
ਜੈਸ਼ ਦੇ ਚਾਰ ਅਤਿਵਾਦੀ ਗਿ੍ਫ਼ਤਾਰ
ਪੰਜਾਬ, ਜੰਮੂ ਤੇ ਯੂ.ਪੀ. ਸਮੇਤ ਰਾਮ ਮੰਦਰ ਨੂੰ ਬਣਾਇਆ ਜਾਣਾ ਸੀ ਨਿਸ਼ਾਨਾ
ਜੰਮੂ, 14 ਅਗੱਸਤ : ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦੇਸ਼ ਨੂੰ ਦਹਿਲਾਉਣ ਦੀ ਸਾਜ਼ਸ਼ ਇਕ ਵਾਰ ਫਿਰ ਨਾਕਾਮ ਕਰ ਦਿਤੀ ਗਈ ਹੈ | ਜੰਮੂ-ਕਸ਼ਮੀਰ ਪੁਲਿਸ ਨੇ ਸਨਿਚਰਵਾਰ ਨੂੰ ਜੈਸ਼-ਏ-ਮੁਹੰਮਦ ਸਮੂਹ ਦੇ 4 ਅਤਿਵਾਦੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦਸਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਸੁਤੰਤਰਤਾ ਦਿਵਸ ਮੌਕੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ | ਇਨ੍ਹਾਂ ਅਤਿਵਾਦੀਆਂ ਕੋਲੋਂ ਹਥਿਆਰਾਂ ਸਮੇਤ ਵੱਡੀ ਗਿਣਤੀ 'ਚ ਵਿਸਫੋਟਕ ਸਮੱਗਰੀ ਮਿਲੀ ਹੈ |
ਮੀਡੀਆ ਰੀਪੋਰਟ ਮੁਤਾਬਕ, ਸ਼ੁਰੂਆਤੀ ਪੁਛਗਿਛ 'ਚ ਅਤਿਵਾਦੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ 'ਚ ਬੈਠੇ ਆਗੂਆਂ ਕੋਲੋਂ ਨਿਰਦੇਸ਼ ਮਿਲੇ ਸਨ | ਪੰਜਾਬ, ਜੰਮੂ ਅਤੇ ਯੂ.ਪੀ. 'ਚ ਹਮਲੇ ਦੀ ਸਾਜ਼ਸ਼ ਰਚੀ ਗਈ ਸੀ | ਅਯੁਧਿਆ ਦਾ ਰਾਮ ਮੰਦਰ ਵੀ ਇਨ੍ਹਾਂ ਦੇ ਨਿਸ਼ਾਨੇ 'ਤੇ ਸੀ | ਅਯੁੱਧਿਆ 'ਚ ਰੇਕੀ ਕੀਤੀ ਗਈ ਸੀ | ਇਨ੍ਹਾਂ ਦੀ ਸਾਜ਼ਸ਼ ਭੀੜ ਭਰੇ ਇਲਾਕਿਆਂ 'ਚ ਧਮਾਕੇ ਕਰਨ ਦੀ ਸੀ | ਪੁਲਿਸ ਦੇ ਇਕ ਬੁਲਾਰੇ ਨੇ ਦਸਿਆ ਕਿ ਜ਼ਿਲ੍ਹੇ 'ਚ ਅਤਿਵਾਦੀਆਂ ਦੀ ਮੌਜੂਦਗੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਾਰੀ ਮੁਹਿੰਮ ਤਹਿਤ
ਜੰਮੂ ਪੁਲਿਸ ਨੇ ਉਤਰ ਪ੍ਰਦੇਸ਼ ਦੇ ਇਕ ਨਿਵਾਸੀ ਸਮੇਤ ਜੈਸ਼ ਦੇ ਚਾਰ ਅਤਿਵਾਦੀਆਂ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਕਿਹਾ, ''ਉਹ ਡਰੋਨ ਰਾਹੀਂ ਸੁੱਟੇ ਗਏ ਹਥਿਆਰਾਂ ਨੂੰ ਇਕੱਠਾ ਕਰਨ ਅਤੇ ਕਸ਼ਮੀਰ ਘਾਟੀ ਵਿਚ ਜੈਸ਼ ਏ ਮੁਹੰਮਦ ਦੇ ਸਰਗਰਮ ਅਤਿਵਾਦੀਆਂ ਨੂੰ ਸਪਲਾਈ ਕਰਨ ਦੀ ਸਾਜਸ਼ ਰਚ ਰਹੇ ਸਨ | ਉਹ ਨਾਲ ਹੀ 15 ਅਗੱਸਤ ਤੋਂ ਪਹਿਲਾਂ ਜੰਮੂ 'ਚ ਵਾਹਨ ਵਿਚ ਆਈ.ਈ.ਡੀ. ਲਾਉਣ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਅਹਿਮ ਟੀਚਿਆਂ ਦੀ ਰੇਕੀ ਕਰਨ ਦੀ ਯੋਜਨਾ ਬਣਾ ਰਹੇ ਸਨ |'' ਬੁਲਾਰੇ ਨੇ ਦਸਿਆ ਕਿ ਪਿ੍ਚੂ ਪੁਲਵਾਮਾ ਨਿਵਾਸੀ ਅਤੇ ਜੈਸ਼ ਏ ਮੁਹੰਮਦ ਮੈਂਬਰ ਮੁੰਤਜਿਰ ਮੰਜੂਰ ਉਰਫ਼ ਸੈਫ਼ੁੱਲਾ ਨੂੰ ਇਸ ਕੜੀ ਵਿਚ ਸੱਭ ਤੋਂ ਪਹਿਲਾਂ ਗਿ੍ਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਇਕ ਪਿਸਤੌਲ, ਇਕ ਮੈਗਜ਼ੀਨ, ਅੱਠ ਕਾਰਤੂਸ ਅਤੇ ਦੋ ਚੀਨੀ ਹੱਥਗੋਲੇ ਜ਼ਬਤ ਕੀਤੇ ਗਏ |
(ਏਜੰਸੀ)