
ਬਜ਼ੁਰਗ ਸਿੱਖ ਪਿਛਲੇ 42 ਸਾਲ ਤੋਂ ਸਾਇਕਲ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਸੀ
ਚੰਡੀਗੜ੍ਹ - ਪੰਜਾਬ ਵਿਚ ਭਾਈਚਾਰਕ ਸਾਂਝ ਦੀਆਂ ਮਿਸਾਲਾਂ ਤਾਂ ਆਮ ਹੀ ਮਿਲ ਜਾਂਦੀਆਂ ਹਨ ਤੇ ਹੁਣ ਸਿੱਖ ਮੁਸਲਿਮ ਸਾਂਝਾਂ ਦਾ ਵਿਲੱਖਣ ਇਤਿਹਾਸ ਇਕ ਵਾਰ ਫਿਰ ਮੁੜ ਤੋਂ ਸੁਰਜੀਤ ਹੋ ਗਿਆ ਜਦੋਂ ਸਿੱਖ ਮੁਸਲਿਮ ਸਾਂਝਾਂ ਦੇ ਯਤਨਾਂ ਸਦਕਾ ਸ਼ਹਿਰ ਦੇ ਇਕ ਬਜ਼ੁਰਗ ਸਿੱਖ ਅਜੀਤ ਸਿੰਘ ਨੂੰ ਈ-ਰਿਕਸ਼ਾ ਲੈ ਕੇ ਦਿੱਤਾ ਗਿਆ।
ਅਜੀਤ ਸਿੰਘ ਪਿਛਲੇ 42 ਸਾਲ ਤੋਂ ਸਾਇਕਲ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਸੀ। ਅਸਲ ‘ਚ, ਲੌਕਡਾਊਨ ਦੌਰਾਨ ਸਿੱਖ ਮੁਸਲਿਮ ਸਾਂਝ ਵੱਲੋਂ ਰਾਸ਼ਨ ਵੰਡਿਆ ਜਾ ਰਿਹਾ ਸੀ। ਇਸੇ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ।
ਜਿਸ ਨੂੰ ਦੇਖ ਵਿਦੇਸ਼ ‘ਚ ਬੈਠੇ ਇਕ ਵਿਅਕਤੀ ਵੱਲੋਂ ਡਾ. ਨਸੀਰ ਅਖ਼ਤਰ ਮੂਹਰੇ ਉਸ ਬਜ਼ੁਰਗ ਰਿਕਸ਼ਾ ਚਾਲਕ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਗਈ ਜਿਸ ਤੋਂ ਬਾਅਦ ਵਿਦੇਸ਼ ‘ਚ ਬੈਠੇ ਵਿਅਕਤੀ ਵੱਲੋਂ ਨਸੀਰ ਅਖਤਰ ਜ਼ਰੀਏ ਬਜ਼ੁਰਗ ਰਿਕਸ਼ਾ ਚਾਲਕ ਦੀ ਜ਼ਿੰਦਗੀ ਸੁਖਾਲੀ ਬਣਾਉਣ ਲਈ ਈ- ਰਿਕਸ਼ਾ ਦਿੱਤਾ ਗਿਆ।
ਇਸ ਮੌਕੇ ਜਿਥੇ ਡਾ. ਨਸੀਰ ਅਖਤਰ ਨੇ ਇਕ ਵਾਰ ਫਿਰ ਸਿੱਖ ਮੁਸਲਿਮ ਸਾਂਝਾਂ ਦਾ ਵਰਕਾ ਫਰੋਲਿਆ ਅਤੇ ਮੌਕੇ ‘ਤੇ ਦਾਨੀ ਸੱਜਣ ਦੇ ਜਾਣਕਾਰ ਨੇ ਈ-ਰਿਕਸ਼ਾ ਦੇ ਕੇ ਕਿਹਾ ਕਿ ਉਹ ਕਾਫੀ ਖੁਸ਼ ਨੇ। ਫਿਲਹਾਲ ਜਿੱਥੇ ਈ-ਰਿਕਸ਼ਾ ਪ੍ਰਾਪਤ ਕਰਕੇ ਬਜ਼ੁਰਗ ਅਜੀਤ ਸਿੰਘ ਕਾਫੀ ਖੁਸ਼ ਹੈ ਤਾਂ ਉੱਥੇ ਹੀ ਲੋਕ ਸਿੱਖ ਮੁਸਲਿਮ ਸਾਂਝਾਂ ਫਾਉਂਡੇਸ਼ਨ ਦੀ ਲੋਕ ਕਾਫੀ ਸ਼ਲਾਘਾ ਕਰ ਰਹੇ ਹਨ।