
ਅੱਜ ਕਲ ਪੰਜਾਬ ਰੋਡਵੇਜ਼ ਅਤੇ ਪੈਪਸੂ ਕਾਰਪੋਰੇਸ਼ਨ ਦੀਆਂ ਸਰਕਾਰੀ ਬੱਸਾਂ, ਔਰਤ ਸਵਾਰੀਆਂ ਨਾਲ ਖਚਾਖਚ ਭਰੀਆਂ ਹੋਈਆਂ ਮਿਲਦੀਆਂ ਹਨ
ਅੱਜ ਕਲ ਪੰਜਾਬ ਰੋਡਵੇਜ਼ ਅਤੇ ਪੈਪਸੂ ਕਾਰਪੋਰੇਸ਼ਨ ਦੀਆਂ ਸਰਕਾਰੀ ਬੱਸਾਂ, ਔਰਤ ਸਵਾਰੀਆਂ ਨਾਲ ਖਚਾਖਚ ਭਰੀਆਂ ਹੋਈਆਂ ਮਿਲਦੀਆਂ ਹਨ। ਇਨ੍ਹਾਂ ਬਸਾਂ ਵਿਚ ਪੁਰਸ਼ ਸਵਾਰੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ। ਕਾਰਨ ਇਹ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਵੀ ਪਿਛਲੀ ਸਰਕਾਰ ਵਲੋਂ ਦਿਤੀ ਗਈ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਨੂੰ ਜਾਰੀ ਰਖਿਆ ਹੈ ਇਸ ਲਈ ਜ਼ਿਆਦਾਤਰ ਔਰਤਾਂ ਇਨ੍ਹਾਂ ਬਸਾਂ ਵਿਚ ਹੀ ਸਫ਼ਰ ਕਰਦੀਆਂ ਹਨ ਜਿਸ ਕਾਰਨ ਭੀੜ ਹੋਣੀ ਸੁਭਾਵਕ ਹੈ। ਜੇਕਰ ਪੁਰਸ਼ ਸਵਾਰੀਆਂ ਸਰਕਾਰੀ ਬੱਸ ਵਿਚ ਚੜ੍ਹਦੀਆਂ ਵੀ ਹਨ ਤਾਂ ਉਨ੍ਹਾਂ ਨੂੰ ਸੀਟ ਮਿਲਣੀ ਬਹੁਤ ਮੁਸ਼ਕਲ ਹੁੰਦੀ ਹੈ ਤੇ ਉਨ੍ਹਾਂ ਨੂੰ ਤਕਰੀਬਨ ਖੜੇ ਹੋ ਕੇ ਹੀ ਸਫ਼ਰ ਕਰਨਾ ਪੈਂਦਾ ਹੈ। ਬਜ਼ੁਰਗ ਪੁਰਸ਼ਾਂ ਅਤੇ ਔਰਤਾਂ ਜਾਂ ਬੀਮਾਰ ਵਿਅਕਤੀਆਂ ਨਾਲ ਵੀ ਨੌਜਵਾਨ ਔਰਤ ਸਵਾਰੀਆਂ ਵਲੋਂ ਕੋਈ ਹਮਦਰਦੀ ਜਾਂ ਲਿਹਾਜ਼ ਨਹੀਂ ਕੀਤਾ ਜਾਂਦਾ, ਜਿਸ ਦੀ ਮਿਸਾਲ ਮੈਂ ਖ਼ੁਦ ਨਾਲ ਹੋਈ ਬੀਤੀ ਦੀ ਵਾਰਤਾ ਵਿਚ ਲਿਖ ਰਿਹਾ ਹਾਂ।
ਹੋਇਆ ਇੰਝ ਕਿ ਪਿਛਲੇ ਕੁੱਝ ਦਿਨ ਪਹਿਲਾਂ ਮੈਂ ਅਪਣੇ ਡਾਕਟਰੀ ਇਲਾਜ ਲਈ ਜਲੰਧਰ ਸ਼ਹਿਰ ਦੇ ਕਿਸੇ ਹਸਪਤਾਲ ਗਿਆ ਸਾਂ ਤੇ ਵਾਪਸੀ ਵੇਲੇ ਮੈਂ ਜਲੰਧਰ ਦੇ ਨਕੋਦਰ ਚੌਂਕ ਤੋਂ ਪੰਜਾਬ ਰੋਡਵੇਜ਼ ਦੀ ਬੱਸ ਵਿਚ ਚੜ੍ਹ ਗਿਆ। ਬੱਸ ਤਕਰੀਬਨ ਭਰੀ ਹੋਈ ਸੀ। ਕਿਸਮਤ ਨਾਲ ਮੈਨੂੰ ਬੱਸ ਦੇ ਵਿਚਕਾਰ ਜਿਹੇ ਤਿੰਨ ਸੀਟਾਂ ਵਾਲੀ ਸੀਟ ਤੇ ਇਕ ਸੀਟ ਖ਼ਾਲੀ ਮਿਲ ਗਈ ਜਿਸ ਉੱਤੇ ਪਹਿਲਾਂ ਹੀ ਦੋ ਅੱਧਖੜ ਉਮਰ ਦੀਆਂ ਔਰਤਾਂ ਬੈਠੀਆਂ ਸਨ ਤੇ ਮੈਂ ਵੀ ਉਨ੍ਹਾਂ ਨਾਲ ਹੀ ਸੀਟ ਉੱਤੇ ਬੈਠ ਗਿਆ।
ਲਾਂਬੜਾ ਦੇ ਅੱਡੇ ਤੋਂ ਬੱਸ ਖਚਾਖਚ ਭਰ ਗਈ। ਚੜ੍ਹਨ ਅਤੇ ਉਤਾਰਨ ਲਈ ਜੋ ਬਾਰੀਆਂ ਹਨ ਉਹ ਵੀ ਫੁੱਲ ਹੋ ਗਈਆਂ। ਕਿਤੇ ਪੈਰ ਧਰਨ ਨੂੰ ਵੀ ਥਾਂ ਨਹੀਂ ਸੀ ਬਚੀ। ਡਰਾਈਵਰ ਨੇ ਬੱਸ ਤੋਰੀ ਤੇ ਨਕੋਦਰ ਦੇ ਬੱਸ ਅੱਡੇ ’ਤੇ ਆ ਕੇ ਹੀ ਰੋਕੀ। ਕੁੱਝ ਸਵਾਰੀਆਂ ਉੱਤਰੀਆਂ ਅਤੇ ਉਸ ਤੋਂ ਵੀ ਦੁਗਣੀਆਂ ਹੋਰ ਔਰਤ ਸਵਾਰੀਆਂ ਚੜ੍ਹ ਗਈਆਂ।
ਬੱਸ ਇਕ ਵਾਰ ਫਿਰ ਖਚਾਖਚ ਭਰ ਗਈ। ਇਥੋਂ ਹੀ ਇਕ ਨੌਜਵਾਨ ਕੁੜੀ ਬੱਸ ਵਿਚ ਚੜ੍ਹੀ, ਜਿਸ ਨੇ ਇਕ ਨਵਜੰਮਿਆ ਬੱਚਾ ਚੁਕਿਆ ਹੋਇਆ ਸੀ ਤੇ ਉਸ ਦੇ ਹਾਲਾਤ ਅਤੇ ਪਹਿਰਾਵੇ ਵਗ਼ੈਰਾ ਤੋਂ ਪਤਾ ਲਗਦਾ ਸੀ ਕਿ ਉਹ ਕਿਸੇ ਕਿਰਤੀ ਅਤੇ ਮਜ਼ਦੂਰ ਪ੍ਰਵਾਰ ਨਾਲ ਸਬੰਧਤ ਹੋਵੇਗੀ। ਇਤਫ਼ਾਕ ਨਾਲ ਉਹ ਮੇਰੇ ਬਿਲਕੁਲ ਨੇੜੇ ਆ ਕੇ ਖੜੀ ਹੋ ਗਈ। ਬੱਸ ਵਿਚ ਭੀੜ ਜ਼ਿਆਦਾ ਹੋਣ ਕਾਰਨ ਉਸ ਤੋਂ ਚੰਗੀ ਤਰ੍ਹਾਂ ਖੜਿਆ ਵੀ ਨਹੀਂ ਸੀ ਜਾ ਰਿਹਾ, ਉਪਰੋਂ ਸੜਕ ਖ਼ਰਾਬ ਹੋਣ ਕਾਰਨ ਝਟਕੇ ਲੱਗ ਰਹੇ ਸੀ। ਉਸ ਦੀ ਬੁੱਕਲ ਵਿਚ ਚੁਕਿਆ ਬੱਚਾ ਵਾਰ ਵਾਰ ਹੇਠਾਂ ਵਲ ਨੂੰ ਖਿਸਕ ਜਾਂਦਾ ਤੇ ਉਹ ਬੜੀ ਮੁਸ਼ਕਲ ਨਾਲ ਉਸ ਨੂੰ ਉਪਰ ਕਰ ਕੇ ਛਾਤੀ ਨਾਲ ਲਾ ਲੈਂਦੀ ਤੇ ਥੋੜ੍ਹੇ ਸਮੇਂ ਬਾਅਦ ਫਿਰ ਬੱਚਾ ਹੇਠਾਂ ਵਲ ਖਿਸਕ ਜਾਂਦਾ ਕਿਉਂਕਿ ਉਸ ਲੜਕੀ ਨੇ ਸਹਾਰਾ ਲੈਣ ਲਈ ਇਕ ਹੱਥ ਸੀਟ ਨਾਲ ਲੱਗੇ ਹੋਏ ਡੰਡੇ ਨੂੰ ਪਾਇਆ ਹੋਇਆ ਸੀ।
ਮੇਰਾ ਮਨ ਮੈਨੂੰ ਵਾਰ ਵਾਰ ਕਹਿ ਰਿਹਾ ਸੀ ਕਿ ਤੂੰ ਸੀਟ ਤੋਂ ਉਠ ਅਤੇ ਉਸ ਬੱਚੇ ਵਾਲੀ ਲੜਕੀ ਲਈ ਸੀਟ ਛੱਡ ਦੇ।
ਪਰ ਮੇਰੀ ਸਿਹਤ ਠੀਕ ਨਾ ਹੋਣ ਕਰ ਕੇ ਮੈਂ ਮੇਰੇ ਤੋਂ ਅਗਲੀ ਸੀਟ ਜਿਸ ਉੱਤੇ ਦੋ ਜਵਾਨ ਔਰਤਾਂ ਅਤੇ ਇਕ ਚੌਦਾਂ-ਪੰਦਰਾਂ ਸਾਲ ਦੀ ਨੌਜਵਾਨ ਲੜਕੀ ਬੈਠੀਆਂ ਸਨ ਜੋ ਕਿ ਇਕੋ ਪ੍ਰਵਾਰ ਦੀਆਂ ਜਾਂ ਨੇੜ ਦੀਆਂ ਰਿਸ਼ਤੇਦਾਰ ਜਾਪਦੀਆਂ ਸਨ। ਉਨ੍ਹਾਂ ਨੂੰ ਮੁਖ਼ਾਤਬ ਹੋ ਕਿ ਕਿਹਾ ਕਿ ਨੌਜਵਾਨ ਬੇਟੀ ਥੋੜੀ ਦੇਰ ਲਈ ਖੜੀ ਹੋ ਜਾਏ ਅਤੇ ਉਸ ਬੱਚੇ ਵਾਲੀ ਔਰਤ ਨੂੰ ਬੈਠਣ ਦੇਵੇ। ਪਰ ਉਨ੍ਹਾਂ ਨੇ ਮੇਰੀ ਗੱਲ ਅਣਸੁਣੀ ਕਰ ਦਿਤੀ। ਦੋ ਕੁ ਮਿੰਟ ਬਾਅਦ ਮੈਂ ਫਿਰ ਅੱਗੇ ਵਾਲੀ ਸੀਟ ’ਤੇ ਬੈਠੀ ਔਰਤ ਨੂੰ ਕਿਹਾ, “ਭੈਣ ਜੀ ਤੁਸੀਂ ਨੌਜਵਾਨ ਲੜਕੀ ਨੂੰ ਥੋੜ੍ਹੀ ਦੇਰ ਲਈ ਖੜੀ ਹੋਣ ਲਈ ਕਹੋ ਤੇ ਬੱਚੇ ਵਾਲੀ ਔਰਤ ਨੂੰ ਸੀਟ ਉੱਤੇ ਬਿਠਾ ਲਉ, ਬੱਚਾ ਬਹੁਤ ਛੋਟਾ (ਇਕ ਮਹੀਨੇ ਦਾ) ਹੋਣ ਕਰ ਕੇ ਉਹ ਮੁਸ਼ਕਲ ਵਿਚ ਹੈ।’’
ਮੇਰੇ ਐਨਾ ਕਹਿਣ ਤੇ ਉਸ ਔਰਤ ਨੇ ਮੁਬਾਈਲ ਫ਼ੋਨ ਤੇ ਉਂਗਲਾਂ ਮਾਰਨੀਆਂ ਛੱਡੀਆਂ ਤੇ ਅਪਣੇ ਕੰਨਾਂ ਵਿਚੋਂ ਮੋਬਾਈਲ ਦੇ ਹੈੱਡ ਫ਼ੋਨ ਕਢਦੀ ਹੋਈ ਨੇ ਲਾਲ ਅੱਖਾਂ ਕਰ ਕੇ ਗੁੱਸੇ ਨਾਲ ਮੈਨੂੰ ਕਿਹਾ, “ਬਾਬਾ, ਜੇ ਜ਼ਿਆਦਾ ਤਰਸ ਆਉਂਦੈ ਤਾਂ ਤੂੰ ਆਪ ਉਠ ਕੇ ਖੜਾ ਹੋ ਜਾ। ਆਇਐ ਵੱਡਾ ਹਮਦਰਦ ਉਹਦਾ।’’ ਤੇ ਬੁੜ ਬੁੜ ਕਰਦੀ ਹੋਈ ਪਤਾ ਨਹੀਂ ਕੀ ਕੀ ਬੋਲ ਗਈ। ਨੇੜੇ ਨੇੜੇ ਦੀਆਂ ਸਾਰੀਆਂ ਸੀਟਾਂ ਤੇ ਤਕਰੀਬਨ ਔਰਤਾਂ ਹੀ ਬੈਠੀਆਂ ਸਨ ਤੇ ਸੱਭ ਨੇ ਇਹ ਮੰਜ਼ਰ ਦੇਖਿਆ ਤੇ ਸੁਣਿਆ ਪਰ ਕਿਸੇ ਦੀ ਹਿੰਮਤ ਨਾ ਪਈ ਕਿ ਉਸ ਲਈ ਸੀਟ ਛੱਡ ਦੇਵੇ। ਮੈਂ ਅੰਦਰੋਂ ਅੰਦਰੀ ਝੰਜੋੜਿਆ ਗਿਆ ਅਤੇ ਹਿੰਮਤ ਕਰ ਕੇ ਉਸੇ ਵੇਲੇ ਹੀ ਸੀਟ ਤੋਂ ਉਠ ਕੇ ਖੜਾ ਹੋ ਗਿਆ ਅਤੇ ਉਸ ਨਵਜੰਮੇ ਬੱਚੇ ਵਾਲੀ ਲੜਕੀ ਨੂੰ ਕਿਹਾ, “ਲੈ ਪੁੱਤ ਐਥੇ ਬਹਿ ਜਾ।’’ ਤੇ ਮੈਂ ਉਸ ਨੂੰ ਅਪਣੇ ਵਾਲੀ ਸੀਟ ’ਤੇ ਬਿਠਾ ਦਿਤਾ। ਮੈਂ ਛੱਤ ਨਾਲ ਲੱਗੇ ਡੰਡੇ ਨੂੰ ਹੱਥ ਪਾ ਕੇ ਟੇਢਾ ਜਿਹਾ ਹੋ ਕੇ ਖੜ ਗਿਆ। ਉਸ ਨੇ ਤਰਸ ਭਰੀਆਂ ਨਜ਼ਰਾਂ ਨਾਲ ਮੇਰੇ ਵਲ ਵੇਖਿਆ। ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿ ਉਹ ਮਨ ਹੀ ਮਨ ਵਿਚ ਮੇਰੇ ਲਈ ਦੁਆਵਾਂ ਦੇ ਰਹੀ ਹੋਵੇ।
ਮੇਰੇ ਮਨ ਨੂੰ ਜੋ ਉਸ ਸਮੇਂ ਖ਼ੁਸ਼ੀ ਹੋਈ ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਜਦੋਂ ਮੈਂ ਹੌਂਸਲਾ ਕਰ ਕੇ ਪੁਛਿਆ ਤਾਂ ਉਸ ਨੇ ਦਸਿਆ ਕਿ ਅੰਕਲ ਜੀ ਮੇਰੇ ਬੱਚੇ ਦਾ ਬੱਸ ਵਿਚ ਜ਼ਿੰਦਗੀ ਦਾ ਪਹਿਲਾ ਸਫ਼ਰ ਹੈ। ਮੈਂ ਸੋਚ ਰਿਹਾ ਸੀ ਕਿ ਨਵਜੰਮੇ ਬੱਚੇ ਦਾ ਬੱਸ ਵਿਚ ਪਹਿਲਾ ਸਫ਼ਰ ਹੀ ਐਨਾ ਤਕਲੀਫ਼ ਦੇਹ ਕਿਉਂ ਹੈ? ਕੀ ਕਾਰਨ ਹੋ ਸਕਦਾ ਹੈ ਕਿ ਔਰਤ ਹੀ ਔਰਤ ਦਾ ਸਹਾਰਾ ਕਿਉਂ ਨਹੀਂ ਬਣ ਰਹੀ? ਜਦ ਕਿ ਔਰਤ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤ ਦੇ ਸ੍ਰੀਰ ਨੂੰ ਚੰਗੀ ਖੁਰਾਕ ਦੇ ਨਾਲ-ਨਾਲ ਆਰਾਮ ਦੀ ਵੀ ਲੋੜ ਹੁੰਦੀ ਹੈ। ਇਸ ਹਾਲਾਤ ਵਿਚ ਸਾਨੂੰ ਇਕ ਦੂਜੇ ਦੀ ਵੱਧ ਤੋਂ ਵੱਧ ਬਿਨਾਂ ਭੇਦਭਾਵ ਦੇ ਮਦਦ ਕਰਨੀ ਚਾਹੀਦੀ ਹੈ। ਪਰ ਸਾਡਾ ਸਮਾਜ ਕਿਧਰ ਨੂੰ ਜਾ ਰਿਹਾ ਹੈ? ਕਿਉਂ ਅਸੀ ਸਮਾਜਕ ਕਦਰਾਂ-ਕੀਮਤਾਂ ਨੂੰ ਭੁਲਦੇ ਜਾਂ ਰਹੇ ਹਾਂ? ਔਰਤ ਹੀ ਔਰਤ ਨੂੰ ਮਾਣ ਸਤਿਕਾਰ ਦੇਣ ਤੋਂ ਕਿਉਂ ਮੁਨਕਰ ਹੋ ਰਹੀ ਹੈ?
ਆਉ ਆਪਾਂ ਸਾਰੇ ਇਹ ਪ੍ਰਣ ਕਰੀਏ ਕਿ ਬੱਸ ਵਿਚ ਸਫ਼ਰ ਕਰਨ ਸਮੇਂ ਨਵਜੰਮੇ ਬੱਚੇ ਵਾਲੀ ਔਰਤ, ਗਰਭਵਤੀ, ਬਜ਼ੁਰਗ, ਬੀਮਾਰ ਅਤੇ ਅੰਗਹੀਣਾਂ ਨੂੰ ਬਿਨਾਂ ਕਹਿਣ ਤੋਂ ਸੀਟ ਛੱਡ ਕੇ ਮਨੁੱਖਤਾ ਦੀ ਸੇਵਾ ਵਿਚ ਬਣਦਾ ਹਿੱਸਾ ਪਾਈਏ।