
ਕਿਹਾ, ਪੰਜਾਬੀ ਯੂਨੀਵਰਸਿਟੀ ਮਾਲਵੇ ਦਾ ਦਿਲ, ਇਸ ਨੂੰ ਕਿਸੇ ਵੀ ਹਾਲਤ ਵਿਚ ਬੰਦ ਨਹੀਂ ਹੋਣ ਦੇਵਾਂਗੇ”
ਚੰਡੀਗੜ੍ਹ, (ਨਵਜੋਤ ਸਿੰਘ ਧਾਲੀਵਾਲ, ਕਮਲਜੀਤ ਕੌਰ, ਵੀਰਪਾਲ ਕੌਰ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਵਰ੍ਹੇ 2023-24 ਲਈ 1,96,462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਪੰਜਾਬ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਸਮੇਂ ਦੌਰਾਨ ਪੰਜਾਬ ਕਿਵੇਂ ਤਰੱਕੀ ਦੀ ਲੀਹ ’ਤੇ ਦੌੜਦਾ ਨਜ਼ਰ ਆਵੇਗਾ ਅਤੇ ਪੰਜਾਬ ਦਾ ਕਰਜ਼ਾ ਉਤਾਰਨ ਲਈ ਪੈਸਾ ਕਿਥੋਂ ਆਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਨੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਇੰਟਰਵਿਊ ਦੇ ਮੁਖ ਅੰਸ਼:
ਸਵਾਲ: ਪੰਜਾਬ ਦੇ ਲੋਕਾਂ ਨੇ ਸੂਬੇ ਦੇ ਖ਼ਜ਼ਾਨੇ ਦੀਆਂ ਕੁੰਜੀਆਂ ਤੁਹਾਡੇ ਹੱਥ ਵਿਚ ਦਿਤੀਆਂ। ਪਹਿਲਾਂ ਇਹ ਕੁੰਜੀਆਂ ਮਨਪ੍ਰੀਤ ਸਿੰਘ ਬਾਦਲ ਦੇ ਹੱਥ ਵਿਚ ਰਹੀਆਂ ਸਨ। ਉਨ੍ਹਾਂ ਕਿਹਾ ਸੀ ਮੈਂ ਪੰਜਾਬ ਦੇ ਕਰਜ਼ੇ ਦੀ ਪੰਡ ਲਾਹ ਦੇਵਾਂਗਾ ਪਰ ਇਸ ਦੇ ਉਲਟ ਇਹ ਪੰਡ ਭਾਰੀ ਹੋਈ। ਤੁਸੀਂ ਇਹ ਪੰਡ ਹੌਲੀ ਕਰਨ ਵਲ ਵਧ ਰਹੇ ਹੋ ਜਾਂ ਇਹ ਪੰਡ ਹੋਰ ਭਾਰੀ ਹੋਵੇਗੀ ਕਿਉਂਕਿ ਇਲਜ਼ਾਮ ਲਗਦੇ ਹਨ ਕਿ ਜਦੋਂ ਦੀ ਨਵੀਂ ਸਰਕਾਰ ਆਈ ਹੈ, ਕਰਜ਼ਾ ਹੀ ਲਈ ਜਾ ਰਹੀ ਹੈ?
Manpreet Badal
ਜਵਾਬ: ਇਹ ਕਰਜ਼ਾ ਪੰਜਾਬ ਸਿਰ ਰਾਤੋ-ਰਾਤ ਨਹੀਂ ਚੜਿ੍ਹਆ। ਲੰਮਾ ਅਰਸਾ ਪੰਜਾਬ ਵਿਚ ਤਿੰਨ ਪਾਰਟੀਆਂ ਦੀ ਸਰਕਾਰ ਰਹੀ ਹੈ। ਅਕਾਲੀ-ਭਾਜਪਾ ਦੀ ਸਾਂਝੀ ਸਰਕਾਰ ਵੇਲੇ ਵੀ ਮਨਪ੍ਰੀਤ ਬਾਦਲ ਮੰਤਰੀ ਸੀ ਅਤੇ ਕਾਂਗਰਸ ਸਰਕਾਰ ਸਮੇਂ ਵੀ ਉਹ ਵਿੱਤ ਮੰਤਰੀ ਸੀ। ਹੁਣ ਉਹ ਕਿਸੇ ਹੋਰ ਪਾਰਟੀ ਵਿਚ ਚਲੇ ਗਏ ਹਨ। ਉਨ੍ਹਾਂ ਦਾ ਸੂਬੇ ਨਾਲ ਕੋਈ ਪਿਆਰ ਨਹੀਂ, ਉਨ੍ਹਾਂ ਨੂੰ ਸੱਤਾ ਵਿਚ ਰਹਿਣ ਦੀ ਆਦਤ ਅਤੇ ਭੁੱਖ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਸਿਰ ਕਰਜ਼ਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਦਾ ਕਰਜ਼ਾ 3 ਲੱਖ ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਸੀ। ਸਾਡੀ ਸਰਕਾਰ ਆਉਣ ਮਗਰੋਂ ਬਹੁਤ ਸਾਰੇ ਖੇਤਰਾਂ ਵਿਚ ਨਵੀਆਂ ਪਹਿਲਕਦਮੀਆਂ ਕੀਤੀਆਂ, ਜਿਨ੍ਹਾਂ ਰਾਹੀਂ ਪੰਜਾਬ ਦਾ ਮਾਲੀਆ ਵਧਾਇਆ ਗਿਆ। ਜਦੋਂ ਇਨ੍ਹਾਂ ਸੱਜਣਾਂ ਦੀ ਸਰਕਾਰ ਸੀ ਤਾਂ ਇਨ੍ਹਾਂ ਨੇ ਮਾਲੀਆ ਵਧਾਉਣ ਦੇ ਯਤਨ ਹੀ ਨਹੀਂ ਕੀਤੇ।
ਸਵਾਲ: ਹੋ ਸਕਦਾ ਹੈ ਕਿ ਤੁਸੀਂ ਕਈ ਖੇਤਰਾਂ ਵਿਚ ਮਾਲੀਆ ਵਧਾਇਆ ਹੋਵੇ ਪਰ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵਲੋਂ ਪੰਜਾਬੀਆਂ ਨਾਲ ਜਿਹੜਾ ਵੱਡਾ ਵਾਅਦਾ ਕੀਤਾ ਗਿਆ ਸੀ ਕਿ ਰੇਤੇ ਤੋਂ 20 ਹਜ਼ਾਰ ਕਰੋੜ ਰੁਪਏ ਕਮਾਈ ਕੀਤੀ ਜਾਵੇਗੀ, ਵਿਰੋਧੀਆਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਹਾਕਿਆਂ ਦੀ ਕੁਲ ਕਮਾਈ ਮਿਲਾ ਕੇ ਵੀ ਇਸ ਦੇ ਨੇੜੇ-ਤੇੜੇ ਨਹੀਂ ਪਹੁੰਚਦੀ?
ਜਵਾਬ: ਪੰਜਾਬ ਵਿਚ ਨਵੀਂ ਆਬਕਾਰੀ ਨੀਤੀ ਆਈ, ਪੰਜਾਬ ਨੇ 45 ਫ਼ੀ ਸਦੀ ਤੋਂ ਵੱਧ ਮਾਲੀਆ ਕਮਾਇਆ। ਇਨ੍ਹਾਂ ਦੇ ਸਮੇਂ ਮਾਲੀਆ 6100 ਕਰੋੜ ’ਤੇ ਹੀ ਖੜਾ ਸੀ। ਅੱਜ ਉਹ ਮਾਲੀਆ ਇਕ ਸਾਲ ਦੌਰਾਨ ਹੀ ਵਧ ਕੇ 9000 ਕਰੋੜ ਰੁਪਏ ਹੋ ਗਿਆ ਹੈ। ਨਾਨ ਟੈਕਸ ਰੈਵੈਨਿਊ ਵਿਚ 26% ਦਾ ਵਾਧਾ ਹੋਇਆ, ਜੀਐਸਟੀ ਵਿਚ ਅਸੀਂ 25% ਦਾ ਟੀਚਾ ਮਿਥਿਆ ਅਤੇ 23% ਵਾਧਾ ਹੋਇਆ।
Arvind Kejriwal
ਜਿੰਨੇ ਅਸੀਂ ਟੀਚੇ ਮਿੱਥੇ, ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੂੰ ਅਸੀਂ ਪਾਰ ਕਰ ਲਿਆ ਹੈ। 2017 ਵਿਚ ਪੰਜਾਬ ’ਚ ਜੀਐਸਟੀ ਆਇਆ, ਇਨ੍ਹਾਂ ਨੇ 5 ਸਾਲ ਕੋਈ ਕੰਮ ਹੀ ਨਹੀਂ ਕੀਤਾ, ਮੁਆਵਜ਼ੇ ’ਤੇ ਨਿਰਭਰ ਰਹੇ। ਸਾਡੀ ਸਰਕਾਰ ਦੇ ਆਉਣ ਸਾਰ ਅਸੀਂ ਟੈਕਸ ਇੰਟੈਲੀਜੈਂਸ ਯੂਨਿਟ, ਇਨਫ਼ੋਰਸਮੈਂਟ ਨੂੰ ਵਧਾਉਣਾ ਆਦਿ ਕੰਮ ਕੀਤੇ ਤਾਂ ਜੋ ਪੰਜਾਬ ਦੇ ਮਾਲੀਏ ਵਿਚ ਵਾਧਾ ਹੋਵੇ। ਇਹ ਮਾਲੀਆ ਵਧਾਉਣ ਦੀ ਬਜਾਏ ਪਿੱਛੇ ਜਾਂਦੇ ਰਹੇ ਕਿਉਂਕਿ ਇਨ੍ਹਾਂ ਨੇ ਪੰਜਾਬ ਵਿਚ ਵੱਡੇ ਮਾਫ਼ੀਆ ਰਾਜ ਦੀ ਸਿਰਜਣਾ ਕੀਤੀ ਹੋਈ ਸੀ। ਕਿਤੇ ਟਰਾਂਸਪੋਰਟ, ਕਿਤੇ ਰੇਤ, ਕਿਤੇ ਸ਼ਰਾਬ ਦਾ ਮਾਫ਼ੀਆ ਚਲ ਰਿਹਾ ਸੀ।
ਸਵਾਲ: ਇਹ ਮਾਫ਼ੀਆ ਤੁਸੀਂ ਤੋੜ ਦਿਤਾ? ਇਕ ਸਾਲ ਵਿਚ ਮਾਫ਼ੀਆ ਟੁੱਟ ਗਿਆ?
ਜਵਾਬ: ਬਿਲਕੁਲ, ਮਾਫ਼ੀਆ ਜ਼ਮੀਨੀ ਪੱਧਰ ਤੋਂ ਟੁੱਟ ਰਿਹਾ ਹੈ। ਵੱਡੇ ਤੌਰ ਉਤੇ ਮਾਫ਼ੀਆ ਟੁੱਟ ਚੁੱਕਿਆ ਹੈ। ਜੇਕਰ ਮਾਫ਼ੀਆ ਟੁੱਟਿਆ ਤਾਂ ਹੀ ਮੈਂ 9 ਮਹੀਨਿਆਂ ਵਿਚ 3000 ਕਰੋੜ ਰੁਪਏ ਵਧਾਇਆ। ਮਾਲੀਆ ਬਿਲਕੁਲ ਵਧਿਆ ਹੈ। ਤੁਸੀਂ ਮਾਈਨਿੰਗ ਦੀ ਗੱਲ ਕੀਤੀ, ਪੰਜਾਬ ਸਰਕਾਰ ਹੁਣ ਨਵੀਂ ਮਾਈਨਿੰਗ ਦੀ ਨੀਤੀ ਲੈ ਕੇ ਆਈ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਇਸ ਵਿਚ ਵੀ ਵਾਧਾ ਹੋਵੇਗਾ। ਅਸੀਂ ਪੰਜਾਬ ਦਾ ਮਾਲੀਆ ਵਧਾਉਣ ਲਈ ਨਵੀਆਂ ਨੀਤੀਆਂ ਲੈ ਕੇ ਆ ਰਹੇ ਹਾਂ। ਇਨ੍ਹਾਂ ਵਿਚ ਨਵੀਂ ਸੈਰ-ਸਪਾਟਾ ਨੀਤੀ, ਵਾਟਰ ਟੂਰਿਜ਼ਮ ਨੀਤੀ, ਐਡਵੈਂਚਰ ਟੂਰਿਜ਼ਮ, ਇੰਡਸਟਰੀ ਆਦਿ ਦੀਆਂ ਨੀਤੀਆਂ ਸ਼ਾਮਲ ਹਨ। ਜਦੋਂ ਪੰਜਾਬ ਵਿਚ ਉਦਯੋਗ ਆਉਣਗੇ ਤਾਂ ਸਾਡੇ ਬੱਚਿਆਂ ਨੂੰ ਨੌਕਰੀ ਮਿਲੇਗੀ ਅਤੇ ਸਾਡੀ ਆਰਥਵਿਵਸਥਾ ਤਾਕਤਵਰ ਹੋਵੇਗੀ।
ਸਵਾਲ: 2017 ਦੀਆਂ ਚੋਣਾਂ ਵਿਚ ਤੁਹਾਡੇ 20 ਵਿਧਾਇਕ ਸਨ, 2022 ਦੀਆਂ ਚੋਣਾਂ ਵਿਚ ਲੋਕਾਂ ਨੇ ਤੁਹਾਨੂੰ ਕਰੀਬ 5 ਗੁਣਾ ਸੀਟਾਂ ਜਿਤਾ ਕੇ ਭੇਜਿਆ। ਇਸ ਦਾ ਕਾਰਨ ਇਹ ਸੀ ਕਿ ਤੁਸੀਂ ਸਿਖਿਆ ਅਤੇ ਸਿਹਤ ਦਾ ਵਾਅਦਾ ਕੀਤਾ ਸੀ ਪਰ ਹੋਇਆ ਇਸ ਦੇ ਉਲਟ। ਇਸ ਬਜਟ ਵਿਚ ਉਚੇਰੀ ਸਿਖਿਆ ਦਾ ਬਹੁਤ ਸੀਮਤ ਬਜਟ 990 ਕਰੋੜ ਰੁਪਏ ਰਖਿਆ ਗਿਆ। ਹਰ ਯੂਨੀਵਰਸਿਟੀ ਨਾਲ ਕਾਲਜਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਕੀ ਤੁਹਾਨੂੰ ਲਗਦਾ ਹੈ ਕਿ ਬਜਟ ਉਨ੍ਹਾਂ ਲਈ ਕਾਫ਼ੀ ਹੈ?
ਜਵਾਬ: ਬਿਲਕੁਲ, ਇਸ ਸਬੰਧੀ ਮੈਂ ਬਜਟ ਤੋਂ ਪਹਿਲਾਂ ਇਕ ਅਹਿਮ ਮੀਟਿੰਗ ਕੀਤੀ ਸੀ। ਯੂਨੀਵਰਸਿਟੀਆਂ ਜਾਂ ਉਨ੍ਹਾਂ ਨਾਲ ਸਬੰਧਤ ਕਾਲਜਾਂ ਨੂੰ ਕਿੰਨਾ ਪੈਸਾ ਚਾਹੀਦਾ ਹੈ, ਇਹ ਸੱਭ ਮੀਟਿੰਗ ਵਿਚ ਵਿਚਾਰਿਆ ਗਿਆ ਸੀ। ਜੇਕਰ ਕਿਸੇ ਨੂੰ ਕੋਈ ਘਾਟਾ ਪੈਂਦਾ ਹੈ ਤਾਂ ਉਸ ਨੂੰ ਪੂਰਾ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ, ਅਸੀਂ ਜ਼ਿੰਮੇਵਾਰੀ ਤੋਂ ਨਹੀਂ ਭਜਦੇ। ਕਈ ਯੂਨੀਵਰਸਿਟੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੈਸੇ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਕੋਲ ਅਪਣੇ ਸਾਧਨ ਹਨ। ਕਈ ਯੂਨੀਵਰਸਿਟੀਆਂ ਵਿਚ ਪੁਰਾਣੀਆਂ ਬੇਨਿਯਮੀਆਂ ਜਾਂ ਵਾਈਸ ਚਾਂਸਲਰਾਂ ਦੀਆਂ ਗ਼ਲਤੀਆਂ ਕਾਰਨ ਕਮੀ ਆਈ ਹੈ, ਇਸ ਨੂੰ ਅਸੀਂ ਦੂਰ ਕਰਾਂਗੇ।
Professor Arvind Vice Chancellor
ਸਵਾਲ: ਵਾਈਸ ਚਾਂਸਲਰ ਇਕ ‘ਸਿਆਸੀ ਅਹੁਦਾ’ ਬਣ ਕੇ ਰਹਿ ਗਿਆ ਹੈ। ਕਿਸੇ ਦੀਆਂ ਕੀਤੀਆਂ ਗ਼ਲਤੀਆਂ ਮੁਲਾਜ਼ਮ, ਪ੍ਰੋਫ਼ੈਸਰ ਅਤੇ ਵਿਦਿਆਰਥੀ ਕਿਉਂ ਭੁਗਤਣ? ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਲਵੇ ਦਾ ਦਿਲ ਹੈ, ਜੇਕਰ ਉਹ ਅਦਾਰਾ ਬੰਦ ਹੋ ਜਾਂਦਾ ਹੈ ਤਾਂ ਪੰਜਾਬ ਦੇ ਲੱਖਾਂ ਨੌਜਵਾਨ ਪੜ੍ਹਾਈ ਤੋਂ ਅਸਮਰੱਥ ਰਹਿ ਸਕਦੇ ਹਨ। ਪੰਜਾਬ ਭਵਿੱਖ ਕਾਲੇ ਦੌਰ ਵਿਚ ਜਾ ਸਕਦਾ ਹੈ। ਇਸ ਦੀ ਗ੍ਰਾਂਟ ਵਿਚ ਪਿਛਲੇ ਸਾਲ 4 ਕਰੋੜ ਦੀ ਬ੍ਰੇਕ ਲੱਗੀ ਸੀ ਅਤੇ ਇਸ ਵਾਰ ਹੋਰ ਜ਼ਿਆਦਾ ਬ੍ਰੇਕ ਲੱਗ ਗਈ ਹੈ। ਇਸ ਦਾ ਕੀ ਕਾਰਨ ਹੈ ਕਿਉਂਕਿ ਕਈ ਚੀਜ਼ਾਂ ਸਰਕਾਰਾਂ ਲਈ ਬੋਝ ਨਹੀਂ ਸਗੋਂ ਸਾਡੀ ਜ਼ਿੰਮੇਵਾਰੀ ਹੁੰਦੀਆਂ ਹਨ ਅਤੇ ਸਿਖਿਆ ਉਨ੍ਹਾਂ ਵਿਚੋਂ ਇਕ ਹੈ?
ਜਵਾਬ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੁਰਾਣੇ ਸਮੇਂ ਦੌਰਾਨ ਕਈ ਬੇਨਿਯਮੀਆਂ ਹੋਈਆਂ। ਅੱਜ ਉਸ ’ਤੇ 150 ਕਰੋੜ ਰੁਪਏ ਦਾ ਕਰਜ਼ਾ ਹੈ, ਹਾਲਾਤ ਬਹੁਤ ਮਾੜੇ ਹਨ। ਅਸੀਂ ਯੂਨੀਵਰਸਿਟੀ ਨੂੰ ਕਿਸੇ ਵੀ ਹਾਲਤ ਵਿਚ ਬੰਦ ਨਹੀਂ ਹੋਣ ਦੇਵਾਂਗੇ। ਜਿੰਨੀ ਸਹਾਇਤਾ ਦੇਣੀ ਬਣਦੀ ਹੈ, ਅਸੀਂ ਦੇਵਾਂਗੇ, ਇਹ ਸਾਡਾ ਫ਼ਰਜ਼ ਬਣਦਾ ਹੈ। ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਉਤਸ਼ਾਹਤ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸਣੇ ਸਾਡੀ ਸਰਕਾਰ ਵਿਚੋਂ ਕਈ ਸਾਥੀ ਇਸ ਯੂਨੀਵਰਸਿਟੀ ਵਿਚ ਪੜ੍ਹੇ ਹਨ, ਅਸੀਂ ਇਸ ਨੂੰ ਆਂਚ ਨਹੀਂ ਆਉਣ ਦੇਵਾਂਗੇ, ਅਸੀਂ ਡਟ ਕੇ ਖੜਾਂਗੇ।
ਸਵਾਲ: ਕੈਬਨਿਟ ਮੀਟਿੰਗ ਵਿਚ ਮਾਨ ਸਾਬ੍ਹ ਦਾ ਦਿਲ ਦੁਖਿਆ? ਸੁਣਨ ਵਿਚ ਆਇਆ ਕਿ ਉਨ੍ਹਾਂ ਅਨੁਸਾਰ ਯੂਨੀਵਰਸਿਟੀ ਲਈ ਬਜਟ ਘੱਟ ਹੈ?
ਜਵਾਬ: ਮਾਨ ਸਾਬ੍ਹ ਨੇ ਪਹਿਲਾਂ ਹੀ ਕਿਹਾ ਹੈ ਕਿ ਅਸੀਂ ਯੂਨੀਵਰਸਿਟੀ ਲਈ ਕੰਮ ਕਰਨਾ ਹੈ ਅਤੇ ਅਸੀਂ ਕੰਮ ਕਰ ਵੀ ਰਹੇ ਹਾਂ। ਬੇਨਿਯਮੀਆਂ ਉਤੇ ਵੀ ਕਾਰਵਾਈ ਚਲ ਰਹੀ ਹੈ। ਮੈਨੂੰ ਮੋਟੇ ਤੌਰ ’ਤੇ ਪਤਾ ਲੱਗਾ ਕਿ ਉਥੇ ਨਾਨ-ਟੀਚਿੰਗ ਸਟਾਫ਼ ਦੀ ਹਾਲਤ ਖ਼ਰਾਬ ਹੈ। ਇਹ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ। ਉੱਥੇ ਅਧਿਆਪਕਾਂ ਦੀ ਗਿਣਤੀ ਘੱਟ ਗਈ।
ਸਵਾਲ: ਬਹੁਤ ਸਾਰੇ ਮਹਿਕਮੇ ਅਜਿਹੇ ਹਨ ਜਿਥੇ ਬੰਦਿਆਂ ਦੀ ਗਿਣਤੀ ਬਹੁਤ ਘੱਟ ਹੈ। ਟਰਾਂਸਪੋਰਟ ਵਿਭਾਗ, ਸਕੂਲ ਅਤੇ ਕਾਲਜਾਂ ਦੀ ਗੱਲ ਕਰੀਏ ਤਾਂ ਜਿਹੜੇ ਲੱਗੇ ਹੋਏ ਨੇ, ਉਹ ਘੱਟ ਤਨਖ਼ਾਹ ਕਾਰਨ ਸੜਕਾਂ ’ਤੇ ਬੈਠੇ ਹਨ। ਇਸ ਲਈ ਕੁੱਝ ਸੋਚਿਆ?
ਜਵਾਬ: ਇਹ ਪਹਿਲੀ ਵਾਰ ਹੈ ਕਿ ਪਹਿਲੇ 10 ਮਹੀਨਿਆਂ ਦੌਰਾਨ ਅਸੀਂ ਕੰਟਰੈਕਟ ਕਾਮਿਆਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। 27 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਨਿਯੁਕਤੀ ਪੱਤਰ ਜਾਰੀ ਕੀਤੇ ਹਨ। ਲਗਭਗ 25 ਹਜ਼ਾਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਪਹਿਲੀ ਵਾਰ ਹੈ ਕਿ 6% ਡੀਏ ਅਸੀਂ ਸਮੇਂ ਸਿਰ ਦਿਤਾ। ਨਹੀਂ ਤਾਂ ਪਹਿਲੇ ਸਮਿਆਂ ਵਿਚ ਇਹੀ ਕਿਹਾ ਜਾਂਦਾ ਸੀ ਕਿ ਖ਼ਜ਼ਾਨਾ ਖ਼ਾਲੀ ਹੈ। ਉਨ੍ਹਾਂ ਨੇ ਕੰਮ ਕਰਨ ਦਾ ਯਤਨ ਹੀ ਨਹੀਂ ਕੀਤਾ। ਇਸ ਦਾ ਮਤਲਬ ਹੈ ਕਿ ਤੁਸੀਂ ਬਰਬਾਦੀ ਵਿਚ ਹਿੱਸਾ ਪਾ ਰਹੇ ਹੋ। ਸਾਡੀ ਟੀਮ ਲਗਾਤਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਅਸੀਂ ਖ਼ਰਚੇ ਘਟਾ ਰਹੇ ਹਾਂ ਤਾਂ ਜੋ ਪੰਜਾਬ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕਰ ਸਕੀਏ।
Harpal Cheema
ਸਵਾਲ : ਚੀਮਾ ਸਾਬ੍ਹ ਖਾਂਦੇ ਤਾਂ ਸਾਰੇ ਹੀ 3-4 ਰੋਟੀਆਂ ਨੇ ਪਰ ਗੱਲ ਤਾਂ ਇਹ ਹੈ ਕਿ ਜੇ ਕਿਸੇ ਨੇ ਪੰਜਾਬ ਦਾ ਮੋਟਾ ਪੈਸਾ ਖਾ ਲਿਆ ਉਹ ਕੋਈ ਫੜਿਆ ਹੈ? ਕੋਈ ਵੱਡੀ ਮਿਸਾਲ ਹੋਵੇ?
ਜਵਾਬ: ਦੇਖੋ ਜਿਨ੍ਹਾਂ ਨੇ ਖਾ ਲਿਆ ਉਹ ਜੇਲਾਂ ਵਿਚ ਬੈਠੇ ਹਨ। ਬਾਕੀ ਜੋ ਰਹਿੰਦੇ ਨੇ ਉਨ੍ਹਾਂ ਵਿਰੁਧ ਕਾਰਵਾਈ ਹੋ ਰਹੀ ਹੈ ਤੇ ਜੇ ਕੋਈ ਵੀ ਮਗਰਮੱਛ ਹੈ ਜਿਸ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਉਸ ਨੂੰ ਵੀ ਫੜ ਲਿਆ ਜਾਵੇਗਾ। ਕੋਈ ਵੀ ਛਡਿਆ ਨਹੀਂ ਜਾਵੇਗਾ। 3 ਹਜ਼ਾਰ ਕਰੋੜ ਰੁਪਏ ਸਿੰਕਿੰਗ ਫ਼ੰਡ ਵਿਚ ਇਨਵੈਸਟ ਕੀਤਾ ਤੇ ਉਸ ਨਾਲ ਕੀ ਹੋਇਆ ਕਿ ਸਾਨੂੰ ਸ਼ਾਰਟ ਟਰਮ ਲੋਨ ਮਿਲੇ ਤੇ ਇਸ ਵਿਚੋਂ ਅਸੀਂ ਵਿਆਜ ਘਟਾ ਲਿਆ ਹੈ ਜੇ ਇੱਦਾਂ ਨਾ ਕਰਦੇ ਤਾਂ ਵਿਆਜ ਦੀ ਦਰ ਵਧ ਜਾਣੀ ਸੀ ਤੇ ਸਾਨੂੰ 8 ਫ਼ੀ ਸਦੀ ਵਿਆਜ ’ਤੇ ਕਰਜ਼ਾ ਲੈਣਾ ਪੈਣਾ ਸੀ। ਅਸੀਂ ਥੋੜ੍ਹੇ ਵਿਆਜ ਤੇ ਕਰਜ਼ਾ ਲਿਆ ਤੇ ਅਪਣੀ ਅਰਥਵਿਵਸਥਾ ਨੂੰ ਠੀਕ ਰਖਿਆ।
ਫਿਰ ਅਸੀਂ ਇਕ ਵਿਧਾਇਕ ਇਕ ਪੈਨਸ਼ਨ ਵਾਲੀ ਸਕੀਮ ਲਾਗੂ ਕੀਤੀ ਸੀ ਜਿਸ ਨਾਲ 21 ਕਰੋੜ ਰੁਪਏ ਬਚੇ ਤੇ 5 ਸਾਲਾਂ ਵਿਚ 100 ਕਰੋੜ ਰੁਪਏ ਬਚਣਗੇ ਤੇ ਜੇ ਅਸੀਂ ਫਿਰ ਹੁਣ ਇਕ ਸਾਲ ਦੀ ਗੱਲ ਕਰੀਏ ਤਾਂ ਕਿੰਨੇ ਸਕੂਲਾਂ ਦੀਆਂ ਦੀਵਾਰਾਂ ਬਣ ਜਾਣਗੀਆਂ ਤੇ ਕਿੰਨੇ ਹੋਰ ਸਕੂਲਾਂ ਦਾ ਸੁਧਾਰ ਹੋ ਜਾਵੇਗਾ। ਕਹਿਣ ਦਾ ਭਾਵ ਇਹ ਹੈ ਕਿ ਅਸੀਂ ਹਰ ਪਾਸੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਛੋਟੀ-ਛੋਟੀ ਕੋਸ਼ਿਸ਼ ਕਰ ਰਹੇ ਹਾਂ। ਕਿਤਿਉਂ 20 ਕਰੋੜ ਬਚਾ ਰਹੇ ਹਾਂ ਤਾਂ ਕਿਤਿਉਂ 50 ਤੇ ਇਵੇਂ ਹੀ ਹੌਲੀ-ਹੌਲੀ ਕਰ ਕੇ ਵੱਡੀ ਬੱਚਤ ਹੋਵੇਗੀ।
Pension
ਸਵਾਲ: ਪੰਜਾਬ ਜਿਹੜਾ ਹੈ ਉਹ ਖੇਤੀ ’ਤੇ ਨਿਰਭਰ ਕਰਦਾ ਸੂਬਾ ਹੈ ਪਰ ਹੁਣ ਹਾਲਾਤ ਬਦਲ ਗਏ ਹਨ। ਜੇ ਅਸੀਂ ਕਿਸੇ ਖੇਤੀਬਾੜੀ ਅਧਿਕਾਰੀ ਨਾਲ ਬੈਠੀਏ ਤਾਂ ਉਹ ਕਹਿੰਦੇ ਨੇ ਕਿ ਇਹ ਹੁਣ ਖੇਤੀ ਪ੍ਰਧਾਨ ਸੂਬਾ ਨਹੀਂ ਰਿਹਾ ਪਰ ਇਸ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ ਪਰ ਉਸ ਲਈ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੀ ਸਰਕਾਰ ਨੇ ਜੋ ਕੋਸ਼ਿਸ਼ ਕੀਤੀ ਕਿ ਨਹਿਰੀ ਪਾਣੀ ਖੇਤਾਂ ਤਕ ਪਹੁੰਚਾਉਣਾ। ਅਸੀਂ ਉਪਰ ਵਾਲਾ ਪਾਣੀ ਖ਼ਤਮ ਕਰ ਲਿਆ ਤੇ ਹੇਠਾਂ ਵਾਲਾ ਵਿਅਰਥ ਕਰ ਲਿਆ ਤੇ ਇਸੇ ਕਰ ਕੇ ਸਾਨੂੰ ਕੈਂਸਰ ਮਿਲਿਆ ਤੇ ਹਰੀ ਕ੍ਰਾਂਤੀ ਦੀ ਜਗ੍ਹਾ ਸਾਨੂੰ ਲਾਲ ਰੰਗ ਮਿਲਿਆ। ਮੁਕਦੀ ਗੱਲ ਇਹ ਹੈ ਕਿ ਨਹਿਰੀ ਖੇਤਰ ਲਈ ਤੁਸੀਂ ਕਿੰਨਾ ਬਜਟ ਰਖਿਆ ਹੈ ਤਾਂ ਜੋ ਤੁਸੀਂ ਮਾਲਵੇ ਦੇ ਟਿੱਬਿਆਂ ’ਤੇ ਪਾਣੀ ਚੜ੍ਹਾ ਸਕੋ।
ਜਵਾਬ : ਇਹ ਫ਼ੈਸਲਾ ਤਾਂ ਮੁੱਖ ਮੰਤਰੀ ਨੇ ਹੀ ਕੀਤਾ ਸੀ ਕਿ ਪੰਜਾਬ ਵਿਚ ਜਿਥੋਂ ਤਕ ਸੂਆ ਜਾਂ ਕੱਸੀ ਜਾਂਦੀ ਹੈ ਉੱਥੋਂ ਤਕ ਪਾਣੀ ਪਹੁੰਚਾਉਣਾ ਹੈ। ਸਾਰੇ ਖੇਤਰਾਂ ਤਕ ਪਾਣੀ ਪਹੁੰਚਾਉਣਾ ਅਸੀਂ ਯਕੀਨੀ ਬਣਾ ਰਹੇ ਹਾਂ ਤੇ ਇਸ ਲਈ ਬਹੁਤ ਵੱਡਾ ਬਜਟ ਰਖਿਆ ਗਿਆ ਹੈ। ਇਹ ਵੀ ਅਸੀਂ ਪਹਿਲੀ ਵਾਰ ਐਲਾਨ ਕੀਤਾ ਹੈ ਕਿ ਨਰਮੇ ਦੀ ਫ਼ਸਲ ਨੂੰ ਜੇ 1 ਅ੍ਰਪੈਲ ਵਿਚ ਪਾਣੀ ਮਿਲ ਜਾਵੇ ਤੇ ਉਸ ਤੋਂ ਬਾਅਦ 3 ਪਾਣੀ ਮਿਲ ਜਾਣ ਤਾਂ ਨਰਮੇ ਦੀ ਫ਼ਸਲ ਨੂੰ ਨਾ ਤਾਂ ਸੁੰਡੀ ਲਗਦੀ ਹੈ ਤੇ ਨਾ ਹੀ ਬਰਬਾਦ ਹੁੰਦੀ ਹੈ ਬਲਕਿ ਉਹ ਹੋਰ ਤਾਕਤਵਰ ਹੁੰਦੀ ਹੈ। ਮੁੱਖ ਮੰਤਰੀ ਨੇ ਮੇਰੇ ਸਾਹਮਣੇ ਹੀ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਪਹਿਲੀ ਅ੍ਰਪੈਲ ਨੂੰ ਮਾਨਸਾ ਦੇ ਟਿੱਬਿਆਂ ਤਕ ਪਾਣੀ ਪਹੁੰਚਣਾ ਚਾਹੀਦਾ ਹੈ।
ਸਵਾਲ: ਤੁਪਕਾ ਸਿੰਚਾਈ ਬਾਰੇ ਵੀ ਕੁੱਝ ਸੋਚਿਆ ਹੈ ਕਿਉਂਕਿ ਲਾਗਤ ਉਸ ਦੀ ਬਹੁਤ ਘੱਟ ਹੈ ਤੇ ਫ਼ਾਇਦੇ ਉਸ ਦੇ ਜ਼ਿਆਦਾ ਨੇ, ਘੱਟ ਪਾਣੀ ਵਿਚ ਸੱਭ ਕੁੱਝ ਹੋ ਸਕਦਾ ਹੈ ਉਸ ਪਾਸੇ ਧਿਆਨ ਮਾਰਿਆ? ਕੁੱਝ ਸਬਸਿਡੀ ਬਾਰੇ?
ਜਵਾਬ: ਬਿਲਕੁਲ, ਤੁਪਕਾ ਸਿੰਚਾਈ ਵਾਲੇ ਜੋ ਲੰਮੇ ਕੁਨੈਕਸ਼ਨ ਜਾਰੀ ਹਨ ਉਹ ਤੁਪਕਾ ਸਿੰਚਾਈ ਦੇ ਹੀ ਹਨ। ਸਾਡਾ ਜੋ ਪਹਿਲਾ ਉਦੇਸ਼ ਹੈ ਉਹ ਨਹਿਰੀ ਖਾਲ ਪੱਕੇ ਕਰਨੇ ਹਨ। ਜੇ ਮੈਂ ਅਪਣੇ ਹਲਕੇ ਦੀ ਗੱਲ ਕਰਾਂ ਤਾਂ ਸਾਡੇ ਤਾਂ ਬਹੁਤ ਸਾਰੇ ਮੋਘੇ ਪੁੱਟ ਦਿਤੇ ਗਏ ਤੇ ਖਾਲ ਵੀ ਨਹੀਂ ਸਨ। ਹੁਣ ਅਸੀਂ ਸੱਭ ਕੁੱਝ ਦੁਬਾਰਾ ਬਣਾ ਰਹੇ ਹਾਂ ਤਾਂ ਜੋ ਅਸਾਨੀ ਨਾਲ ਪਾਣੀ ਪਹੁੰਚਦਾ ਹੋਵੇ। ਜਦੋਂ ਤਕ ਉਹ ਪਾਣੀ ਨਹੀਂ ਪਹੁੰਚੇਗਾ ਉਦੋਂ ਤਕ ਅਸੀਂ ਧਰਤੀ ਹੇਠਲਾ ਪਾਣੀ ਨਹੀਂ ਬਚਾ ਸਕਾਂਗੇ। ਧਰਤੀ ਹੇਠਲੇ ਪਾਣੀ ਦੀ ਬਰਬਾਦੀ ਅਸੀਂ ਬੁਰੀ ਤਰ੍ਹਾਂ ਕੀਤੀ ਹੈ। ਲੋਕਾਂ ਦਾ ਢਿੱਡ ਭਰਨ ਲਈ ਅਸੀਂ ਪੰਜਾਬ ਦੇ ਪਾਣੀ ਦੀ ਵਰਤੋਂ ਕੀਤੀ ਹੈ। ਅੱਜ ਸਾਡਾ ਪਾਣੀ ਖ਼ਤਮ ਹੋ ਗਿਆ ਹੈ ਤੇ ਅੱਜ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਉਪਦੇਸ਼ ’ਤੇ ਚਲ ਕੇ ਫ਼ਰਜ਼ ਪੂਰਾ ਕਰੀਏ ਜੋ ਅਸੀਂ ਕਰ ਰਹੇ ਹਾਂ।
ਸਵਾਲ: ਹੁਣ ਜੇ ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਸਾਰੇ ਸਿਸਟਮ ਨੂੰ ਇਕ ਰੱਸੇ ਨਾਲ ਨਹੀਂ ਬੰਨਿ੍ਹਆ ਜਾ ਸਕਦਾ। ਜਿਸ ਪ੍ਰੋਬੇਸ਼ਨ ਪੀਰੀਅਡ ਵਿਚ ਬਾਕੀ ਮੁਲਾਜ਼ਮਾਂ ਨੂੰ ਰਖਿਆ ਹੋਇਆ ਹੈ, ਕਿਹਾ ਜਾਂਦਾ ਹੈ ਕਿ ਉਸ ਵਿਚ ਥੋੜ੍ਹੇ ਫ਼ਰਕ ਨਾਲ ਡਾਕਟਰਾਂ ਨੂੰ ਰਖਿਆ ਗਿਆ ਹੈ। ਜਿਹੜਾ ਬੰਦਾ ਲੱਖਾਂ ਕਰੋੜਾਂ ਰੁਪਏ ਲਗਾ ਕੇ ਡਿਗਰੀਆਂ ਹਾਸਲ ਕਰਦਾ ਹੈ, ਡਾਕਟਰ ਬਣਦਾ ਹੈ ਉਹ ਕਦੇ ਵੀ ਪੰਜਾਬ ਵਿਚ ਨੌਕਰੀ ਨਹੀਂ ਕਰਨੀ ਚਾਹੁੰਦਾ। ਕਿਸੇ ਵੀ ਇਕ ਪੋਸਟ ਲਈ 1000 ਐਪਲੀਕੈਂਟ ਹੁੰਦਾ ਹੈ। ਜਿਥੇ 1000 ਪੋਸਟ ਨਿਕਲਦੀ ਹੈ ਉੱਥੇ 100 ਵੀ ਭਰਤੀ ਨਹੀਂ ਹੁੰਦੇ। ਉਸ ਦਾ ਕਾਰਨ ਇਹ ਹੈ ਕਿ ਸਾਰੀ ਉਮਰ ਚਾਹੇ ਕੰਮ ਕਰੋ, ਕੰਮ ਅਨੁਸਾਰ ਰਕਮ ਨਹੀਂ ਮਿਲਦੀ। ਉਨ੍ਹਾਂ ਲਈ ਕੋਈ ਤਜਵੀਜ਼ ਲੈ ਕੇ ਆ ਰਹੇ ਹੋ? ਕਿਉਂਕਿ ਤੁਸੀਂ ਡਿਪੈਂਸਰੀਆਂ, ਮੁਹੱਲਾ ਕਲੀਨਿਕਾਂ ਨੂੰ ਲੈ ਕੇ ਕਾਫ਼ੀ ਕੁੱਝ ਕਹਿ ਰਹੇ ਹੋ। ਇਹ ਵੀ ਤਾਂ ਹੀ ਚਲਣਗੇ ਜੇ ਉਨ੍ਹਾਂ ਵਿਚ ਸਰਕਾਰੀ ਡਾਕਟਰ ਹੋਣਗੇ?
ਜਵਾਬ: ਬਿਲਕੁਲ ਇਹ ਪਹਿਲੀ ਵਾਰ ਹੋਇਆ ਹੈ ਕਿ ਰੈਜ਼ੀਡੈਂਟ ਡਾਕਟਰਾਂ ਦੀ ਭਰਤੀ ਹੋਈ ਹੈ। ਇਹ ਪਹਿਲੀ ਵਾਰ ਹੀ ਹੋਇਆ ਹੈ ਤੇ ਪਿਛਲੀ ਵਾਰ ਸ਼ਾਇਦ ਤੁਸੀਂ ਵੀ ਕਵਰ ਕੀਤਾ ਹੋਣਾ ਹੈ ਕਿ ਪਿਛਲੀ ਸਰਕਾਰ ਨੇ 547 ਪੋਸਟਾਂ ਕਢੀਆਂ ਹੋਣਗੀਆਂ ਤੇ ਕਿਸੇ ਇਕ ਬੰਦੇ ਨੇ ਵੀ ਅਪਲਾਈ ਨਹੀਂ ਸੀ ਕੀਤਾ ਤੇ ਇਸ ਵਾਰ 370 ਨਿਯੁਕਤੀ ਪੱਤਰ ਜਾਰੀ ਹੋ ਚੁੱਕੇ ਹਨ। ਨਵੇਂ ਡਾਕਟਰ ਆ ਰਹੇ ਹਨ ਤੇ ਇਹ ਜਿਹੜਾ ਮੁਹਾਲੀ ਵਿਚ ਅਸੀਂ ਲਿਵਰ ਐਂਡ ਅਬੈਲਰੀ ਸੈਂਸ ਦਾ ਹਸਪਤਾਲ ਖੋਲ੍ਹਿਆ ਹੈ ਤੇ ਉਸ ਲਈ ਮੈਨੂੰ ਇਕ ਫ਼ਾਈਲ ਮਿਲੀ ਜਿਸ ਵਿਚ ਤਨਖ਼ਾਹਾਂ ਬਹੁਤ ਘੱਟ ਸਨ। ਮੈਨੂੰ ਪਤਾ ਸੀ ਕਿ ਇਹ ਇੰਸਟੀਚਿਊਟ ਹੈ, ਕਿਸੇ ਨੇ ਨਹੀਂ ਆਉਣਾ ਤਾਂ ਫਿਰ ਅਸੀਂ ਉਹ ਤਨਖ਼ਾਹਾਂ ਨਿਰਧਾਰਤ ਕੀਤੀਆਂ ਜੋ ਪੀਜੀਆਈ ਲੈਵਲ ਦੀਆਂ ਸਨ, ਤਾਂ ਹੀ ਡਾਕਟਰ ਆਉਣਗੇ ਤੇ ਜੇ ਡਾਕਟਰ ਆਉਣਗੇ ਤਾਂ ਹੀ ਸਾਡਾ ਇਲਾਜ ਹੋਵੇਗਾ। ਦੇਖੋ ਜੇ ਅਸੀਂ ਲਿਵਰ ਟਰਾਂਸਪਲਾਂਟ ਦੀ ਗੱਲ ਕਰੀਏ ਤਾਂ ਇਕ ਹਸਪਤਾਲ ਵਿਚ 70 ਲੱਖ ਤਕ ਦਾ ਖ਼ਰਚਾ ਆ ਜਾਂਦਾ ਹੈ। ਜੇ ਸਾਡੇ ਕੋਲ ਪ੍ਰਬੰਧ ਹੋਣਗੇ ਤੇ ਜੇ ਅਸੀਂ 20-50 ਕਰੋੜ ਖ਼ਰਚ ਕੇ ਵਧੀਆ ਸਿਹਤ ਸਹੂਲਤਾਂ ਵੀ ਲੈ ਆਵਾਂਗੇ ਤਾਂ ਹੀ ਸਾਨੂੰ ਫ਼ਾਇਦਾ ਹੋਵੇਗਾ। ਸੋ ਉਨ੍ਹਾਂ ਸਾਰੇ ਡਾਕਟਰਾਂ ਦੀਆਂ ਤਨਖ਼ਾਹਾਂ ਅਸੀਂ ਵਧਾ ਰਹੇ ਹਾਂ।
ਸਵਾਲ: ਸਰਕਾਰੀ ਵਰਕਸ਼ਾਪ ਵਿਚ ਖੜੀਆਂ ਲਾਰੀਆਂ ਨੂੰ ਡਰਾਈਵਰ ਕਦੋਂ ਤਕ ਨਸੀਬ ਹੋ ਜਾਣਗੇ?
ਜਵਾਬ: ਟਰਾਂਸਪੋਰਟ ਵਿਭਾਗ ਵਿਚ ਭਰਤੀ ਪ੍ਰਕਿਰਿਆ ਚਲ ਰਹੀ ਹੈ ਤੇ ਉਹ ਵੀ ਜਲਦ ਪੂਰੀਆਂ ਹੋ ਜਾਣਗੀਆਂ। ਜਲਦੀ ਹੀ ਸਾਰੀਆਂ ਲਾਰੀਆਂ ਸੜਕਾਂ ’ਤੇ ਹੋਣਗੀਆਂ। ਮੇਰੇ ਕੋਲ ਜਦੋਂ ਵੀ ਲੋਕ ਭਲਾਈ ਦੇ ਕੰਮਾਂ ਵਾਲੀ ਫ਼ਾਈਲ ਆਉਂਦੀ ਹੈ ਤਾਂ ਅਸੀਂ ਬਗ਼ੈਰ ਸੋਚੇ ਉਸ ’ਤੇ ਅਪਣੀ ਕਲਮ ਚਲਾਉਂਦੇ ਹਾਂ। ਜੋ ਤਾਕਤ ਸਾਨੂੰ ਪੰਜਾਬ ਦੇ ਲੋਕਾਂ ਨੇ ਦਿਤੀ ਹੈ ਉਹ ਅਸੀਂ ਵਰਤ ਰਹੇ ਹਾਂ। ਮੁਕਦੀ ਗੱਲ ਇਹ ਹੈ ਕਿ ਅਸੀਂ ਨੇਕ ਨੀਤੀ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।
ਸਵਾਲ: ਪੰਜਾਬ ਦੇ ਕਿਸਾਨੀ ਕਰਜ਼ੇ ਬਾਰੇ ਕੀ ਸੋਚ ਰਹੇ ਹੋ? ਜੋ ਤੁਸੀਂ ਫ਼ਸਲੀ ਵਿਭਿੰਨਤਾ ਦੀ ਗੱਲ ਤੋਰੀ ਸੀ, ਮੁੰਗੀ ਤੋਂ ਉਹ ਕਪਾਹ ਤਕ, ਹਲਦੀ ਤਕ ਜਾਂ ਕਿਸੇ ਹੋਰ ਦਾਲ ਤਕ ਪਹੁੰਚੇਗੀ?
ਜਵਾਬ: ਬਿਲਕੁਲ ਫ਼ਸਲੀ ਵਿਭਿੰਨਤਾ ਵਿਚ ਕਪਾਹ ਦੀ ਗੱਲ ਟਰੈਕ ਤੇ ਟਰੇਸ ਸਿਸਟਮ ਰਾਹੀਂ ਬੀਜ ਦੇਣ ਦੀ ਗੱਲ, 33 ਫ਼ੀ ਸਦੀ ਸਬਸਿਡੀ ਦੇਣ ਦੀ ਪਹਿਲਾਂ ਹੀ ਗੱਲ ਹੋ ਚੁੱਕੀ ਹੈ। ਟਰੈਕ ਐਂਡ ਟਰੇਸ ਸਿਸਟਮ ਜ਼ਰੀਏ ਬੀਜ ਦਿਤੇ ਜਾਣਗੇ ਤੇ ਬੀਜ ਵੀ ਉਹ ਦਿਤੇ ਜਾਣਗੇ ਜਿਨ੍ਹਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪ੍ਰਮਾਣਤ ਕਰੇਗੀ ਤਾਂ ਜੋ ਕਿਸਾਨ ਉਹੀ ਵਧੀਆ ਬੀਜ ਬੀਜਣ। ਜਦੋਂ ਕਪਾਹ ਦੀ ਖੇਤੀ ਹੋਵੇਗੀ ਤਾਂ ਟੈਕਸਟਾਈਲ ਇਨਕਲਾਬ ਆਵੇਗਾ ਤਾਂ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਅਰਥਵਿਵਸਥਾ ਪ੍ਰਫੁੱਲਤ ਹੋਵੇਗੀ।
ਸਵਾਲ: ਮੁਲਕ ਦੀ ਹਾਕਮ ਜਮਾਤ ਨੇ 2013 ਵਿਚ ਵਾਅਦਾ ਕੀਤਾ ਸੀ ਕਿ ਕਿਸਾਨ ਦੀ ਆਮਦਨ ਦੁਗਣੀ ਕਰਾਂਗੇ। ਉਨ੍ਹਾਂ ਦੀ ਆਮਦਨ ਦੁਗਣੀ ਹੋਈ ਕਿ ਨਹੀਂ ਹੋਈ ਪਰ ਉਨ੍ਹਾਂ ਦਾ ਕਰਜ਼ਾ ਦੁਗਣਾ ਹੋ ਗਿਆ। ਪੰਜਾਬ ਸਰਕਾਰ ਅਪਣੇ ਕਿਸਾਨਾਂ ਦੇ ਕਰਜ਼ ਬਾਰੇ ਕੁੱਝ ਸੋਚ ਰਹੀ ਹੈ?
ਜਵਾਬ: ਜਦੋਂ ਅਸੀਂ ਕਿਸਾਨ ਦੀ ਆਮਦਨ ਵਧਾਉਣ ਦੀ ਗੱਲ ਕਰ ਰਹੇ ਹਾਂ ਜੇ ਮੈਂ ਹੁਣ ਮੁੰਗੀ ਦੀ ਦਾਲ ਦੀ ਗੱਲ ਕਰਾਂ ਤਾਂ ਹੁਣ ਤੀਜੀ ਫ਼ਸਲ ਆਈ ਤਾਂ ਉਨ੍ਹਾਂ ਦੀ ਆਰਥਕਤਾ ਵਿਚ ਵਾਧਾ ਹੋਇਆ। ਸੋ ਜਦੋਂ ਅਸੀਂ ਕਿਸਾਨ ਦੀ ਆਮਦਨ ਵਧਾਵਾਂਗੇ ਤਾਂ ਦੇਖੋ ਇਹ ਸਮੱਸਿਆ ਇਕ ਦਿਨ ਵਿਚ ਹੱਲ ਨਹੀਂ ਹੋਵੇਗੀ। ਕਿਸਾਨ ਦੀ ਆਮਦਨ ਵਧੇਗੀ ਤਾਂ ਕਿਸਾਨ ਦਾ ਕਰਜ਼ਾ ਘਟੇਗਾ। ਕਿਸਾਨ ਦੀ ਆਮਦਨ ਵਧਾਉਣੀ ਤੇ ਕਰਜ਼ ਲਾਹੁਣਾ ਸਾਡੀ ਪਹਿਲਕਦਮੀ ਹੈ ਤੇ ਇਸ ਲਈ ਇਸ ਵਾਰ ਬਜਟ ਵਿਚ ਵੀ 20 ਫ਼ੀ ਸਦੀ ਵਾਧਾ ਕੀਤਾ ਹੈ ਤਾਂ ਜੋ ਕਿਸਾਨ ਦੀ ਆਮਦਨ ਵਧ ਸਕੇ।
ਸਵਾਲ: ਮਾਨ ਸਾਬ੍ਹ ਰੰਗਲੇ ਪੰਜਾਬ ਦੀ ਗੱਲ ਕਰਦੇ ਹਨ ਤੇ ਰੰਗਲੇ ਪੰਜਾਬ ਤੋਂ ਭਾਵ ਹੈ ਖਿੜਿਆ ਹੋਇਆ ਪੰਜਾਬ ਤੇ ਹੁਣ ਤੁਹਾਡੀ ਦਸਤਾਰ ਖਿੜੀ ਹੋਈ ਹੈ ਤੇ ਗੁਲਾਬੀ ਰੰਗ ਬਹੁਤ ਚੀਜ਼ਾਂ ਦਾ ਪ੍ਰਤੀਕ ਹੁੰਦਾ ਹੈ। ਇਹੋ ਜਿਹਾ ਪੰਜਾਬ ਬਣਾਉਣ ਲਈ ਪੰਜਾਬ ਸਿਰੋਂ ਕਰਜ਼ਾ ਲਾਹੁਣਾ ਬਹੁਤ ਜ਼ਰੂਰੀ ਹੈ। ਉਸ ਕਰਜ਼ੇ ਦੀ ਪੰਡ ਹੇਠ ਅਨੇਕਾਂ ਨੌਜਵਾਨ ਖ਼ੁਦਕੁਸ਼ੀ ਕਰ ਗਏ, ਕਿਸਾਨ ਮਰ ਗਏ। ਕੀ ਪੰਜਾਬ ਦਾ ਕਰਜ਼ਾ ਲਾਹੁਣ ਲਈ ਕੋਈ ਖ਼ਾਸ ਵਿਉਂਤ ਬਣੀ ਹੈ?
ਜਵਾਬ: ਬਿਲਕੁਲ ਜੀ ਅਸੀਂ ਪਹਿਲਾਂ ਹੀ ਪੰਜਾਬ ਦੀ ਫ਼ਾਈਲ ਮੂਵ ਕੀਤੀ ਸੀ ਤੇ ਕੇਂਦਰ ਸਰਕਾਰ ਨਾਲ ਗੱਲ ਕੀਤੀ ਸੀ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਮਹਿੰਗੇ ਭਾਅ ’ਤੇ ਕਰਜ਼ ਲਿਆ ਸੀ, ਸਾਢੇ 9 ਫ਼ੀ ਸਦੀ ਤੇ 10 ਫ਼ੀ ਸਦੀ ਤੇ ਸਾਨੂੰ ਤਾਂ ਸਮਝ ਨਹੀਂ ਆ ਰਹੀ ਕਿ ਇਹ ਲਈ ਕਿਵੇਂ ਗਏ? ਪਤਾ ਨਹੀਂ ਇਨ੍ਹਾਂ ਨੂੰ ਪਤਾ ਨਹੀਂ ਸੀ ਕਿ ਘੱਟ ਵਿਆਜ਼ ਦੇ ਕਰਜ਼ੇ ਵੀ ਮਿਲਦੇ ਹਨ ਉਹ ਲੈ ਲਵੋ। ਜੋ ਉਨ੍ਹਾਂ ਨੇ ਵੱਡੇ ਕਰਜ਼ੇ ਲਏ ਅਸੀਂ ਉਨ੍ਹਾਂ ਨੂੰ ਸਵੈਪ ਕਰ ਕੇ ਘੱਟ ਕਰ ਰਹੇ ਹਾਂ ਤਾਂ ਜੋ ਅਸੀਂ ਘੱਟੋ-ਘੱਟ ਵਿਆਜ਼ ਤਾਂ ਘਟਾ ਲਈਏ। ਸੱਚ ਤਾਂ ਤੁਹਾਡੇ ਸਾਹਮਣੇ ਹੈ। ਫ਼ਾਈਲਾਂ ਦੇ ਅੰਦਰ ਸੱਭ ਹੈ। ਰਿਪੋਰਟਾਂ ਵੀ ਆ ਰਹੀਆਂ ਨੇ। ਅਸੀਂ 17 ਹਜ਼ਾਰ ਕਰੋੜ ਤਾਂ ਪਿ੍ਰੰਸੀਪਲ ਅਮਾਊਂਟ ਮੋੜ ਰਹੇ ਹਾਂ ਤੇ 20 ਹਜ਼ਾਰ ਕਰੋੜ ਰੁਪਏ ਵਿਆਜ ਮੋੜ ਰਹੇ ਹਾਂ। ਮੂਲ ਨਾਲੋਂ ਵਿਆਜ ਭਾਰੀ ਹੋ ਗਿਆ। ਉਹੀ ਹਾਲਾਤ ਅੱਜ ਪੰਜਾਬ ਦੇ ਹਨ।
ਸਵਾਲ: ਤੁਸੀਂ ਸਾਕਾਰਤਮਕਤਾ ਦੀ ਗੱਲ ਕੀਤੀ ਹੈ। ਇਹ ਸਾਨੂੰ ਹਰੇ-ਭਰੇ ਪੌਣ-ਪਾਣੀ ਵਿਚੋਂ ਮਿਲਦੀ ਹੈ ਤੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਕੁੱਝ ਨਵਾਂ ਸੋਚਿਆ ਹੈ ਕਿਉਂਕਿ ਪਿਛਲੇ ਸਮੇਂ ਵਿਚ ਪੰਜਾਬ ਦੀ ਤਰੱਕੀ ਦੇ ਨਾਂ ਉਤੇ ਪੰਜਾਬ ਦੇ ਦਰੱਖ਼ਤਾਂ ਦਾ ਉਜਾੜਾ ਕੀਤਾ ਗਿਆ ਹੈ ਉਸ ਬਾਰੇ ਕੁੱਝ ਸੋਚਿਆ ਹੈ?
ਜਵਾਬ : ਅਸੀਂ ਪਿਛਲੀ ਵਾਰ 50 ਲੱਖ ਬੂਟੇ ਲਗਾਉਣ ਦਾ ਸ਼ਹੀਦ ਭਗਤ ਸਿੰਘ ਹਰਿਆਵਲ ਤਹਿਤ ਬੀੜਾ ਚੁੱਕਿਆ ਸੀ ਤੇ ਉਸ ਵਿਚ ਅਸੀਂ 54 ਲੱਖ ਲਗਾਏ ਸੀ ਤੇ ਇਸ ਵਾਰ ਉਹ ਟੀਚਾ 1 ਕਰੋੜ ਮਿਥਿਆ ਹੈ ਤੇ ਉਹ ਪਹਿਲਾਂ ਵਾਲੇ ਦਰੱਖ਼ਤ ਵੱਡੇ ਵੀ ਹੋ ਗਏ ਹਨ। ਮੈਂ ਅਪਣੇ ਹਲਕੇ ਵਿਚ ਵੀ ਕਾਫ਼ੀ ਕੰਮ ਕੀਤਾ ਹੈ।
ਸਵਾਲ: ਖੇਤੀ ਦੇ ਸਹਾਇਕ ਧੰਦਿਆਂ ਲਈ ਕੀ ਯੋਜਨਾ ਹੈ?
ਜਵਾਬ: ਨੀਤੀ ਕ੍ਰਾਂਤੀ, ਮੱਛੀਆਂ ਪਾਲਣ ਲਈ, ਪਸ਼ੂਆਂ ਲਈ ਹੋਰ ਵੀ ਕਈ ਨੀਤੀਆਂ ਰੱਖੀਆਂ ਗਈਆਂ ਹਨ ਜਿਸ ਨਾਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਰਾਹਤ ਮਿਲੇਗੀ।