
ਜਲੰਧਰ ਜ਼ਿਲ੍ਹੇ ਦੇ ਆਦਮਪੁਰ ਬਲਾਕ ‘ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ ਸਫਲਤਾਪੂਰਵਕ ਜਾਰੀ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ `ਹਰ ਘਰ ਪਾਣੀ, ਹਰ ਘਰ ਸਫਾਈ` ਮਿਸ਼ਨ ਤਹਿਤ ਲੋਕਾਂ ਨੂੰ ਜਲ ਸਪਲਾਈ ਦੀਆਂ ਨਿਰਵਿਘਨ ਅਤੇ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਜਲ ਸਪਲਾਈ ਵਿਭਾਗ ਵੱਲੋਂ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡਾਂ ਜਗਰਾਵਾਂ, ਮੁਰਾਦਪੁਰ ਅਤੇ ਤਲਵਾੜਾ ਗੋਲ ਵਿਚ ਸੂਰਜੀ ਊਰਜਾ ’ਤੇ ਆਧਾਰਤ ਜਲ ਸਪਲਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।
Punjab Govt
ਇਸ ਪਹਿਲਕਦਮੀ ਸਦਕਾ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਹਨ। ਇਸ ਪਾਇਲਟ ਪ੍ਰਾਜੈਕਟ ਦੀ ਲਾਗਤ 67.71 ਲੱਖ ਰੁਪਏ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਹਰ ਘਰ ਪਾਣੀ ਦਾ ਕੁਨੈਕਸ਼ਨ ਦੇਣ ਲਈ ਇਨ੍ਹਾਂ ਪਿੰਡਾਂ ਵਿਚ 150 ਮੀਟਰ ਡੂੰਘੇ ਟਿਊਬਵੈੱਲਾਂ ਅਤੇ 25000 ਲੀਟਰ ਸਮਰੱਥਾ ਵਾਲੀ ਪਾਣੀ ਦੀਆਂ ਟੈਂਕੀਆਂ ਨਾਲ ਸੂਰਜੀ ਊਰਜਾ ਆਧਾਰਤ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ।
Punjab Water
ਉਨ੍ਹਾਂ ਦੱਸਿਆ ਕਿ ਸੂਰਜੀ ਊਰਜਾ ਸਿਸਟਮ ਰਾਹੀਂ ਬਿਜਲੀ ਪੈਦਾ ਹੁੰਦੀ ਹੈ, ਜਿਸ ਨੂੰ ਪੰਪ ਚਲਾਉਣ ਅਤੇ ਪਿੰਡ ਵਾਸੀਆਂ ਦੇ ਘਰਾਂ ਤੱਕ ਪਾਣੀ ਦੀ ਸਪਲਾਈ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੂਰਜੀ ਊਰਜਾ ਆਧਾਰਤ ਇਸ ਪ੍ਰਾਜੈਕਟ ਸਦਕਾ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਬਿਜਲੀ ਬਿੱਲ ਜ਼ੀਰੋ ਹੋ ਗਿਆ ਹੈ। ਹੁਣ ਇਨ੍ਹਾਂ ਪੰਚਾਇਤਾਂ ਨੂੰ ਜਲ ਸਪਲਾਈ ਪ੍ਰਾਜੈਕਟ ’ਤੇ ਬਿਜਲੀ ਦਾ ਕੋਈ ਬਿਲ ਨਹੀਂ ਮਿਲ ਰਿਹਾ ਅਤੇ ਇਸ ਪੈਸੇ ਨੂੰ ਪਿੰਡ ਦੇ ਹੋਰ ਵਿਕਾਸ ਕਾਰਜਾਂ ’ਤੇ ਖ਼ਰਚ ਕੀਤਾ ਜਾ ਰਿਹਾ ਹੈ।
Talwara village project
ਜਗਰਾਵਾਂ ਪਿੰਡ ਦੀ ਸਰਪੰਚ ਹਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਪ੍ਰਾਜੈਕਟ ਦੀ ਬਦੌਲਤ ਜਿਥੇ ਪੰਚਾਇਤ ਬਿਜਲੀ ਬਿੱਲ ਦੇ ਭਾਰ ਤੋਂ ਮੁਕਤ ਹੋ ਗਈ ਹੈ ਉਥੇ ਲੋਕਾਂ ਨੂੰ ਵੀ ਪੀਣ ਯੋਗ ਸਾਫ ਪਾਣੀ ਵੀ ਮਿਲਣ ਲੱਗਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਪਿੰਡ ਵਿਚ ਲੱਗੇ ਨਲਕਿਆਂ ਦੇ ਪਾਣੀ ਦੀ ਵਰਤੋਂ ਕਰਨੀ ਪੈਂਦੀ ਸੀ। ਇਹ ਪਾਣੀ ਗੰਧਲਾ ਹੋਣ ਕਾਰਨ ਬੀਮਾਰ ਹੋਣ ਦਾ ਡਰ ਬਣਿਆ ਰਹਿੰਦਾ ਸੀ। ਹਰਜੀਤ ਕੌਰ ਨੇ ਇਸ ਪ੍ਰਾਜੈਕਟ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਪ੍ਰਗਟ ਕੀਤਾ ਹੈ।
Jagrawan-Muradpur project
ਇਸੇ ਤਰ੍ਹਾਂ ਤਲਵਾੜਾ ਅਤੇ ਮੁਰਾਦਪੁਰ ਪਿੰਡ ਦੇ ਲੋਕਾਂ ਨੂੰ ਪੀਣ ਯੋਗ ਸਾਫ਼ ਪਾਣੀ ਲਈ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਸੂਰਜੀ ਊਰਜਾ ਆਧਾਰਤ ਇਸ ਪ੍ਰਾਜੈਕਟ ਕਾਰਣ ਪਿੰਡ ਦੇ ਘਰਾਂ ਵਿਚ ਸਾਫ-ਸੁਥਰਾ ਪਾਣੀ ਪੁੱਜਣ ਲੱਗਾ ਹੈ। ਕਾਬਿਲੇਗੌਰ ਹੈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪੰਜਾਬ ਵਿਚ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਇਹ ਪ੍ਰਾਜੈਕਟ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਪ੍ਰਾਜੈਕਟ ਅਧੀਨ ਜਗਰਾਵਾਂ-ਮੁਰਾਦਪੁਰ ਦੇ 141 ਘਰਾਂ ਅਤੇ ਤਲਵਾੜਾ ਗੋਲ ਦੇ 102 ਘਰਾਂ ਨੂੰ ਫਾਇਦਾ ਪਹੁੰਚਿਆ ਹੈ।
Razia Sultana
ਲੋਕਾਂ ਨੂੰ ਸਾਫ ਪਾਣੀ ਦੇਣਾ ਸਾਡੀ ਜ਼ਿੰਮੇਵਾਰੀ: ਰਜ਼ੀਆ ਸੁਲਤਾਨਾ
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਹੈ ਕਿ ਪੰਜਾਬ ਦੇ ਹਰੇਕ ਵਾਸੀ ਨੂੰ ਉਨ੍ਹਾਂ ਦੇ ਘਰਾਂ ਤੱਕ ਸ਼ੁੱਧ ਪੀਣ ਵਾਲਾ ਪਾਣੀ, ਸਵੱਛਤਾ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਅੰਦਰ ਸਾਰੇ ਪੰਜਾਬ ਵਿਚ ਚੱਲ ਰਹੇ ਪ੍ਰਾਜੈਕਟ ਮੁਕੰਮਲ ਕਰਨ ਦਾ ਟੀਚਾ ਹੈ ਤਾਂ ਜੋ ਸੂਬੇ ਦੀ 100 ਫੀਸਦੀ ਪੇਂਡੂ ਵੱਸੋਂ ਨੂੰ ਸਾਫ ਪਾਣੀ ਦਿੱਤਾ ਜਾ ਸਕੇ।