
'ਆਪ ਤੋਂ ਵੱਖ ਹੋਏ ਖਹਿਰਾ ਤੇ ਬਲਦੇਵ ਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦਿਤਾ ਜਾਵੇ'...
ਚੰਡੀਗੜ੍ਹ, (ਨੀਲ ਭਲਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੂੰ ਤੁਰਤ ਅਯੋਗ ਕਰਾਰ ਦੇਣ ਦੀ ਵਕਾਲਤ ਕੀਤੀ ਹੈ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਖਹਿਰਾ ਤੇ ਬਲਦੇਵ ਸਿੰਘ 'ਆਪ ਵਿਧਾਇਕਾਂ' ਵਜੋਂ ਸਾਰੀਆਂ ਸਹੂਲਤਾਂ ਮਾਣ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਲਿਹਾਜ਼ਾ ਦੋਵਾਂ ਨੂੰ ਤੁਰਤ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਵਜੋਂ ਅਯੋਗ ਕਰਾਰ ਦਿਤਾ ਜਾਣਾ ਚਾਹੀਦਾ ਹੈ।
Master Baldev Singh
ਚੀਮਾ ਨੇ ਕਿਹਾ ਕਿ ਸੰਵਿਧਾਨ ਦੀ 10ਵੀਂ ਸੂਚੀ ਮੁਤਾਬਕ ਕੋਈ ਵੀ ਵਿਧਾਨ ਸਭਾ ਮੈਂਬਰ, ਜੋ ਅਪਣੀ ਇੱਛਾ ਨਾਲ ਉਸ ਪਾਰਟੀ ਦੀ ਮੈਂਬਰਸ਼ਿਪ ਤਿਆਗ ਦਿੰਦਾ ਹੈ, ਜਿਸ ਦੀ ਉੁਹ ਨੁਮਾਇੰਦਗੀ ਕਰਦਾ ਹੈ ਤਾਂ ਉਸ ਨੂੰ ਵਿਧਾਨ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿਤਾ ਜਾਵੇਗਾ। ਉਹਨਾਂ ਕਿਹਾ ਕਿ 10ਵੀਂ ਸੂਚੀ ਦੇ ਆਰਟੀਕਲ 102 (2) ਅਤੇ 191 (2) ਮੁਤਾਬਕ ਇਕ ਵਿਧਾਨ ਸਭਾ ਮੈਂਬਰ ਵਲੋਂ ਕਿਸੇ ਵੀ ਸਿਆਸੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਨੂੰ ਛੱਡਣਾ ਦਲਬਦਲੀ ਦੇ ਸਮਾਨ ਹੁੰਦਾ ਹੈ।
Shiromani Akali Dal
ਅਕਾਲੀ ਬੁਲਾਰੇ ਨੇ ਕਿਹਾ ਕਿ ਸੰਵਿਧਾਨ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾਂ ਅਸਤੀਫਾ ਦੇ ਚੁੱਕੇ ਸੁਖਪਾਲ ਸਿੰਘ ਖਹਿਰਾ ਅਤੇ ਅੱਜ ਆਪ ਦੀ ਮੁਢਲੀ ਮੈਂਬਰਸ਼ਿਪ ਤੋਂ ਤਿਆਗ-ਪੱਤਰ ਦੇਣ ਦਾ ਐਲਾਨ ਕਰਨ ਵਾਲੇ ਬਲਦੇਵ ਸਿੰਘ ਦੋਵਾਂ ਨੂੰ ਹੀ ਤੁਰਤ ਅਯੋਗ ਕਰਾਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੋਵੇਂ ਵਿਧਾਇਕ ਆਪ ਵਿਧਾਇਕਾਂ ਵਜੋਂ ਤਨਖਾਹਾਂ ਲੈ ਰਹੇ ਹਨ ਅਤੇ ਸਟਾਫ਼ ਤੇ ਸੁਰੱਖਿਆ ਕਰਮੀਆਂ ਸਮੇਤ ਬਾਕੀ ਸਾਰੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ।
Sukhpal Singh Khaira
ਉਹਨਾਂ ਕਿਹਾ ਕਿ ਪਾਰਟੀ ਨੂੰ ਜਨਤਕ ਤੌਰ 'ਤੇ ਛੱਡਣ ਦਾ ਐਲਾਨ ਕਰਨ ਮਗਰੋਂ ਉਸੇ ਪਾਰਟੀ ਦੇ ਵਿਧਾਨ ਸਭਾ ਮੈਂਬਰਾਂ ਵਜੋਂ ਤਨਖਾਹਾਂ ਲੈਣਾ ਅਤੇ ਸਹੂਲਤਾਂ ਮਾਨਣਾ ਬਿਲਕੁਲ ਹੀ ਅਨੈਤਿਕ ਹੈ।