
ਭਾਜਪਾ ਸਰਕਾਰ ਵਲੋਂ ਫ਼ੌਜ ਦਾ ਰਾਜਨੀਤਕ ਉਪਯੋਗ ਕੀਤਾ ਜਾ ਰਿਹੈ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਚੰਡੀਗੜ੍ਹ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਨ੍ਹਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿਤੇ। ਇਸ ਦੌਰਾਨ ਪੁਲਵਾਮਾ ਹਮਲੇ ਅਤੇ ਏਅਰਸਟ੍ਰਾਈਕ ਬਾਰੇ ਵੀ ਸਵਾਲ ਚੁੱਕੇ ਗਏ। ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲਵਾਮਾ ਵਰਗੇ ਹਮਲੇ ਤੋਂ ਬਾਅਦ ਕੋਈ ਵੀ ਸਮੇਂ ਦੀ ਸਰਕਾਰ ਉਸ ਦਾ ਜਵਾਬ ਦਿੰਦੀ। ਅੱਜ ਦੀ ਭਾਜਪਾ ਸਰਕਾਰ ਨੇ ਸਿਰਫ਼ ਅਪਣਾ ਕੰਮ ਕੀਤਾ ਹੈ ਜੋ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਵੀ ਕਰ ਚੁੱਕੀਆਂ ਹਨ।
ਕੈਪਟਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਦਿਤੇ ਜਵਾਬ ਨੂੰ ਬਸ ਇਕ ਨਵਾਂ ਨਾਮ ਦੇ ਦਿਤਾ ਹੈ ‘ਸਰਜੀਕਲ ਸਟ੍ਰਾਈਕ’। ਜਦ ਕੈਪਟਨ ਨੂੰ ਇਹ ਪੁੱਛਿਆ ਗਿਆ ਕਿ ਕੀ ਭਾਜਪਾ ਸਰਕਾਰ ਵਲੋਂ ਫ਼ੌਜ ਦਾ ਰਾਜਨੀਤਕ ਉਪਯੋਗ ਕੀਤਾ ਜਾ ਰਿਹਾ ਹੈ ਤਾਂ ਕੈਪਟਨ ਨੇ ਇਸ ਗੱਲ ਨਾਲ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਆਰਮੀ ਦਾ ਰਾਜਨੀਤਕ ਉਪਯੋਗ ਕਰਨਾ ਯਕਦਮ ਗਲਤ ਹੈ। ਵਿੰਗ ਕਮਾਂਡਰ ਅਭਿਨੰਦਨ ਇਕ ਚੰਗੇ ਅਫ਼ਸਰ ਹਨ ਪਰ ਉਨ੍ਹਾਂ ਨੇ ਅਪਣਾ ਫਰਜ਼ ਨਿਭਾਇਆ ਹੈ ਜੋ ਕਿ ਹਰ ਜਵਾਨ ਨਿਭਾਉਂਦਾ ਹੈ।
ਭਾਜਪਾ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਤਾਂ ਰਾਜਨੀਤਕ ਫ਼ਾਇਦੇ ਲਈ ਵਰਤ ਲਿਆ ਪਰ ਉਨ੍ਹਾਂ ਜਵਾਨਾਂ ਦਾ ਕੀ ਜੋ ਰੋਜ਼ ਬਾਰਡਰ ਉਤੇ ਸ਼ਹੀਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਮੁੰਦਰੀ, ਹਵਾਈ ਅਤੇ ਥਲ ਸੈਨਾ ਅਰਾਜਨੀਤਕ ਸੰਸਥਾਵਾਂ ਹਨ ਅਤੇ ਇਨ੍ਹਾਂ ਦੀ ਰਾਜਨੀਤੀ ਵਾਸਤੇ ਵਰਤੋਂ ਬਿਲਕੁਲ ਗਲਤ ਹੈ ਅਤੇ ਉਹ ਇਸ ਦੀ ਸਖ਼ਤ ਨਿੰਦਾ ਕਰਦੇ ਹਨ।