
ਕਿਸਾਨਾਂ ਤੋਂ ਬਚਦੇ ਪੰਜਾਬ ਭਾਜਪਾ ਦੇ ਇਕ ਵੱਡੇ ਆਗੂ ਨੂੰ ਪਾਰਟੀ ਦੇ ਪੇਂਡੂ ਪਿਛੋਕੜ ਵਾਲੇ ਦੂਸਰੇ ਆਗੂ ਦੇ ਸਮਰਥਕਾਂ ਤੋਂ ਹੀ ਪੈ ਗਈਆਂ ‘ਚਪੇੜਾਂ’ ?
ਲੁਧਿਆਣਾ (ਪ੍ਰਮੋਦ ਕੌਸ਼ਲ): ਪੰਜਾਬ ਭਾਜਪਾ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਅੰਦਰੂਨੀ ਕਾਟੋ-ਕਲੇਸ਼ ਬਾਰੇ ਕਾਫ਼ੀ ਕੁੱਝ ਸੁਣਨ ਨੂੰ ਮਿਲ ਰਿਹਾ ਹੈ। ਭਾਜਪਾ ਦੇ ਆਗੂਆਂ ਨਾਲ ਤਾਂ ‘ਅਸਮਾਨ ਤੋਂ ਡਿੱਗੇ ਖਜੂਰ ਵਿਚ ਅਟਕੇ’ ਵਾਲੀ ਹੋ ਰਹੀ ਹੈ।
Farmers Protest
ਕਿਸਾਨਾਂ ਦੇ ਵਿਰੋਧ ਤੋਂ ਬਚਣ ਲਈ ਸੁਰੱਖਿਆ ਮੁਲਾਜ਼ਮਾਂ ਦੇ ਘੇਰੇ ਵਿਚ ਰਹਿਣ ਵਾਲੇ ਕੁੱਝ ਭਾਜਪਾ ਆਗੂ ਅਪਣੀ ਪਾਰਟੀ ਵਿਚ ਹੀ ਸੁਰੱਖਿਅਤ ਨਹੀਂ ਨਜ਼ਰ ਆ ਰਹੇ ਕਿਉਂਕਿ ਬੀਤੇ ਦਿਨੀਂ ਲੁਧਿਆਣਾ ਵਿਖੇ ਇਕ ਘਰੇਲੂ (ਵਿਆਹ) ਸਮਾਗਮ ਵਿਚ ਆਏ ਇਕ ਵੱਡੇ ਭਾਜਪਾ ਆਗੂ ਨੂੰ ਇਕ ਪੇਂਡੂ ਪਿਛੋਕੜ ਵਾਲੇ ਭਾਜਪਾ ਆਗੂ ਦੇ ਸਮਰਥਕਾਂ ਨੇ ‘ਚਪੇੜਾਂ’ ਜੜ ਦਿਤੀਆਂ। ਭਾਜਪਾ ਦੇ ਅੰਦਰ ਹੀ ਨਹੀਂ ਸਗੋਂ ਸਿਆਸੀ ਹਲਕਿਆਂ ਵਿਚ ਇਨ੍ਹਾਂ ‘ਚਪੇੜਾਂ’ ਦੀ ਕਾਫ਼ੀ ਗੂੰਜ ਪੈ ਰਹੀ ਹੈ।
BJP
ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦੇ ਕਈ ਆਗੂ ਤਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਾਰੀ ਕਿਸਾਨ ਅੰਦੋਲਨ ਕਰ ਕੇ ਪਾਰਟੀ ਤੋਂ ਹੀ ਕਿਨਾਰਾ ਕਰ ਗਏ ਹਨ ਜਦਕਿ ਕਈ ਆਗੂ ਪਾਰਟੀ ਦੇ ਅੰਦਰ ਰਹਿ ਕੇ ਹੀ ਕਿਸਾਨਾਂ ਦੇ ਮਸਲੇ ਨੂੰ ਸੁਲਝਾਉਣ ਦੀ ਗੱਲ ਵੀ ਕਰ ਰਹੇ ਹਨ।
Meghalaya Governor Satyapal Malik
ਪੰਜਾਬ ਭਾਜਪਾ ਦੇ ਅਜਿਹੇ ਕੁੱਝ ਆਗੂਆਂ ਤੋਂ ਇਲਾਵਾ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਵਿਚ ਇਕ ਨਾਮ ਹੁਣ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਦਾ ਵੀ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦਾ ਅਪਮਾਨ ਨਾ ਕਰਨ ਦੀ ਅਪੀਲ ਤਕ ਕੀਤੀ ਹੈ। ਅਜਿਹੇ ਹੀ ਜਾਗਦੀ ਜ਼ਮੀਰ ਵਾਲੇ ਕੁੱਝ ਆਗੂ ਪੰਜਾਬ ਭਾਜਪਾ ਵਿਚ ਵੀ ਹਨ ਜਿਹੜੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ ਅਤੇ ਗੱਲ ਵੀ ਇਸੇ ਨਾਲ ਸਬੰਧ ਰੱਖਦੀ ਹੈ, ਇਸ ਲਈ ਦਸਣੀ ਤਾਂ ਬਣਦੀ ਹੀ ਹੈ।
ਦਰਅਸਲ ਮਾਮਲਾ ਕੁੱਝ ਦਿਨ ਪਹਿਲਾਂ ਦਾ ਹੈ। ਭਾਜਪਾ ਦੇ ਅੰਦਰ ਮੌਜੂਦ ਸਾਡੇ ਭਰੋਸੇਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਬੀਤੇ ਦਿਨੀਂ ਲੁਧਿਆਣਾ ਵਿਖੇ ਹੋਏ ਇਕ (ਵਿਆਹ) ਸਮਾਗਮ ਦੌਰਾਨ ਪਾਰਟੀ ਦੇ ਇਕ ਵੱਡੇ ਅਹੁਦੇਦਾਰ ਨੂੰ ਪਾਰਟੀ ਦੇ ਇਕ ਆਗੂ ਦੇ ਸਮਰਥਕਾਂ ਨੇ ‘ਚਪੇੜਾਂ’ ਜੜ ਦਿਤੀਆਂ।
PM Modi
ਸੂਤਰ ਦਸਦੇ ਹਨ ਕਿ ਬੀਤੇ ਦਿਨੀਂ ਲੁਧਿਆਣਾ ਵਿਖੇ ਇਕ ਵੱਡੇ ਭਾਜਪਾ ਆਗੂ ਦੇ ਘਰੇਲੂ ਸਮਾਗਮ ਵਿਚ ਪਾਰਟੀ ਦੇ ਕਈ ਅਹੁਦੇਦਾਰ ਵੀ ਪਹੁੰਚੇ ਹੋਏ ਸਨ। ਉਕਤ ਸਮਾਗਮ ਵਿਚ ਭਾਜਪਾ ਦਾ ਇਕ ਆਗੂ ਜੋ ਕਾਫ਼ੀ ਅਹੁਦਿਆਂ ਤੇ ਰਿਹਾ ਹੈ, ਵੀ ਆਇਆ ਹੋਇਆ ਸੀ। ਦਸਿਆ ਜਾ ਰਿਹਾ ਹੈ ਕਿ ਪੇਂਡੂ ਪਿਛੋਕੜ ਵਾਲੇ ਇਸ ਆਗੂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਕੋਈ ਗੱਲ ਕੀਤੀ ਸੀ ਜਿਸ ਨੂੰ ਲੈ ਕੇ ਪਾਰਟੀ ਦਾ ਇਕ ਵੱਡਾ ਆਗੂ ਕਾਫ਼ੀ ਭੜਕਿਆ ਹੋਇਆ ਸੀ।
Farmers Protest
ਪਤਾ ਲੱਗਿਆ ਹੈ ਕਿ ਉਸ ਸਮਾਗਮ ਵਿਚ ਭਾਜਪਾ ਦੇ ਭੜਕੇ ਹੋਏ ਇਸ ਵੱਡੇ ਆਗੂ ਨੂੰ ਉਸ ਦੀ ਬਦ ਜ਼ੁਬਾਨੀ ਮਹਿੰਗੀ ਪੈ ਗਈ। ਦਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਇਸ ਵੱਡੇ ਆਗੂ ਨੇ ਪੇਂਡੂ ਪਿਛੋਕੜ ਵਾਲੇ ਇਸ ਆਗੂ ਨੂੰ ਮੰਦੇ ਚੰਗੇ ਬੋਲ ਬੋਲਦਿਆਂ ਅੰਦੋਲਨ ਦੇ ਹੱਕ ਵਿਚ ਬੋਲਣ ਕਰ ਕੇ ਖੂਬ ਖਰੀਆਂ ਖੋਟੀਆਂ ਸੁਣਾਉਣੀਆਂ ਸ਼ੁਰੂ ਕਰ ਦਿਤੀਆਂ ਜਿਸ ਕਰ ਕੇ ਪੇਂਡੂ ਪਿਛੋਕੜ ਵਾਲੇ ਉਕਤ ਭਾਜਪਾ ਆਗੂ ਨਾਲ ਉਸ ਦੇ ਸਮਰਥਕ ਕੁੱਝ ਨੌਜਵਾਨਾਂ ਨੂੰ ਇਹ ਗੱਲ ਰਾਸ ਨਾ ਆਈ ਅਤੇ ਉਨ੍ਹਾਂ ਉਕਤ ਵੱਡੇ ਆਗੂ ਨੂੰ ‘ਚਪੇੜਾਂ’ ਜੜ ਦਿਤੀਆਂ। ਇਹ ਸੱਭ ਹੁੰਦਾ ਦੇਖ ਕੁੱਝ ਹੋਰ ਵੱਡੇ ਆਗੂਆਂ ਨੇ ਫਟਾਫਟ ਮਸਲੇ ਵਿਚ ਦਖ਼ਲ ਦਿਤਾ ਅਤੇ ਫਿਰ ਮਾਮਲੇ ਨੂੰ ਸ਼ਾਂਤ ਕਰਵਾਇਆ।
ਦਸਿਆ ਜਾ ਰਿਹਾ ਹੈ ਇਸ ਸਾਰੀ ਗੱਲਬਾਤ ਤੋਂ ਬਾਅਦ ਗੁੱਸੇ ਵਿਚ ਆਏ ਪੇਂਡੂ ਪਿਛੋਕੜ ਵਾਲੇ ਉਕਤ ਆਗੂ ਨੇ ਪਾਰਟੀ ਦੇ ਅਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ। ਇਸ ਸਾਰੇ ਮਸਲੇ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਅਧਿਕਾਰਕ ਪੁਸ਼ਟੀ ਤਾਂ ਕਰਨ ਲਈ ਕੋਈ ਤਿਆਰ ਨਹੀਂ ਪਰ ਭਾਜਪਾ ਦੇ ਕੁੱਝ ਆਗੂਆਂ ਵਿਚ ਇਸ ਮਸਲੇ ਨੂੰ ਲੈ ਕੇ ਚਰਚਾ ਕਾਫ਼ੀ ਸੁਣਨ ਨੂੰ ਮਿਲ ਰਹੀ ਹੈ।
Farmers Protest
ਹਾਲਾਂਕਿ ਇਹ ਸਾਰੀ ਗੱਲਬਾਤ ਕੁੱਝ ਦਿਨ ਪਹਿਲਾਂ ਦੀ ਦਸੀ ਜਾ ਰਹੀ ਹੈ ਪਰ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਭਾਜਪਾ ਦੇ ਅੰਦਰ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਚਰਚਾ ਹੋ ਰਹੀ ਹੈ ਅਤੇ ਕਈ ਭਾਜਪਾ ਆਗੂ ਇਸ ਮਸਲੇ ਦਾ ਜਲਦ ਹੀ ਹੱਲ ਵੀ ਚਾਹੁੰਦੇ ਹਨ, ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸਾਨ ਅੰਦੋਲਨ ਦਰਮਿਆਨ ਪੰਜਾਬ ਵਿਚ ਭਾਜਪਾ ਇਕੱਲਿਆਂ ਚੋਣ ਲੜਨ ਦੇ ਜੋ ਸੁਪਨੇ ਦੇਖ ਰਹੀ ਹੈ ਉਹ ਸੁਪਨੇ ਹਕੀਕਤ ਵਿਚ ਬਦਲਣੇ ਸੁਖਾਲੇ ਨਹੀਂ ਹੋਣਗੇ।