
ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਡੇਰਾ ਮੁਖੀ ਨੂੰ ਦਿਤੀ ਗਈ ਮਾਫ਼ੀ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਖ਼ਫ਼ਾ ਚਲ.....
ਧਨੌਲਾ : ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਡੇਰਾ ਮੁਖੀ ਨੂੰ ਦਿਤੀ ਗਈ ਮਾਫ਼ੀ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਖ਼ਫ਼ਾ ਚਲ ਰਹੇ ਪਾਰਟੀ ਦੇ ਸਾਬਕਾ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦੀ ਨਾਰਾਜ਼ਗੀ ਦੀ ਗੱਲ ਕੀਤੀ ਜਾਵੇ ਤਾਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਵਲੋਂ ਅਪਣੀਆਂ ਸਾਰੀਆਂ ਕਮੀਆਂ ਨੂੰ ਸਮੇਂ ਸਿਰ ਦੂਰ ਕਰਨ ਦੇ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਦੀ ਅੰਦਰੂਨੀ ਨਾਰਾਜ਼ਗੀ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ।
ਇਸ ਸਬੰਧੀ ਅੱਜ ਇਸ ਪ੍ਰਤੀਨਿਧ ਨੂੰ ਦਿੱਲੀ ਤੋਂ ਗੱਲਬਾਤ ਕਰਦਿਆਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਪਰਵਾਰ ਦਾ ਕੋਈ ਵੀ ਜੀਅ ਮੇਰੇ ਸੰਪਰਕ ਵਿਚ ਨਹੀਂ ਹੈ, ਨਾ ਹੀ ਕਦੇ ਉਨ੍ਹਾਂ ਦਾ ਮੈਨੂੰ ਫ਼ੋਨ ਆਇਆ ਹੈ ਪ੍ਰੰਤੂ ਅਕਾਲੀ ਦਲ ਤੋਂ ਬਾਗੀ ਹੋ ਕੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਬਣਾਉਣ ਵਾਲੇ ਆਗੂ ਮੇਰੇ ਸੰਪਰਕ ਵਿਚ ਹਨ
ਜਿਨ੍ਹਾਂ ਨਾਲ ਮੇਰੀ ਨੇੜਤਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ। ਪ੍ਰੰਤੂ ਅਕਾਲੀ ਟਕਸਾਲੀ ਆਗੂਆਂ ਵਲੋਂ ਚੋਣ ਲੜਨ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੂੰ ਅਕਾਲੀ ਦਲ ਵਿਚ ਮੁੜ ਘਰ ਵਾਪਸੀ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਇਸ ਵਿਸ਼ੇ 'ਤੇ ਉਹ ਕੋਈ ਵਿਚਾਰ ਚਰਚਾ ਫਿਲਹਾਲ ਨਹੀਂ ਕਰਨਗੇ, ਕਿਉਂਕਿ ਉਹ ਦਿੱਲੀ ਕਿਸੇ ਕੰਮ ਵਿਚ ਰੁੱਝੇ ਹੋਏ ਹਨ।