
ਬਿਕਰਮ ਮਜੀਠੀਆ ਨੇ ਪੇਸ਼ੀ ਤੋਂ ਪਹਿਲਾਂ ਹੀ ਨਵੀਂ ਐਸਆਈਟੀ 'ਤੇ ਸਵਾਲ ਚੁੱਕੇ
Bikram Singh Majithia: ਡਰੱਗਜ਼ ਮਾਮਲੇ ਵਿਚ ਨਵਾਂ ਨੋਟਿਸ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਅੱਜ ਮੁੜ ਪਟਿਆਲਾ ਵਿਚ ਜਾਂਚ ਕਮੇਟੀ (ਐਸਆਈਟੀ) ਸਾਹਮਣੇ ਪੇਸ਼ ਹੋਏ। ਨਵੀਂ ਐਸਆਈਟੀ ਦੇ ਗਠਨ ਤੋਂ ਬਾਅਦ ਬਿਕਰਮ ਮਜੀਠੀਆ ਦੀ ਇਹ ਪਹਿਲੀ ਪੇਸ਼ੀ ਸੀ ਅਤੇ ਉਨ੍ਹਾਂ ਤੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ। ਇਸ ਤੋਂ ਪਹਿਲਾਂ ਉਹ ਪੁਰਾਣੀ ਐਸਆਈਟੀ ਦੇ ਸਾਹਮਣੇ ਤਿੰਨ ਵਾਰ ਪੇਸ਼ ਹੋਏ। ਪਹਿਲੀ ਐਸਆਈਟੀ ਦੀ ਜ਼ਿੰਮੇਵਾਰੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਕੋਲ ਸੀ ਅਤੇ ਉਹ 31 ਦਸੰਬਰ ਨੂੰ ਸੇਵਾਮੁਕਤ ਹੋ ਗਏ।
ਬਿਕਰਮ ਮਜੀਠੀਆ ਨੇ ਪੇਸ਼ੀ ਤੋਂ ਪਹਿਲਾਂ ਹੀ ਨਵੀਂ ਐਸਆਈਟੀ 'ਤੇ ਸਵਾਲ ਚੁੱਕੇ ਸਨ। ਮਜੀਠੀਆ ਨੇ ਕਿਹਾ ਕਿ ਐਸਆਈਟੀ ਦਾ ਪੱਧਰ ਡਿੱਗ ਰਿਹਾ ਹੈ। ਉਹ ਚਾਹੁੰਦੇ ਸਨ ਕਿ ਮੁੱਖ ਮੰਤਰੀ ਐਸਆਈਟੀ ਦੇ ਚੇਅਰਮੈਨ ਬਣਨ ਪਰ ਖੁਸ਼ੀ ਦੀ ਗੱਲ ਹੈ ਕਿ ਐਸਆਈਟੀ ਮੁਖੀ ਉਨ੍ਹਾਂ ਦੇ ਹਲਕੇ ਤੋਂ ਹੈ। ਪੁੱਛਗਿਛ ਖ਼ਤਮ ਹੋਣ ਬਾਅਦ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਮੇਰੇ ’ਤੇ ਝੂਠਾ ਕੇਸ ਬਣਾ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦੱਸ ਦੇਈਏ ਕਿ ਨਵੀਂ ਐਸਆਈਟੀ ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ ਡੀਆਈਜੀ ਐਚਐਸ ਭੁੱਲਰ ਨੂੰ ਦਿਤੀ ਗਈ ਹੈ। ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸਰਕਾਰ ਨੇ ਐਸਆਈਟੀ ਦਾ ਪੁਨਰਗਠਨ ਕੀਤਾ ਸੀ। ਡੀਆਈਜੀ ਭੁੱਲਰ ਤੋਂ ਇਲਾਵਾ ਐਸਆਈਟੀ ਵਿਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਜੀਠੀਆ ਨੂੰ 27 ਦਸੰਬਰ ਨੂੰ ਬੁਲਾਇਆ ਗਿਆ ਸੀ, ਪਰ ਉਹ ਨਾਕਾਫ਼ੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ ਪੁਰਾਣੀ ਐਸਆਈਟੀ ਨੇ 30 ਦਸੰਬਰ ਨੂੰ ਉਸ ਨੂੰ ਦੁਬਾਰਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਸੀ ਅਤੇ ਕਰੀਬ ਸਾਢੇ 4 ਘੰਟੇ ਤਕ ਪੁੱਛਗਿੱਛ ਕੀਤੀ ਗਈ।
ਬਿਕਰਮ ਮਜੀਠੀਆ ਨੇ ਐਸਆਈਟੀ ਅੱਗੇ ਜਾਣ ਤੋਂ ਪਹਿਲਾਂ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਤੋਂ ਬਾਅਦ ਹੁਣ ਕਾਂਗਰਸ ਸੱਤਾ ਵਿਚ ਆਈ ਹੈ। ਜੋ ਮਫਲਰ ਅਰਵਿੰਦ ਕੇਜਰੀਵਾਲ ਪਹਿਨਦੇ ਸਨ, ਉਹ ਹੁਣ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਪਹਿਨ ਲਿਆ ਹੈ। ਹੁਣ ਫੈਸਲਾ ਲੈਣਾ ਹੋਵੇਗਾ ਕਿ ਕਾਂਗਰਸੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਆਦਿ ਦਾ ਕੀ ਕਰਨਾ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੇ 20 ਦਸੰਬਰ 2021 ਨੂੰ ਮਜੀਠੀਆ ਵਿਰੁਧ ਕੇਸ ਦਰਜ ਕੀਤਾ ਸੀ ਪਰ ਅਦਾਲਤਾਂ ਵਲੋਂ ਉਸ ਦੀ ਗ੍ਰਿਫ਼ਤਾਰੀ ਦੋ ਮਹੀਨਿਆਂ ਲਈ ਟਾਲ ਦਿਤੀ ਗਈ ਸੀ। 5 ਮਹੀਨੇ ਜੇਲ ਵਿਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ।
(For more Punjabi news apart from Bikram Singh Majithia Appears before SIT, stay tuned to Rozana Spokesman)