ਆਰਡੀਨੈਂਸ ਜਾਰੀ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਭਰੋਸੇ 'ਚ ਨਾ ਲੈਣ ਦਾ ਲਾਇਆ ਦੋਸ਼
ਚੰਡੀਗੜ੍ਹ : ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਸੰਸਦ 'ਚ 'ਜ਼ਰੂਰੀ ਵਸਤਾਂ ਸੋਧ ਬਿੱਲ-2020' ਪਾਸ ਹੋ ਗਿਆ ਹੈ। ਇਹ ਬਿੱਲ ਉਨ੍ਹਾਂ ਤਿੰਨ ਆਰਡੀਨੈਂਸਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਪਿਛਲੇ ਦਿਨਾਂ ਦੌਰਾਨ ਕੇਂਦਰ ਸਰਕਾਰ ਨੇ ਜਾਰੀ ਕੀਤਾ ਸੀ। ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ਼ ਪੰਜਾਬ, ਹਰਿਆਣਾ ਦੇ ਕਿਸਾਨ ਸੜਕਾਂ 'ਤੇ ਹਨ। ਇਸੇ ਐਨ ਮੌਕੇ 'ਤੇ ਪਲਟੀ ਮਾਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਪਾਰਟੀ ਹੋਣ ਦੇ ਨਾਤੇ ਉਹ ਅਜਿਹੀ ਕਿਸੇ ਵੀ ਚੀਜ਼ ਦੀ ਹਮਾਇਤ ਨਹੀਂ ਕਰ ਸਕਦੇ, ਜੋ ਦੇਸ਼, ਖ਼ਾਸ ਤੌਰ 'ਤੇ ਪੰਜਾਬ ਦੇ ਅੰਨਦਾਤਾ (ਕਿਸਾਨ) ਦੇ ਹਿਤਾਂ ਦੇ ਵਿਰੁਧ ਹੋਵੇ। ਲੋਕ ਸਭਾ 'ਚ ਦਿਤੇ ਅਪਣੇ ਭਾਸ਼ਨ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦਾ ਹੀ ਸੰਗਠਨ ਹੈ। ਹਰ ਅਕਾਲੀ ਇਕ ਕਿਸਾਨ ਹੈ ਤੇ ਹਰ ਕਿਸਾਨ ਦਿਲੋਂ ਇਕ ਅਕਾਲੀ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਕਿਸਾਨਾਂ ਵਾਸਤੇ ਲੜਾਈ ਲੜੀ ਹੈ ਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਸਰਵਉਚ ਕੁਰਬਾਨੀਆਂ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਤੇ ਉਨ੍ਹਾਂ ਦੇ ਸੰਗਠਨਾਂ ਨੂੰ ਨਾਲ ਨਾ ਲੈ ਕੇ ਬਹੁਤ ਵੱਡੀ ਗ਼ਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸ ਤਿਆਰ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਰਡੀਨੈਂਸ ਜਾਰੀ ਹੋਏ ਹਨ, ਅਸੀਂ ਸਰਕਾਰ ਨੂੰ ਆਖ ਰਹੇ ਹਾਂ ਕਿ ਉਹ ਇਸ ਬਿੱਲ ਨੂੰ ਨਾ ਲਿਆਵੇ ਪਰ ਸਾਡੀ ਆਵਾਜ਼ ਸੁਣੀ ਨਹੀਂ ਗਈ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਆਰਡੀਨੈਂਸ ਡਰਾਫਟ ਕਰਦੇ ਵਕਤ ਅਕਾਲੀ ਦਲ ਨਾਲ ਇਸ ਸਬੰਧੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਬਾਦਲ ਨੇ ਅੱਗੇ ਕਿਹਾ ਕਿ ਸਾਡੇ ਵਾਰ ਵਾਰ ਮਨ੍ਹਾ ਕਰਨ ਦੇ ਬਾਵਜੂਦ ਵੀ ਇਸ ਆਰਡੀਨੈਂਸ ਨੂੰ ਨਾ ਲਿਆਂਦਾ ਜਾਵੇ ਪਰ ਉਨ੍ਹਾਂ ਦੀ ਨਹੀਂ ਸੁਣੀ ਗਈ।
ਅਕਾਲੀ ਦਲ ਨੇ ਸੰਸਦ ਵਿਚ ਆਰਡੀਨੈਂਸ ਨੂੰ ਲੈ ਕੇ ਭਾਜਪਾ ਦੇ ਵਿਰੁੱਧ ਵੋਟ ਦਿਤੀ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਸ਼ੰਕਾ ਦੂਰ ਕੀਤੇ ਬਿਨਾਂ ਆਰਡੀਨੈਂਸ ਨੂੰ ਪਾਸ ਕਰ ਦਿਤਾ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਸਮੇਤ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ 'ਤੇ ਵੀ ਨਿਸ਼ਾਨਾ ਸਾਧਦਿਆਂ ਵੋਟ ਪਾਉਣ ਸਮੇਂ ਪਾਰਲੀਮੈਂਟ ਤੋਂ ਖਿਸਕ ਜਾਣ ਦਾ ਦੋਸ਼ ਲਾਇਆ ਹੈ।