ ਹੋਏ ਦਿੱਲੀ ਕਮੇਟੀ ਵਲੋਂ ਸਮਾਜ
ਨੂੰ ਗੱਲਵਕੜੀ ਵਿਚ ਲੈਣ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ। ਸ. ਜੀ.ਕੇ. ਨੇ
ਬਾਬਾ ਮੱਖਣ ਸ਼ਾਹ ਲੁਬਾਣਾ ਦੇ ਨਾਮ 'ਤੇ ਕਿੱਤਾ ਮੁੱਖੀ ਕੋਰਸਾਂ ਦੀ ਸਿਖਲਾਈ ਦਾ ਕੇਂਦਰ
ਖੋਲਣ ਦਾ ਐਲਾਨ ਕਰਦੇ ਹੋਏ ਘੁਮੰਤਰੂ ਸਮਾਜ ਦੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਦੇ
ਵਾਸਤੇ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿਤਾ। ਉਨ੍ਹਾਂ ਨੇ ਅਮੀਰ ਤੇ ਰਸੂਖਦਾਰ ਸਿੱਖਾਂ
ਨੂੰ ਘੁਮੰਤਰੂ ਸਮਾਜ ਦੇ ਬੱਚਿਆਂ ਦੀ ਬਾਂਹ ਫੜਨ ਲਈ ਨੌਕਰੀ ਆਦਿ ਦਾ ਪ੍ਰਬੰਧ ਕਰਨ ਦੀ
ਅਪੀਲ ਕੀਤੀ। ਬੀਬੀ ਜਗੀਰ ਕੌਰ ਨੇ ਘੁਮੰਤਰੂ ਸਮਾਜ ਨੂੰ ਸਿੱਖੀ ਦੀ ਮੁਖਧਾਰਾ 'ਚ ਸ਼ਾਮਲ
ਹੋਣ ਦਾ ਸੱਦਾ ਦਿੰਦੇ ਹੋਏ ਡੇਰੇਵਾਦ ਖਿਲਾਫ ਜੰਮ ਕੇ ਤਕਰੀਰ ਕੀਤੀ। ਕੁਲਮੋਹਨ ਸਿੰਘ ਨੇ
ਭਾਈ ਮੱਖਣ ਸ਼ਾਹ ਲੁਬਾਣਾ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ
ਦੇ ਨੌਵੇਂ ਗੁਰੂ ਦੇ ਰੂਪ 'ਚ ਪ੍ਰਗਟ ਹੋਣ ਦਾ ਹਵਾਲਾ ਦਿਤਾ।
ਇਸ ਮੌਕੇ ਘੁਮੰਤਰੂ
ਸਮਾਜ ਦੇ ਅਮਰੀਕਾ ਵਿਚਲੇ ਆਗੂ ਰਘਬੀਰ ਸਿੰਘ ਬੱਬੀ, ਦਲੇਰ ਸਿੰਘ, ਗਰੀਬ ਸਿੰਘ ਪਿਹੋਵਾ,
ਮਾਸਟਰ ਮੋਹਿੰਦਰ ਸਿੰਘ, ਰਘਬੀਰ ਸਿੰਘ ਸੁਬਾਨਪੁਰ, ਸਤਨਾਮ ਸਿੰਘ ਪਹਿਲਵਾਨ, ਮਾਸਟਰ ਹਰਜੀਤ
ਸਿੰਘ, ਬਲਦੇਵ ਸਿੰਘ ਗਿਲਜ਼ੀਆਂ, ਗੁਰਮੀਤ ਸਿੰਘ, ਮੋਹਿੰਦਰ ਸਿੰਘ ਮਹਿਤਪੁਰ, ਡਾ. ਨਵਤੇਜ
ਸਿੰਘ ਤੇ ਗਿਆਨੀ ਜਸਪਾਲ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ।