
ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿਚ 100 ਕਰੋੜ ਦੀ ਲਾਗਤ ਨਾਲ ਪੁਲਾਂ ਦੀ ਉਸਾਰੀ ਅਤੇ ਸੜਕਾਂ ਦਾ ਜਾਲ ਵਿਛਾਇਆ...
ਬੇਲਾ ਬਹਿਰਾਮਪੁਰ ਬੇਟ, ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿਚ 100 ਕਰੋੜ ਦੀ ਲਾਗਤ ਨਾਲ ਪੁਲਾਂ ਦੀ ਉਸਾਰੀ ਅਤੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਜਿਸ ਨਾਲ ਇਸ ਇਲਾਕੇ ਦੀ ਨੁਹਾਰ ਬਦਲ ਜਾਵੇਗੀ। ਇਹ ਇਲਾਕਾ ਜੋ ਪੱਛੜੇ ਇਲਾਕੇ ਵਜੋਂ ਜਾਣਿਆ ਜਾਂਦਾ ਸੀ ਇਕ ਮੋਹਰੀ ਇਲਾਕਾ ਬਣ ਉਭਰੇਗਾ। ਇਹ ਪ੍ਰਗਟਾਵਾ ਚਰਨਜੀਤ ਸਿੰਘ ਚੰਨੀ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਤੇ ਸਾਇੰਸ ਤੇ ਤਕਨਾਲੋਜੀ ਮੰਤਰੀ
ਪੰਜਾਬ ਨੇ ਅੱਜ ਇਥੇ ਬੇਲਾ ਵਿਖੇ ਡਹਿਰ ਏਸਕੇਪ ਡਰੇਨ ਤੇ 340 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁੱਲ ਦਾ ਨੀਂਹ ਪੱਥਰ ਰੱਖਣ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦਸਿਆ ਕਿ ਇਸ ਹਲਕੇ ਵਿਚ 168 ਪਿੰਡਾਂ ਦੀਆਂ ਲਿੰਕ ਸੜਕਾਂ ਜੋ ਕਿ 256 ਕਿਲੋਮੀਟਰ ਲੰਬੀਆਂ ਹਨ ਦੀ ਮੁਰੰਮਤ ਚੱਲ ਰਹੀ ਹੈ ਜਿਸ ਤੇ 33 ਕਰੋੜ 29 ਲੱਖ ਰੁਪਇਆ ਖ਼ਰਚਾ ਆਵੇਗਾ। ਉਨ੍ਹਾਂ ਨਵੇਂ ਚੁਣ ਕੇ ਆਏ ਪੰਚਾਂ ਸਰਪੰਚਾਂ ਨੂੰ ਰਲ ਮਿਲ ਕੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਇੰਦਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਨੇ ਦਸਿਆ ਕਿ ਇਹ ਪੁੱਲ ਜਿਸ ਦੀ ਲੰਬਾਈ 42 ਮੀਟਰ ਸੀ ਨੂੰ 54 ਮੀਟਰ ਕੀਤਾ ਜਾ ਰਿਹਾ ਹੈ ਅਤੇ 14 ਫ਼ੁਟ ਚੌੜਾਈ ਨੂੰ ਵੀ ਵਧਾ ਕੇ 42 ਫ਼ੁਟ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ 09 ਮਹੀਨੇ ਵਿਚ ਮੁਕੰਮਲ ਹੋ ਜਾਵੇਗਾ। ਇਸ ਸਮਾਗਮ ਦੌਰਾਨ ਸ਼ਮਸ਼ੇਰ ਸਿੰਘ ਭੰਗੂ ਪ੍ਰਧਾਨ ਨਗਰ ਪੰਚਾਇਤ, ਲਖਵਿੰਦਰ ਸਿੰਘ ਭੂਰਾ ਸਰਪੰਚ ਬੇਲਾ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਵਰੀਤ ਸਿੰਘ ਵਿਰਕ ਡੀ.ਐਸ.ਪੀ,
ਇੰਦਰਜੀਤ ਸਿੰਘ ਤੇ ਰਾਜਪ੍ਰੀਤ ਸਿੱਧੂ (ਦੋਵੇ ਕਾਰਜਕਾਰੀ ਇੰਜੀਨੀਅਰ), ਅਮਰਜੀਤ ਸਿੰਘ ਦੁਲਚੀਮਾਜਰਾ, ਗਿਆਨ ਸਿੰਘ, ਡਾਕਟਰ ਬਲਵਿੰਦਰ ਸਿੰਘ, ਜਸਵੀਰ ਸਿੰਘ, ਲਖਵਿੰਦਰ ਸਿੰਘ, ਸੋਮਨਾਥ ਅਤੇ ਇਲਾਕੇ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ, ਸਰਪੰਚ ਅਤੇ ਪੰਚ ਹਾਜ਼ਰ ਸਨ।