
ਪੰਜਾਬ ਭਰ ਦੇ ਸਾਰੇ ਡਿਪੂਆਂ ਨੂੰ ਮੁਕੰਮਲ ਤੌਰ ’ਤੇ ਕੀਤਾ ਜਾਵੇਗਾ ਬੰਦ
ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਪੰਜਾਬ ਭਰ ਦੇ ਸਾਰੇ ਡਿਪੂਆਂ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਅਤੇ ਸਰਕਾਰ ਖਿਲਾਫ਼ ਵੱਡੇ ਸੰਘਰਸ਼ ਦੀ ਰਣਨੀਤੀ ਬਣਾਈ ਹੈ। ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਹਾਲੀ ਤੋਂ ਮੁੱਖ ਮੰਤਰੀ ਦੀ ਰਹਾਇਸ਼ ਵੱਲ ਮਾਰਚ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਬਟਾਲਾ ਰੋਡਵੇਜ਼ ਡਿਪੂ ਵਿਖੇ ਪ੍ਰਦਰਸ਼ਨ ਕਰ ਰਹੇ ਯੂਨੀਅਨ ਦੇ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਅਤੇ ਹੋਰਨਾਂ ਮੁਲਾਜ਼ਮਾਂ ਨੇ ਦੱਸਿਆ ਕਿ ਸਰਕਾਰ ਨੇ ਆਊਟਸੋਰਸ ’ਤੇ ਭਰਤੀ ਨਾ ਕਰਨ ਦੇ ਵਾਅਦੇ ਦੇ ਬਾਵਜੂਦ ਰੋਪੜ ਡਿਪੂ ’ਚ ਦੋ ਡਰਾਈਵਰ ਆਊਟਸੋਰਸ ਰਾਹੀਂ ਭਰਤੀ ਕੀਤੇ। ਯੂਨੀਅਨ ਨੇ ਐਲਾਨ ਸੀ ਕਿ ਜੇਕਰ ਉਹ ਭਰਤੀ ਦੁਪਹਿਰ ਤੱਕ ਰੱਦ ਨਾ ਹੋਈ ਤਾਂ ਉਹਨਾਂ ਵੱਲੋਂ ਪੰਜਾਬ ਭਰ ’ਚ ਹੜਤਾਲ ਕੀਤੀ ਜਾਵੇਗੀ।
ਉਹਨਾਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਭਰਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਕੇ, ਵਿਭਾਗ ਕੋਈ ਪਾਲਿਸੀ ਬਣਾਕੇ ਖੁਦ ਭਰਤੀ ਕਰੇ। ਇਸ ਤੋਂ ਇਲਾਵਾ ਸ਼ਰਤਾਂ ਲਾ ਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਅਤੇ ਲਾਈਆਂ ਸ਼ਰਤਾਂ ਨੂੰ ਰੱਦ ਕੀਤਾ ਜਾਵੇ। ਉਹਨਾਂ ਦੱਸਿਆ ਕਿ ਕਈ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਲਾਗੂ ਨਹੀਂ ਕੀਤਾ ਗਿਆ।
ਬਟਾਲਾ ਡਿਪੂ ਦੇ ਕੰਡਟਕਰ ਦੀ ਨਾਜਇਜ਼ ਤਰੀਕੇ ਨਾਲ ਇਨਕੁਆਰੀ ਕਰਕੇ ਦੋਸ਼ ਪਾਉਣ ਅਤੇ ਨਾਜਾਇਜ਼ ਧੱਕੇਸ਼ਾਹੀ ਨੂੰ ਬੰਦ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਸਮੂਹ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾਂ ਨਾਲ ਰੈਗੂਲਰ ਕੀਤਾ ਜਾਵੇ।