ਸਿੱਖ ਸੰਗਤਾਂ ਉਹਨਾਂ ਸਮਾਂ ਧਰਨੇ ਤੋਂ ਨਹੀਂ ਉੱਠਣਗੀਆਂ ਜਿਨ੍ਹਾਂ ਸਮਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ।
ਅੰਮ੍ਰਿਤਸਰ - ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੀ ਪੜਤਾਲ ਵਿਚ ਪਾਏ ਗਏ ਦੋਸ਼ੀਆਂ ਖ਼ਿਲਾਫ਼ ਪੁਲਿਸ ਕੇਸ ਦਰਜ ਕਰਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਸਤਿਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ ਨੇ ਹਰਿਮੰਦਰ ਸਾਹਿਬ ਸਮੂਹ ਸਥਿਤ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਹੈ।
ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਕਾਰਕੁਨ ਮੁੱਖ ਦਫਤਰ ਦੇ ਦਰਵਾਜ਼ੇ ਦੇ ਬਾਹਰ ਪੱਕਾ ਧਰਨਾ ਲਾ ਕੇ ਬੈਠ ਗਏ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਪੂਰੀਆਂ ਹੋਣ ਤਕ ਸੰਘਰਸ਼ ਜਾਰੀ ਰਹੇਗਾ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ 11 ਮੈਂਬਰੀ ਕਮੇਟੀ ਵਿਚਾਲੇ ਮੀਟਿੰਗ ਬੇਸਿੱਟਾ ਰਹੀ ਅਤੇ ਇਸ ਤੋਂ ਬਾਅਦ ਪੱਕੇ ਧਰਨੇ ਦਾ ਐਲਾਨ ਕੀਤਾ ਗਿਆ।
ਦੱਸ ਦਈਏ ਕਿ ਲਾਪਤਾ ਸਰੂਪਾਂ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਨ ਵਾਲਿਆਂ ’ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਲਾਠੀਚਾਰਜ ਵੀ ਕੀਤਾ, ਜਿਸ ਵਿਚ ਕਈ ਜ਼ਖ਼ਮੀ ਵੀ ਹੋ ਗਏ। ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ ਦੇਣ ਵਾਲੇ ਕੁਝ ਵਿਅਕਤੀਆਂ ਨਾਲ ਹੋਈ ਤਕਰਾਰ ਤੋਂ ਬਾਅਦ ਸ਼ੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਲਾਠੀਚਾਰਜ ਕਰਕੇ ਧਰਨਾਕਾਰੀਆਂ ਨੂੰ ਖਦੇੜ ਦਿੱਤਾ।
ਧਰਨਾਕਾਰੀਆਂ ਵਿੱਚ ਵਧੇਰੇ ਨਿਹੰਗ ਸਿੰਘ ਸਨ, ਜਿਨ੍ਹਾਂ ਵਿੱਚੋਂ ਕੁੱਝ ਨੂੰ ਸੱਟਾਂ ਵੀ ਲੱਗੀਆਂ ਹਨ। ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਪੁਲਿਸ ਕੇਸ ਦਰਜ ਕਰਨ ਦੀ ਮੰਗ ਲਈ ਸਤਿਕਾਰ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਇਸ ਪਾਸੇ ਨੂੰ ਆਉਣ ਵਾਲੇ ਰਸਤਿਆਂ ’ਤੇ ਟੀਨ ਲਾ ਕੇ ਰਸਤੇ ਬੰਦ ਕਰ ਦਿੱਤੇ ਸਨ। ਕੱਲ੍ਹ ਤੋਂ ਬੈਠੇ ਧਰਨਾਕਾਰੀ ਦੋਸ਼ੀਆਂ ਖ਼ਿਲਾਫ਼ ਪੁਲਿਸ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਕ ਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਅੱਜ ਸੰਗਤਾਂ ਬੈਠੀਆਂ ਜਾਪ ਕਰ ਰਹੀਆਂ ਸਨ ਤੇ ਟਾਸਕ ਫੋਰਸ ਨੇ ਆ ਕੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਲਾਠੀਚਾਰਜ ਵਿਚ ਨਿਹੰਗ ਦੇ ਸਿਰ ਵਿਚ ਬਰਸ਼ਾ ਮਾਰਿਆ ਗਿਆ ਜਿਸ ਨਾਲ ਉਸ ਦੇ ਸਿਰ ਵਿਚੋਂ ਕਾਫ਼ੀ ਖੂਨ ਬਹਿ ਪਿਆ। ਨਿਹੰਗ ਸਿੰਘ ਦੇ ਕਾਫ਼ੀ ਜਖ਼ਮੀ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਇਕ ਹੋਰ ਸਿੱਖ ਨੌਜਵਾਨ ਨੇ ਕਿਹਾ ਕਿ ਸੰਗਤਾਂ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਤੋਂ ਸਿਰਫ਼ ਇਕ ਸਵਾਲ ਦਾ ਜਵਾਬ ਮੰਗ ਰਹੀਆਂ ਹਨ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸ ਨੇ ਅਤੇ ਕਿਸ ਦੇ ਕਹਿਣ ਤੇ ਦਿੱਤੇ ਗਏ। ਉਹਨਾਂ ਕਿਹਾ ਕਿ ਸੰਗਤਾਂ ਇਸ ਗੱਲ ਦਾ ਜਵਾਬ ਜਨਤਕ ਤੌਰ 'ਤੇ ਚਾਹੁੰਦੇ ਹਨ। ਨੌਜਵਾਨ ਨੇ ਕਿਹਾ ਕਿ ਸੰਗਤਾਂ ਇਹ ਚਾਹੁੰਦੀਆਂ ਹਨ ਕਿ ਜਿਨ੍ਹਾਂ ਨੇ ਇਹ ਸਰੂਪ ਗਾਇਬ ਕੀਤੇ ਹਨ ਉਹਨਾਂ 'ਤੇ ਐਫਆਈਆਰ ਦਰਜ ਹੋਵੇ।
ਉਸ ਨੇ ਕਿਹਾ ਕਿ ਐਫਆਈਆਰ ਦਰਜ ਨਾ ਕਰ ਕੇ ਸ਼੍ਰੋਮਣੀ ਕਮੇਟੀ ਨੇ ਯੂਟਰਨ ਇਸ ਕਰ ਕੇ ਲਿਆ ਹੈ ਕਿਉਂਕਿ ਜਿਹਨਾਂ ਮੁਲਾਜ਼ਮਾਂ ਨੇ ਸਰੂਪ ਗਾਇਬ ਕੀਤੇ ਹਨ ਉਹਨਾਂ ਨੇ ਅਕਾਲੀ ਲੀਡਰਾਂ ਨੂੰ ਧਮਕੀ ਦਿੱਤੀ ਹੈ ਕਿ ਜੇ ਉਹਨਾਂ ਨੇ ਐਫਆਈਆਰ ਦਰਜ ਕੀਤੀ ਤਾਂ ਉਹ ਮੀਡੀਆ ਸਾਹਮਣੇ ਇਹ ਸਭ ਜਨਤਕ ਕਰ ਦੇਣਗੇ ਕਿ ਸਰੂਪ ਕਿਸ ਮੈਂਬਰ ਨੇ ਤੇ ਕਿਉਂ ਗਾਇਬ ਕੀਤੇ। ਇਸ ਦੇ ਨਾਲ ਹੀ ਦੱਸ ਦਈਏ ਕਿ ਨੌਜਵਾਨ ਨੇ ਕਿਹਾ ਕਿ ਸਿੱਖ ਸੰਗਤਾਂ ਉਹਨਾਂ ਸਮਾਂ ਧਰਨੇ ਤੋਂ ਨਹੀਂ ਉੱਠਣਗੀਆਂ ਜਿਨ੍ਹਾਂ ਚਿਰ ਇਹ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ।