
ਮੁੱਖ ਮੰਤਰੀ ਨੇ ਰਾਹਤ ਫੰਡ ਦੇ ਪੈਸਿਆ ਦੀ ਦੁਰਵਰਤੋਂ ਕੀਤੀ, ਖ਼ਰਚਿਆਂ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇ- ਆਪ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਸਾਲ ਕੋਰੋਨਾ ਕਾਲ 'ਚ ਬਣਾਏ ਗਏ ਮੁੱਖ ਮੰਤਰੀ ਕੋਵਿਡ ਰਾਹਤ ਫੰਡ 'ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਆਪ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ ਪੁੱਛਿਆ ਹੈ ਕਿ ਮੁੱਖ ਮੰਤਰੀ ਰਾਹਤ ਫੰਡ ਵਿੱਚ ਕਿੰਨਾ ਪੈਸਾ ਆਇਆ ਅਤੇ ਉਸ ਵਿੱਚੋਂ ਖ਼ਰਚ ਕਿੱਥੇ ਕਿੱਥੇ ਕੀਤਾ ਗਿਆ ਹੈ? ਤੱਕ ਇਸ ਫੰਡ ਦੀ ਜਾਣਕਾਰੀ ਕਿਉਂ ਜਨਤਕ ਨਹੀਂ ਕੀਤੀ ਗਈ? ਉਹਨਾਂ ਕਿਹਾ ਕਿ ਲੋਕਾਂ ਦੇ ਦਾਨ ਦਿੱਤੇ ਪੈਸੇ ਨੂੰ ਗੁਪਤ ਨਹੀਂ ਰੱਖਿਆ ਜਾ ਸਕਦਾ, ਇਸ ਲਈ ਕੈਪਟਨ ਅਮਰਿੰਦਰ ਸਿੰਘ ਇਸ ਫੰਡ ਦੇ ਪੈਸਿਆਂ ਦਾ ਹਿਸਾਬ ਲੋਕਾਂ ਨੂੰ ਦੇਣ।
Bhagwant Mann and Captain Amarinder Singh
ਸੂਬਾ ਪ੍ਰਧਾਨ ਨੇ ਸਵਾਲ ਕੀਤਾ ਕਿ ਕੋਰੋਨਾ ਨੂੰ ਭਾਰਤ ਵਿੱਚ ਆਇਆ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਕੋਰੋਨਾ ਦਾ ਪਹਿਲਾ ਦੌਰ ਵੀ ਬੀਤ ਚੁੱਕਿਆ ਹੈ, ਪਰ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਹੁੱਣ ਤੱਕ ਲੋੜੀਂਦੀ ਸੰਖਿਆ ਵਿੱਚ ਵੈਂਟੀਲੇਟਰ ਨਹੀਂ ਹਨ। ਹਸਪਤਾਲਾਂ ਵਿੱਚ ਹੁਣ ਤੱਕ ਬੈਡਾਂ ਦੀ ਗਿਣਤੀ ਵੀ ਨਹੀਂ ਵਧਾਈ ਗਈ ਤਾਂ ਜੋ ਮਹਾਂਮਾਰੀ ਦੇ ਦੂਜੇ ਦੌਰ ਦਾ ਸਹੀ ਤਰੀਕੇ ਨਾਲ ਮੁਕਾਬਲਾ ਕੀਤਾ ਜਾ ਸਕੇ। ਜਦ ਸਰਕਾਰ ਨੇ ਕੁੱਝ ਕੀਤਾ ਹੀ ਨਹੀਂ ਤਾਂ ਸਵਾਲ ਬਣਦਾ ਆਖ਼ਰ ਮੁੱਖ ਮੰਤਰੀ ਰਾਹਤ ਫੰਡ ਦੇ ਨਾਂ 'ਤੇ ਇੱਕਠੇ ਕੀਤੇ ਕਰੋੜਾਂ ਰੁਪਏ ਦਾ ਸਰਕਾਰ ਨੇ ਕੀ ਕੀਤਾ ਹੈ? ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਝੂਠਾ ਪ੍ਰਚਾਰ ਕਰਨ ਤੋਂ ਬਿਨਾਂ ਇਸ ਸਾਲ ਵਿੱਚ ਕੁੱਝ ਨਹੀਂ ਕੀਤਾ।
Captain Amarinder singh
ਭਗਵੰਤ ਮਾਨ ਨੇ ਕਿਹਾ ਕਿ ਰਾਜ ਵਿੱਚ ਲਗਾਤਾਰ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਸਿਹਤ ਸੇਵਾਵਾਂ ਨੂੰ ਚੰਗਾ ਕਰਨ ਦੀ ਥਾਂ ਮਹਾਂਮਾਰੀ ਦੇ ਨਾਂ 'ਤੇ ਆਪਣਾ ਪ੍ਰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੇ ਮ੍ਰਿਤਕਾਂ ਦੀ ਗਿਣਤੀ ਵਿੱਚ ਵੀ ਹੇਰਾ ਫ਼ੇਰੀ ਕਰ ਰਹੀ ਹੈ।
Punjab Chief Minister Relief Fund
ਰੋਜ ਸੈਂਕੜੇ ਲੋਕ ਇਲਾਜ ਨਾ ਹੋਣ ਕਾਰਨ ਮਰ ਰਹੇ ਹਨ, ਪਰ ਸਰਕਾਰ ਦੇ ਰਿਕਾਰਡ ਵਿੱਚ ਉਹਨਾਂ ਸਾਰੇ ਲੋਕਾਂ ਦੇ ਨਾਂ ਸ਼ਾਮਲ ਨਹੀਂ ਕੀਤੇ ਜਾ ਰਹੇ। ਸਰਕਾਰ ਜਿਹੜੇ ਅੰਕੜੇ ਦੱਸ ਰਹੀ ਹੈ, ਅਸਲ ਵਿੱਚ ਉਸ ਤੋਂ ਕਈ ਗੁਣਾ ਜ਼ਿਆਦਾ ਲੋਕ ਇਸ ਮਹਾਂਮਾਰੀ ਨਾਲ ਮਰ ਰਹੇ ਹਨ। ਉਹਨਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਕੈਪਟਨ ਸਰਕਾਰ ਨੇ ਆਮ ਆਦਮੀ ਦੀ ਜਾਨ ਬਚਾਉਣ ਲਈ ਉਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਥਾਂ 5000 ਡੈਡ ਬਾਡੀ ਕਵਰ ਦੀ ਸਪਲਾਈ ਲਈ ਟੈਂਡਰ ਜਾਰੀ ਕੀਤੇ ਹਨ।
Bhagwant Mann
ਸਰਕਾਰ ਵੱਲੋਂ ਟੈਂਡਰ ਰਾਰੀ ਕਰਕੇ ਕਿਹਾ ਗਿਆ ਹੈ ਕਿ ਜਿੰਨੀ ਜਲਦੀ ਹੋ ਸਕੇ ਡੈਡ ਬਾਡੀ ਕਵਰਾਂ ਦੀ ਸਪਲਾਈ ਦਿੱਤੀ ਜਾਵੇ। ਇਸ ਤੋਂ ਪਤਾ ਲੱਗਦਾ ਹੈ ਕਿ ਰਾਜ ਸਰਕਾਰ ਕੇਵਲ ਸਿਹਤ ਸੇਵਾਵਾਂ ਦੇ ਨਾਂ 'ਤੇ ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕਰ ਰਹੀ ਹੈ। ਉਹਨਾਂ ਕਿਹਾ ਕਿ ਕੋਰੋਨਾ ਨਾਲ ਲੋਕਾਂ ਨੂੰ ਚੰਗੀ ਗੁਣਵਤਾ ਵਾਲੇ ਇਲਾਜ ਨਾਲ ਹੀ ਬਚਾਇਆ ਜਾ ਸਕਦਾ ਹੈ। ਪਰ ਕੈਪਟਨ ਸਰਕਾਰ ਕੋਰੋਨਾ ਪੀੜਤਾਂ ਦੇ ਇਲਾਜ ਲਈ ਪ੍ਰਾਪਤ ਸਿਹਤ ਸੇਵਾਵਾਂ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਹੁਣ ਤੱਕ ਅਸਫ਼ਲ ਰਹੀ ਹੈ।