
ਅੰਗਰੇਜ਼ੀ ਤੇ ਬੀਅਰ ਮਿਲਾ ਕੇ ਸ਼ਰਾਬ ਦੀ ਸਾਲਾਨਾ 40 ਕਰੋੜ ਤੋਂ ਵੱਧ ਬੋਤਲਾਂ ਦੀ ਖਪਤ
ਬਠਿੰਡਾ (ਸੁਖਜਿੰਦਰ ਮਾਨ): ਸ਼ਰਾਬ ਤੇ ਕਬਾਬ ਦੇ ਸ਼ੌਕੀਨ ਮੰਨੇ ਜਾਂਦੇ ਪੰਜਾਬੀ ਇਕ ਸਾਲ ’ਚ ਇਕੱਲੀਆਂ ਦੇਸੀ ਸ਼ਰਾਬ ਦੀਆਂ ਸਾਢੇ 21 ਕਰੋੜ ਦੇ ਕਰੀਬ ਬੋਤਲਾਂ ਖ਼ਾਲੀ ਕਰ ਦੇਣਗੇ। ਇਹ ਖਪਤ ਮਹੀਨੇ ਦੀ 1 ਕਰੋੜ 78 ਲੱਖ ਬੋਤਲਾਂ ਅਤੇ ਰੋਜ਼ਾਨਾ ਦੀਆਂ 5 ਲੱਖ 93 ਹਜ਼ਾਰ ਬੋਤਲਾਂ ਦੀ ਬਣਦੀ ਹੈ। ਜਦੋਂਕਿ ਅੰਗਰੇਜ਼ੀ ਤੇ ਬੀਅਰ ਦਾ ਕੋਟਾ ਇਸ ਤੋਂ ਵਖਰਾ ਹੈ। ਜੇਕਰ ਇਨ੍ਹਾਂ ਨੂੰ ਵੀ ਵਿਚ ਜੋੜ ਲਿਆ ਜਾਵੇ ਤਾਂ ਸੂਬੇ ’ਚ ਸ਼ਰਾਬ ਦੀ ਸਾਲਾਨਾ ਖਪਤ 40 ਕਰੋੜ ਬੋਤਲਾਂ ਦੇ ਕਰੀਬ ਪੁੱਜ ਜਾਂਦੀ ਹੈ। ਇਹ ਵਖਰੀ ਗੱਲ ਹੈ ਕਿ ਸ਼ਰਾਬ ਸਰਕਾਰ ਲਈ ਆਮਦਨੀ ਦਾ ਮੁੱਖ ਸਰੋਤ ਬਣੀ ਹੋਈ ਹੈ।
ਇਹ ਵੀ ਪੜ੍ਹੋ: ਹਿਚਕੀ ਕਿਉਂ ਆਉਂਦੀ ਹੈ ਅਤੇ ਇਸ ਨੂੰ ਦੂਰ ਕਿਵੇਂ ਕਰੀਏ?
ਅਗਲੇ ਵਿਤੀ ਸਾਲ ਵਿਚ ਸਰਕਾਰ ਨੂੰ ਸ਼ਰਾਬ ਤੋਂ ਸਾਲਾਨਾ 9754 ਕਰੋੜ ਦੀ ਪੱਕੀ ਆਮਦਨੀ ਹੋਵੇਗੀ, ਜਿਹੜੇ ਕਿ ਮੌਜੂਦਾ ਵਿੱਤੀ ਸਾਲ ਦੇ 8896 ਕਰੋੜ ਤੋਂ ਸਾਢੇ ਅੱਠ ਸੋ ਕਰੋੜ ਵੱਧ ਹੈ। ਪੰਜਾਬ ਵਿਚ ਮੌਜੂਦਾ ਸਮੇਂ ਪੌਣੇ ਤਿੰਨ ਕਰੋੜ ਦੇ ਕਰੀਬ ਆਬਾਦੀ ਹੈ, ਜਿਸ ਵਿਚ ਮਰਦ ਵੋਟਰਾਂ ਦੀ ਗਿਣਤੀ 1 ਕਰੋੜ 11 ਲੱਖ ਅਤੇ ਔਰਤ ਵੋਟਰਾਂ ਦੀ ਗਿਣਤੀ 1 ਕਰੋੜ ਦੇ ਕਰੀਬ ਹੈ। ਇਸੇ ਤਰ੍ਹਾਂ 66 ਲੱਖ ਦੇ ਕਰੀਬ ਆਬਾਦੀ ਨਾਬਾਲਗ਼ਾਂ ਦੀ ਹੈ, ਜਿਨ੍ਹਾਂ ਦੀ ਉਮਰ ਹਾਲੇ ਤਕ 18 ਸਾਲ ਤੋਂ ਘੱਟ ਹੈ। ਪੰਜਾਬ ਸਰਕਾਰ ਵਲੋਂ ਆਗਾਮੀ ਵਿੱਤੀ ਸਾਲ ਲਈ ਐਲਾਨੀ ‘ਨਵੀਂ ਸ਼ਰਾਬ ਨੀਤੀ’ ਵਿਚ ਦੇਸੀ ਸ਼ਰਾਬ ਦਾ ਕੋਟਾ 8 ਕਰੋੜ 4 ਲੱਖ 50 ਹਜ਼ਾਰ ਪਰੂਫ਼ ਲੀਟਰ ਦਾ ਕੋਟਾ ਰਖਿਆ ਗਿਆ ਹੈ।
ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਤੇ ਸਿੱਧੂ ਮੂਸੇਵਾਲਾ
ਨਵੀਂ ਨੀਤੀ ਮੁਤਾਬਕ ਠੇਕੇਦਾਰ ਅੰਗਰੇਜ਼ੀ ਤੇ ਬੀਅਰ ਲਾਗਤ ਦੇ ਹਿਸਾਬ ਨਾਲ ਚੁੱਕ ਸਕਦੇ ਹਨ। ਚਾਲੂ ਸਾਲ ਦੇ ਅੰਕੜਿਆਂ ਨੂੰ ਵਾਚਿਆ ਜਾਵੇ ਤਾਂ ਪੰਜਾਬੀ ਹੁਣ ਦੇਸ਼ੀ ਨੂੰ ਛੱਡ ਅੰਗਰੇਜ਼ੀ ਤੇ ਬੀਅਰ ਦੇ ‘ਦੀਵਾਨੇ’ ਹੁੰਦੇ ਜਾ ਰਹੇ ਹਨ, ਜਿਸ ਦੇ ਚਲਦੇ ਜੇਕਰ ਤਿੰਨਾਂ ਦੇ ਅੰਕੜੇ ਜੋੜ ਲਏ ਜਾਣ ਤਾਂ ਸੂਬੇ ਵਿਚ ਸ਼ਰਾਬ ਦਾ ਛੇਵਾਂ ਦਰਿਆ ਵਹਿੰਦਾ ਨਜ਼ਰ ਆਵੇਗਾ। ਹਾਲਾਂਕਿ ਨਵੀਂ ਨੀਤੀ ਨੂੰ ਗਹੁ ਨਾਲ ਵਾਚਣ ਤੋਂ ਜੋ ਤੱਥ ਸਾਹਮਣੇ ਆਏ ਹਨ, ਉਹ ਕਾਫ਼ੀ ਮਹੱਤਵਪੂਰਨ ਤੇ ਹੈਰਾਨੀਜਨਕ ਹਨ। ਇਨ੍ਹਾਂ ਤੱਥਾਂ ਮੁਤਾਬਕ ਪਿਛਲੇ ਕਰੀਬ ਇਕ ਦਹਾਕੇ ਤੋਂ ਪੰਜਾਬ ਵਿਚ ਦੇਸੀ ਤੇ ਅੰਗਰੇਜ਼ੀ ਦੀ ਖਪਤ ਲਗਾਤਾਰ ਵਧਦੀ ਜਾ ਰਹੀ ਹੈ।
ਅੰਗਰੇਜ਼ੀ ਸ਼ਰਾਬ ਦੀ ਵਧਦੀ ਖਪਤ ਨੂੰ ਦੇਖਦਿਆਂ ਪਿਛਲੇ ਸਾਲਾਂ ਤੋਂ ਹੀ ਸਰਕਾਰਾਂ ਨੇ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀਆਂ ਦੁਕਾਨਾਂ ਇਕ ਕਰ ਦਿਤੀਆਂ ਸਨ ਭਾਵ ਗ੍ਰਾਹਕ ਅਪਣੀ ਪਸੰਦ ਦੀ ਸ਼ਰਾਬ ਕਿਤੋਂ ਵੀ ਲੈ ਸਕਦਾ ਹੈ। ਸ਼ਰਾਬ ਦੀ ਖਪਤ ਵਧਾਉਣ ਵਿਚ ਇਕੱਲੇ ਮਰਦ ਹੀ ‘ਸ਼ੇਰ’ ਨਹੀਂ, ਬਲਕਿ ਪੰਜਾਬਣਾਂ ਵੀ ਹੁਣ ਪਿੱਛੇ ਨਹੀਂ ਰਹੀਆਂ ਹਨ। ਔਰਤਾਂ ਤੇ ਖ਼ਾਸਕਰ ਨੌਜਵਾਨ ਲੜਕੀਆਂ ਵਿਚ ਵੀ ਪੱਛਮੀ ਤਰਜ਼ ’ਤੇ ਸ਼ਰਾਬ ਦੇ ਸੇਵਨ ਦੀ ‘ਲਲਕ’ ਵਧਦੀ ਜਾ ਰਹੀ ਹੈ।
ਹਾਲਾਂਕਿ ਸ਼ਰਾਬ ਦੇ ਰੇਟ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਹਨ, ਜਿਸ ਨਾਲ ਸਰਕਾਰ ਦੀ ਆਮਦਨੀ ਵਿਚ ਭਾਰੀ ਵਾਧਾ ਹੋਇਆ ਹੈ। ਵੱਡੀ ਗੱਲ ਇਹ ਵੀ ਹੈ ਕਿ ਸ਼ਰਾਬ ਦੀ ਬੋਤਲ ਉਪਰ ਸਿਰਫ਼ ਘੱਟੋ-ਘੱਟ ਰੇਟ ਦੀ ਲਿਖਿਆ ਹੁੰਦਾ ਹੈ ਜਦੋਂਕਿ ਵੱਧ ਰੇਟ ਪੰਜਾਬ ’ਚ ਹਮੇਸ਼ਾ ਹੀ ਠੇਕੇਦਾਰਾਂ ਦੀ ਮਨਮਰਜ਼ੀ ਦੇ ਹਿਸਾਬ ਨਾਲ ਚਲਦਾ ਆ ਰਿਹਾ ਹੈ। ਉਂਜ ਇਸ ਵਾਰ ਸਰਕਾਰ ਵਲੋਂ ਬੀਅਰ ਦੀ ਬੋਤਲ ਉਪਰ ਵੱਧ ਤੋਂ ਵੱਧ ਰੇਟ ਲਿਖਣ ਦਾ ਵੀ ਭਰੋਸਾ ਦਿਤਾ ਹੈ। ਗੌਰਤਲਬ ਹੈ ਕਿ ਨਵੀਂ ਸ਼ਰਾਬ ਨੀਤੀ ਤਹਿਤ ਸਰਕਾਰ ਨੇ ਪੁਰਾਣੇ ਠੇਕੇਦਾਰਾਂ ਨੂੰ ਨਾਲ ਜੋੜੀ ਰੱਖਣ ਲਈ ਕੁੱਝ ਫ਼ੀ ਸਦੀ ਵਾਧੇ ਨਾਲ ਨਵੀਨੀਕਰਨ ਦੀ ਸਹੂਲਤ ਵੀ ਦਿਤੀ ਹੈ ਜਿਸ ਦਾ ਕੁੱਝ ਜ਼ਿਲ੍ਹਿਆਂ ਵਿਚ ਠੇਕੇਦਾਰਾਂ ਨੇ ਫ਼ਾਇਦਾ ਵੀ ਉਠਾਇਆ ਹੈ ਅਤੇ ਕਈ ਜ਼ਿਲ੍ਹਿਆਂ ਵਿਚ ਬਿਨਾਂ ਟੈਂਡਰ ਲਗਾਏ ਸਮੂਹ ਗਰੁੁਪਾਂ ਦੀ ਨਿਲਾਮੀ ਹੋ ਚੁੱਕੀ ਹੈ।