
ਪੇਸ਼ੇ ਤੋਂ ਦੋਵੇਂ ਹਨ ਡਰਾਈਵਰ
ਖੰਨਾ: ਖੰਨਾ ਪੁਲਿਸ ਨੇ ਦੋ ਅਜਿਹੇ ਸਮੱਗਲਰ ਫੜੇ ਹਨ, ਜਿਨ੍ਹਾਂ ਦਾ ਸਮਾਜਿਕ ਕਿੱਤਾ ਡਰਾਈਵਰੀ ਸੀ ਪਰ ਉਨ੍ਹਾਂ ਦਾ ਅਸਲ ਧੰਦਾ ਨਸ਼ਾ ਤਸਕਰੀ ਸੀ। ਪੁਲਿਸ ਨੇ ਇਨ੍ਹਾਂ ਸਮੱਗਲਰਾਂ ਨੂੰ ਕਾਬੂ ਕਰਨ 'ਤੇ ਇਨ੍ਹਾਂ ਦੇ ਕਬਜ਼ੇ 'ਚੋਂ 4 ਕਿਲੋ 700 ਗ੍ਰਾਮ ਅਫੀਮ, 30 ਕਿਲੋ ਚੂਰਾ ਪੋਸਤ ਤੋਂ ਇਲਾਵਾ ਇਕ ਟਰੱਕ ਅਤੇ ਇਕ ਬ੍ਰੇਜ਼ਾ ਕਾਰ ਬਰਾਮਦ ਕੀਤੀ ਹੈ। ਇਹ ਮੁਲਜ਼ਮ ਗੱਡੀਆਂ ਦੀ ਵਰਤੋਂ ਨਸ਼ਾ ਤਸਕਰੀ ਲਈ ਕਰਦੇ ਸਨ। ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚ ਵੀ ਇਨ੍ਹਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਸੂਬੇ 'ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਠੰਡ ਦਾ ਹੋਇਆ ਅਹਿਸਾਸ
ਪੁਲਿਸ ਨੇ ਪੂਰੇ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਮੁਲਜ਼ਮਾਂ ਦੀ ਪਛਾਣ ਧਰਮਿੰਦਰ ਸਿੰਘ ਵਾਸੀ ਪਿੰਡ ਮਨਾਲ ਜ਼ਿਲ੍ਹਾ ਬਰਨਾਲਾ ਅਤੇ ਜਸਵੀਰ ਸਿੰਘ ਜੱਸਾ ਵਾਸੀ ਕੰਗ ਮੁਹੱਲਾ ਸਮਰਾਲਾ ਵਜੋਂ ਹੋਈ ਹੈ। ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਸਪੀ (ਆਈ) ਡਾ. ਪ੍ਰਗਿਆ ਜੈਨ ਅਤੇ ਸੀਆਈਏ ਸਟਾਫ਼ ਇੰਚਾਰਜ ਅਮਨਦੀਪ ਸਿੰਘ ਦੀ ਟੀਮ ਨੇ ਮੁਲਜ਼ਮਾਂ ਨੂੰ ਪਿੰਡ ਬਲੀਆਂ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਉਸ ਸਮੇਂ ਟਰੱਕ 'ਚ 30 ਕਿਲੋ ਭੁੱਕੀ ਵਾਲਾ ਜਦਕਿ ਬ੍ਰੇਜਾ ਕਾਰ 'ਚ ਬੈਗ ਰੱਖਿਆ ਜਾ ਰਿਹਾ ਸੀ। ਮੌਕੇ ਤੋਂ ਪੁਲਿਸ ਨੂੰ ਟਰੱਕ 'ਚੋਂ 30 ਕਿਲੋ ਭੁੱਕੀ ਅਤੇ 1 ਕਿਲੋ 700 ਗ੍ਰਾਮ ਅਫੀਮ ਬਰਾਮਦ ਹੋਈ।
ਇਹ ਵੀ ਪੜ੍ਹੋ: ਝੁੱਗੀ ਨੂੰ ਲੱਗੀ ਅੱਗ, ਸੁੱਤੇ ਪਏ ਮਾਂ ਸਮੇਤ ਜ਼ਿੰਦਾ ਸੜੇ 5 ਮਾਸੂਮ ਬੱਚੇ
ਦੋ ਦਿਨ ਦੇ ਰਿਮਾਂਡ ਦੌਰਾਨ ਪੁਲਿਸ ਨੇ ਧਰਮਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਸਮਰਾਲਾ ਦੇ ਮਾਛੀਵਾੜਾ ਰੋਡ 'ਤੇ ਛੁਪਾ ਕੇ ਰੱਖੀ 3 ਕਿਲੋ ਅਫੀਮ ਬਰਾਮਦ ਕੀਤੀ। ਇਸ ਮਾਮਲੇ ਵਿਚ ਹੁਣ ਤੱਕ ਕੁੱਲ 4 ਕਿਲੋ 700 ਗ੍ਰਾਮ ਅਫੀਮ ਅਤੇ 30 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ।
ਮੁਲਜ਼ਮ ਕਰੀਬ 5 ਸਾਲਾਂ ਤੋਂ ਨਸ਼ੇ ਦੀ ਤਸਕਰੀ ਕਰ ਰਹੇ ਸਨ।। ਸਾਲ 2019 ਵਿਚ ਧਰਮਿੰਦਰ ਸਿੰਘ ਖ਼ਿਲਾਫ਼ ਬਰਨਾਲਾ ਦੇ ਠੁੱਲੀਵਾਲ ਥਾਣੇ ਵਿਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਜਸਵੀਰ ਸਿੰਘ ਜੱਸਾ ਖ਼ਿਲਾਫ਼ ਸਾਲ 2019 ਵਿਚ ਸਮਰਾਲਾ ਥਾਣੇ ਵਿਚ ਨਸ਼ਾ ਤਸਕਰੀ ਦਾ ਕੇਸ ਵੀ ਦਰਜ ਕੀਤਾ ਗਿਆ ਸੀ