
ਸੰਗਰੂਰ 'ਚ ਸੌ ਫ਼ੀਸਦੀ ਜਲ ਸਪਲਾਈ ਅਤੇ ਸੀਵਰੇਜ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਪ੍ਰਵਾਨ ਕੀਤੇ.........
ਸੰਗਰੂਰ : ਸੰਗਰੂਰ 'ਚ ਸੌ ਫ਼ੀਸਦੀ ਜਲ ਸਪਲਾਈ ਅਤੇ ਸੀਵਰੇਜ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਪ੍ਰਵਾਨ ਕੀਤੇ 90 ਕਰੋੜ ਦੇ ਫੰਡ 'ਚ 18 ਕਰੋੜ ਰੁਪਏ ਦੀ ਰਾਸ਼ੀ ਦਾ ਹੋਰ ਵਾਧਾ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਅੱਜ ਵਿਜੇ ਇੰਦਰ ਸਿੰਗਲਾ ਦੀ ਰਿਹਾਇਸ਼ ਵਿਖੇ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੰਗਰੂਰ ਦੇ ਕਾਇਆ ਕਲਪ
ਲਈ 151 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਜਿਸ ਵਿਚੋਂ ਜਲ ਸਪਲਾਈ, ਸੀਵਰੇਜ ਅਤੇ ਸੀਵਰੇਜ ਤੋਂ ਪ੍ਰਭਾਵਿਤ ਹੋਣ ਵਾਲੀਆਂ ਸੜਕਾਂ ਲਈ ਸੰਗਰੂਰ 'ਚ 108 ਕਰੋੜ ਅਤੇ ਭਵਾਨੀਗੜ੍ਹ 'ਚ 32 ਕਰੋੜ ਰੁਪਏ ਦੀ ਲਾਗਤ ਆਵੇਗੀ। ਕੈਬਨਿਟ ਮੰਤਰੀ ਨੇ ਦਸਿਆ ਕਿ ਭਵਾਨੀਗੜ੍ਹ 'ਚ ਨਵੇਂ ਬੱਸ ਸਟੈਂਡ ਦੀ ਉਸਾਰੀ ਦੇ ਕਾਰਜਾਂ 'ਚ ਆਈ ਖੜੋਤ ਨੂੰ ਦੂਰ ਕਰਨ ਲਈ ਅੱਜ ਦੋ ਕਰੋੜ ਰੁਪਏ ਦੀ ਰਾਸ਼ੀ ਨਗਰ ਕੌਂਸਲ ਨੂੰ ਜਾਰੀ ਕਰ ਦਿਤੀ ਗਈ ਹੈ ਅਤੇ ਛੇਤੀ ਹੀ ਇਹ ਬੱਸ ਸਟੈਂਡ ਮੁਕੰਮਲ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੱਸ ਸਟੈਂਡ ਦੀ ਕੁਝ ਜ਼ਮੀਨ 'ਤੇ ਨਜਾਇਜ਼ ਕਬਜ਼ਾ ਹੋਣ ਦੇ ਮਾਮਲਾ 'ਚ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ. ਸਿੱਧੂ ਨੇ ਦਸਿਆ ਕਿ ਇਤਿਹਾਸਕ ਸ਼ਹਿਰ ਸੰਗਰੂਰ 'ਚ ਸਥਿਤ ਬਨਾਸਰ ਬਾਗ ਦੀ ਦਿੱਖ ਨੂੰ ਸੰਵਾਰਨ ਲਈ ਸਰਕਾਰ ਵਲੋਂ 7 ਕਰੋੜ ਅਤੇ ਵੱਡਾ ਘੱਲੂਘਾਰਾ ਕੁੱਪ ਰੋਹੀੜਾ ਦੇ ਬਕਾਇਆ ਕਾਰਜਾਂ ਲਈ 1.70 ਕਰੋੜ ਦੀ ਰਾਸ਼ੀ ਪ੍ਰਵਾਨ ਕਰਕੇ ਕੰਮ ਸ਼ੁਰੂ ਕਰਵਾ ਦਿਤਾ ਗਿਆ ਹੈ। ਇਸ ਮੌਕੇ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਇਨ੍ਹਾਂ ਸਕੀਮਾਂ ਦੇ ਦਾਇਰੇ ਅਧੀਨ ਲਿਆਉਣ ਲਈ ਸਾਰਥਕ ਕਦਮ ਪੁੱਟੇ ਹਨ।