
ਜ਼ਿਲ੍ਹਾ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਤਹਿਤ ਡਰੋਨ ਰਾਹੀਂ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਤਰਨਤਾਰਨ: ਜ਼ਿਲ੍ਹਾ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਤਹਿਤ ਡਰੋਨ ਰਾਹੀਂ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕੋਲੋਂ ਡਰੋਨ ਬਣਾਉਣ ਲਈ ਵਰਤਿਆ ਜਾਣ ਵਾਲਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ।
ਆਈਪੀਐਸ ਐਸਐਸਪੀ ਤਰਨ ਤਾਰਨ ਰਣਜੀਤ ਸਿੰਘ ਢਿੱਲੋਂ ਵੱਲੋਂ ਨਸ਼ਿਆ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਵਿਸ਼ਾਲਜੀਤ ਸਿੰਘ ਪੀਪੀਐਸ ਐਸਪੀ ਇਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਪਾਕਿਸਤਾਨ ਕੋਲੋਂ ਡਰੋਨ ਰਾਹੀਂ ਸਮਗਲਿੰਗ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਿਤੀ 8/9-03-2022 ਦੀ ਦਰਮਿਆਨੀ ਰਾਤ ਨੂੰ ਬੀਓਪੀ ਹਵੇਲੀਆਂ ਥਾਣਾ ਸਰਾਏ ਅਮਾਨਤ ਖਾਂ ਦੇ ਏਰੀਆ ਵਿਚ ਡਿਫੈਂਸ ਲਾਈਨ BP No.124/48 ਨੇੜੇ ਡਰੋਨ ਦੀ ਅਵਾਜ਼ ਸੁਣਾਈ ਦਿੱਤੀ ਸੀ। ਜਿਸ ਮਗਰੋਂ ਮਿਤੀ 09-03-2022 ਨੂੰ ਤਰਨ ਤਾਰਨ ਪੁਲਿਸ ਅਤੇ ਬੀਐਸਐਫ ਦੇ ਸ਼ਾਝੇ ਉਪਰੇਸ਼ਨ ਦੌਰਾਨ ਪਿੰਡ ਹਵੇਲੀਆ ਦੇ ਖੇਤਾਂ ਵਿਚੋਂ ਇਕ ਡਰੋਨ ਬਰਾਮਦ ਕੀਤਾ ਗਿਆ ਸੀ।
ਇਸ ਨੂੰ ਲੈ ਕੇ ਥਾਣਾ ਸਰਾਏ ਅਮਾਨਤ ਖਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਤੇ ਤਰਨ ਤਾਰਨ ਪੁਲਿਸ ਟੈਕਨੀਕਲ ਸਰਵੀਲੈਂਸ ਅਤੇ ਹੋਰ ਤੱਥਾਂ ਦੇ ਆਧਾਰ ’ਤੇ 5 ਵਿਅਕਤੀ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਅਵਤਾਰ ਸਿੰਘ, ਜੋਧਬੀਰ ਸਿੰਘ ਉਰਫ ਡੋਲੀ ਪੁੱਤਰ ਬਲਵਿੰਦਰ ਸਿੰਘ, ਹੁਸਨਪ੍ਰੀਤ ਸਿੰਘ ਉਰਫ ਹੱਸੀ ਪੁੱਤਰ ਕਸ਼ਮੀਰ ਸਿੰਘ, ਸੁਰਜਨ ਸਿੰਘ ਪੁੱਤਰ ਲੇਟ ਗੁਰਮੇਜ ਸਿੰਘ ਅਤੇ ਨਿਰਮਲ ਸਿੰਘ ਨੂੰ ਦੋਸ਼ੀ ਨਾਮਜ਼ਦ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਪੁੱਛ-ਗਿੱਛ ਦੌਰਾਨ ਹੁਸਨਪ੍ਰੀਤ ਸਿੰਘ ਉਰਫ ਹੱਸੀ ਪਾਸੋਂ ਇਕ ਬੈਟਰੀ, ਇਕ ਚਾਰਜਰ, ਇਕ ਡਾਟਾ ਕੇਬਲ ਅਤੇ ਅੱਠ ਡਰੋਨ ਦੇ ਪੱਖੇ ਬਰਾਮਦ ਹੋਏ ਅਤੇ ਸੁਰਜਨ ਸਿੰਘ ਪਾਸੋਂ ਡਰੋਨ ਵਿਚ ਵਰਤੀ ਜਾਂਦੀ ਇਕ ਬੈਟਰੀ ਅਤੇ ਇਕ ਬਰਾਮਦ ਕੀਤਾ ਗਿਆ ਹੈ । ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਤਰਨ ਤਾਰਨ ਪੁਲਿਸ ਵੱਲੋਂ ਡਰੋਨ ਮਾਮਲੇ ਦੇ ਕੁੱਲ 4 ਮਾਮਲੇ ਟਰੇਸ ਕਰ ਕੀਤੇ ਗਏ ਹਨ।