
ਕੱਲ੍ਹ ਤੋਂ ਮੁਕੰਮਲ ਤੌਰ ’ਤੇ ਕੋਈ ਵੀ ਪੰਜਾਬ ਰੋਡਵੇਜ਼ ਦੀ ਬੱਸ ਨਹੀਂ ਚੱਲੇਗੀ।
ਮੋਗਾ : ਬੀਤੇ ਦਿਨੀਂ ਪੰਜਾਬ ਰੋਡਵੇਜ਼ ਦੇ ਬਟਾਲਾ ਡਿਪੂ ਦੇ ਕੰਡਕਟਰ ਨੂੰ ਬਿਨ੍ਹਾਂ ਕਿਸੇ ਗਲਤੀ ਤੋਂ ਨੌਕਰੀ ਤੋਂ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋ ਦਿਨ ਤੱਕ ਬਟਾਲਾ ਡਿਪੂ ਬੰਦ ਕਰ ਦਿੱਤਾ ਗਿਆ ਸੀ ਪਰ ਸਰਕਾਰ ਨੇ ਇਸ ਦੇ ਬਾਵਜੂਦ ਨੌਕਰੀ ਤੋਂ ਕੱਢੇ ਗਏ ਮੁਲਾਜ਼ਮ ਨੂੰ ਬਹਾਲ ਨਹੀਂ ਕੀਤਾ। ਇਸ ਦੇ ਰੋਸ ਵਜੋਂ ਅੱਜ ਪੰਜਾਬ ਭਰ ਵਿਚ 18 ਡਿਪੂ ਬੰਦ ਕਰ ਦਿੱਤੇ ਗਏ ਹਨ।
ਡਰਾਇਵਰਾਂ ਅਤੇ ਕੰਡਕਟਰਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਮੰਗ ਕੀਤੀ ਕਿ ਜਦੋਂ ਤੱਕ ਉਨ੍ਹਾਂ ਦੇ ਸਾਥੀ ਨੂੰ ਮੁੜ ਨੌਕਰੀ ’ਤੇ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੰਜਾਬ ਰੋਡਵੇਜ਼ ਦੇ 18 ਡਿਪੂ ਬੰਦ ਹੀ ਰਹਿਣਗੇ। ਦੂਜੇ ਪਾਸੇ ਮੋਗਾ ਡਿਪੂ ਨੂੰ ਵੀ ਅੱਜ 12 ਵਜੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਅਤੇ ਜਿਹੜੀਆਂ ਬੱਸਾਂ ਸਵੇਰੇ ਰੂਟ ’ਤੇ ਗਈਆਂ ਸਨ, ਉਨ੍ਹਾਂ ਨੂੰ ਵੀ ਵਾਪਸ ਬੁਲਾ ਲਿਆ ਗਿਆ ਹੈ ਅਤੇ ਕੱਲ੍ਹ ਤੋਂ ਮੁਕੰਮਲ ਤੌਰ ’ਤੇ ਕੋਈ ਵੀ ਪੰਜਾਬ ਰੋਡਵੇਜ਼ ਦੀ ਬੱਸ ਨਹੀਂ ਚੱਲੇਗੀ। ਪੰਜਾਬ ਰੋਡਵੇਜ਼ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਉਨ੍ਹਾਂ ਦੇ ਸਾਥੀ ਮੁਲਾਜ਼ਮ ਨੂੰ ਨੌਕਰੀ ’ਤੇ ਬਹਾਲ ਕੀਤਾ ਜਾਵੇ।