
ਕਿਹਾ, ਅਫ਼ਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਿਆਉਂਦੇ ਹਾਂ ਤਾਂ ਪੂਰਾ ਦੇਸ਼ ਮਾਣ ਮਹਿਸੂਸ ਕਰਦਾ ਹੈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਵਲੋਂ ਕੋਵਿਡ ਕਾਲ ਦੌਰਾਨ ਦੁਨੀਆਂ ਭਰ ’ਚ ਲੰਗਰ ਲਾ ਕੇ ਲੋਕਾਂ ਦੀ ਮਦਦ ਕਰਨ ਦੀ ਭਰਵੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸਿੱਖਾਂ ਨੇ ਦੇਸ਼ ਦਾ ਸੀਨਾ ਮਾਣ ਨਾਲ ਚੌੜਾ ਕਰ ਦਿਤਾ ਹੈ। 77ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਦੇਸ਼ ਦੀ ਏਕਤਾ ਬਾਰੇ ਗੱਲ ਕਰਦਿਆਂ ਕਿਹਾ, ‘‘ਜਦੋਂ ਅੱਜ ਦੁਨੀਆਂ ਦੇ ਕਿਸੇ ਦੇਸ਼ ’ਚ ਕੋਵਿਡ ਕਾਲ ’ਚ ਮੇਰਾ ਕੋਈ ਸਿੱਖ ਭਰਾ ਲੰਗਰ ਲਾਉਂਦਾ ਹੈ, ਭੁੱਖਿਆਂ ਨੂੰ ਖਵਾਉਂਦਾ ਹੈ ਅਤੇ ਦੁਨੀਆਂ ’ਚ ਵਾਹ-ਵਾਹੀ ਹੁੰਦੀ ਹੈ ਤਾਂ ਹਿੰਦੁਸਤਾਨ ਦਾ ਸੀਨਾ ਚੌੜਾ ਹੋ ਜਾਂਦਾ ਹੈ।’’
ਇਹ ਵੀ ਪੜ੍ਹੋ: ਸੁਤੰਤਰਤਾ ਦਿਵਸ: ਹਰ ਘਰ 'ਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਦੇ ਨਾਂ 'ਤੇ ਰਿਕਾਰਡ, 8.8 ਕਰੋੜ ਲੋਕਾਂ ਨੇ ਅਪਲੋਡ ਕੀਤੀ ਸੈਲਫੀ
ਉਨ੍ਹਾਂ ਕਿਹਾ, ‘‘ਜਦੋਂ ਮੈਂ ਏਕਤਾ ਦੀ ਗੱਲ ਕਰਦਾ ਹਾਂ ਤਾਂ ਜੇਕਰ ਘਟਨਾ ਮਨੀਪੁਰ ਦੀ ਹੁੰਦੀ ਹੈ ਤਾਂ ਦਰਦ ਮਹਾਰਾਸ਼ਟਰ ’ਚ ਹੁੰਦਾ ਹੈ, ਜੇਕਰ ਹੜ੍ਹ ਅਸਮ ’ਚ ਆਉਂਦਾ ਹੈ ਤਾਂ ਬੇਚੈਨ ਕੇਰਲ ਹੋ ਜਾਂਦਾ ਹੈ। ਹਿੰਦੁਸਤਾਨ ਦੇ ਕਿਸੇ ਵੀ ਹਿੱਸੇ ’ਚ ਕੁਝ ਵੀ ਹੋਵੋ, ਅਸੀਂ ਇਕ ਅੰਗਦਾਨ ਦੇ ਭਾਵ ਨੂੰ ਮਹਿਸੂਸ ਕਰਦੇ ਹਾਂ। ਮੇਰੇ ਦੇਸ਼ ਦੀਆਂ ਬੇਟੀਆਂ ’ਤੇ ਜ਼ੁਲਮ ਨਾ ਹੋਣ, ਇਹ ਸਾਡਾ ਸਮਾਜਕ ਫ਼ਰਜ਼ ਵੀ ਹੈ, ਇਹ ਸਾਡਾ ਪ੍ਰਵਾਰਕ ਫ਼ਰਜ਼ ਵੀ ਹੈ ਅਤੇ ਇਹ ਦੇਸ਼ ਦੇ ਨਾਡੇ ਸਾਡਾ ਸਾਰਿਆਂ ਦਾ ਫ਼ਰਜ਼ ਹੈ।’’
ਇਹ ਵੀ ਪੜ੍ਹੋ: ਰੂਸ : ਦਾਗਿਸਤਾਨ ਦੇ ਇਕ ਗੈਸ ਸਟੇਸ਼ਨ ’ਚ ਭਿਆਨਕ ਧਮਾਕੇ ’ਚ 33 ਲੋਕਾਂ ਦੀ ਮੌਤ
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘‘ਅੱਜ ਜਦੋਂ ਅਫ਼ਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਿਆਉਂਦੇ ਹਾਂ ਤਾਂ ਪੂਰਾ ਦੇਸ਼ ਮਾਣ ਮਹਿਸੂਸ ਕਰਦਾ ਹੈ।’’ ਜ਼ਿਕਰਯੋਗ ਹੈ ਕਿ ਇਸ ਸਾਲ ਫ਼ਰਵਰੀ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਅਫ਼ਗਾਨਿਸਤਾਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪਾਂ ਨੂੰ ਹਵਾਈ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ। ਅਫ਼ਗਾਨਿਸਤਾਨ ਵਿਚ ਮੌਜੂਦਾ ਸਰਕਾਰ ਵੱਲੋਂ ਲਗਾਈਆਂ ਗਈਆਂ ਰੋਕਾਂ ਕਾਰਨ ਇਨ੍ਹਾਂ ਪਾਵਨ ਸਰੂਪਾਂ ਨੂੰ ਪਿਛਲੇ ਸਾਲ ਸਤੰਬਰ ਵਿਚ ਨਹੀਂ ਲਿਆਂਦਾ ਜਾ ਸਕਿਆ ਸੀ, ਜਿਸ ਦੀ ਕਰੜੀ ਨਿੰਦਾ ਹੋਈ ਸੀ।