
ਸਬ ਇੰਸਪੈਕਟਰ ਦੇ ਅਹੁਦੇ ਨਾਲ ਕੀਤਾ ਸਨਮਾਨਿਤ
ਚੰਡੀਗੜ੍ਹ: ਬੀਤੇ ਦਿਨੀਂ ਪਟਿਆਲਾ ਦੀ ਸਬਜ਼ੀ ਮੰਡੀ ਵਿਖੇ ਕੀਤੇ ਗਏ ਹਮਲੇ ਵਿਚ ਜ਼ਖਮੀ ਹੋਏ ਏਐਸਆਈ ਹਰਜੀਤ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬ-ਇੰਸਪੈਕਟਰ ਬਣਾ ਦਿੱਤਾ ਹੈ। ਇਹ ਫੈਸਲਾ ਵੀਰਵਾਰ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਹੈ।
Photo
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਜ਼ਰੀਏ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ‘ਪਟਿਆਲਾ ਸਬਜ਼ੀ ਮੰਡੀ ਹਮਲੇ ਵਿਚ ਮਿਸਾਲੀ ਹਿੰਮਤ ਦਰਸਾਉਣ ਲਈ ਏਐਸਆਈ ਹਰਜੀਤ ਸਿੰਘ ਜੀ ਨੂੰ ਸਬ-ਇੰਸਪੈਕਟਰ ਵਜੋਂ ਤਰੱਕੀ ਦੇ ਦਿੱਤੀ ਗਈ ਹੈ। ਐਸਆਈ ਹਰਜੀਤ ਸਿੰਘ ਜੀ ਨੇ ਆਪਣੀ ਡਿਊਟੀ ਪ੍ਰਤੀ ਆਪਣੇ ਫਰਜ਼ ਨੂੰ ਬਾਖੂਬੀ ਨਿਭਾਇਆ ਤੇ ਉਸ ਘਟਨਾ ਦਾ ਬਹਾਦਰੀ ਨਾਲ ਸਾਹਮਣਾ ਕੀਤਾ।
File Photo
ਹਰਜੀਤ ਜੀ ਨੇ ਪੰਜਾਬ ਪੁਲਿਸ ਤੇ ਹਰ ਪੰਜਾਬੀ ਨੂੰ ਪ੍ਰੇਰਿਤ ਕੀਤਾ ਹੈ ਤੇ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ’। ਇਹਨਾਂ ਤੋਂ ਇਲਾਵਾ ਜ਼ਖਮੀ ਹੋਏ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਡਾਇਰੈਕਟਰ ਜਨਰਲ ਕਮੈਨਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਜਾਵੇਗਾ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਇਹਨਾਂ ਸਾਰਿਆਂ ਦੇ ਹੌਂਸਲੇ, ਬਹਾਦਰੀ, ਲਗਨ ਲਈ ਇਹਨਾਂ ਨੂੰ ਤਰੱਕੀ/ਅਵਾਰਡ ਦਿੱਤੇ ਗਏ ਹਨ ਤਾਂ ਜੋ ਇਹਨਾਂ ਨੂੰ ਦੇਖ ਕੇ ਹੋਰ ਪੁਲਿਸ ਅਧਿਕਾਰੀ ਵੀ ਨਿਡਰ ਹੋ ਕੇ ਅਪਣੇ ਡਿਊਟੀ ਨਿਭਾਉਣ ਲਈ ਪ੍ਰੇਰਿਤ ਹੋਣ।
Photo
ਦੱਸ ਦਈਏ ਕਿ ਇਸ ਹਮਲੇ ਦੌਰਾਨ ਏਐਸਆਈ ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਸੀ। ਹਮਲੇ ਤੋਂ ਬਾਅਦ ਸਾਢੇ ਸੱਤ ਘੰਟੇ ਲੰਬੇ ਆਪਰੇਸ਼ਨ ਤੋਂ ਬਾਅਦ ਪੀਜੀਆਈ ਡਾਕਟਰਾਂ ਨੇ ਏਐਸਆਈ ਹਰਜੀਤ ਸਿੰਘ ਦਾ ਹੱਥ ਜੋੜ ਦਿੱਤਾ ਸੀ। ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਾਲੇ ਵੀ ਏਐਸਆਈ ਹਰਜੀਤ ਸਿੰਘ ਪੀਜੀਆਈ ਚੰਡੀਗੜ੍ਹ ਵਿਚ ਦਾਖਲ ਹੈ ਅਤੇ ਉਹ ਡਾਕਟਰੀ ਨਿਗਰਾਨੀ ਹੇਠ ਹਨ।