
ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਨੂੰ ਸ਼ਰਮਨਾਕ ਕਾਰਾ ਦੱਸਿਆ ਹੈ
ਨਵੀਂ ਦਿੱਲੀ : ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸੀਬੀਆਈ ਹੈੱਡਕੁਆਰਟਰ 'ਚ ਪੁੱਛਗਿੱਛ ਹੋ ਰਹੀ ਹੈ। ਉੱਥੇ ਹੀ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ ਦੇ ਵਿਰੋਧ ਵਿੱਚ ‘ਆਪ’ ਵਰਕਰ ਸੂਬੇ ਭਰ ਅਤੇ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ। ਅਰਵਿੰਦ ਕੇਜਰੀਵਾਲ ਤੋਂ ਸੀ. ਬੀ. ਆਈ. ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਇੰਨੀ ਜਲਦੀ ਇਕ ਨੈਸ਼ਨਲ ਪਾਰਟੀ ਕਿਵੇਂ ਬਣ ਗਈ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਅਜਿਹੇ ਕ੍ਰਾਂਤੀਕਾਰੀ ਨੇਤਾ ਹਨ, ਜਿਨਾਂ ਨੇ ਐਂਟੀ ਕੁਰੱਪਸ਼ਨ ਮੁਵਮੈਂਟ ਨਾਲ ਰਾਜਨੀਤੀ ਸ਼ੁਰੂ ਕੀਤੀ ਅਤੇ ਰਾਜਨੀਤੀ ਦੀ ਦਿਸ਼ਾ ਬਦਲ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਅੱਜ 'ਆਪ' ਸਰਕਾਰ ਬਣੇ ਨੂੰ 13 ਮਹੀਨੇ ਹੋ ਚੁੱਕੇ ਹਨ। ਪੰਜਾਬ ਵਿਚ 28 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। ਸਕੂਲ ਆਫ਼ ਐਮੀਨੈਂਸ ਖੁੱਲ੍ਹ ਰਹੇ ਹਨ। ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਅਸੀਂ ਸੈਂਡ ਮਾਫ਼ੀਆ, ਲੈਂਡ ਮਾਫ਼ੀਆ ਅਤੇ ਟਰਾਂਸਪੋਰਟ ਮਾਫ਼ੀਆ ਦੀ ਲੀਕੇਜ ਖ਼ਤਮ ਕਰਕੇ ਸਾਰਾ ਪੈਸਾ ਖ਼ਜਾਨੇ ਵਿਚ ਪਾਇਆ ਅਤੇ ਖ਼ਜਾਨੇ ਵਿਚੋਂ ਲੋਕਾਂ 'ਤੇ ਖ਼ਰਚ ਕਰ ਰਹੇ ਹਾਂ। ਇਹੀ ਗੱਲ ਹੁਣ ਭਾਜਪਾ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ। ਕਿਸੇ ਨੇ ਮੋਦੀ ਨੂੰ ਜਾ ਕੇ ਕਹਿ ਦਿੱਤਾ ਜਿਸ ਨੇ ਹਸਪਤਾਲ ਬਣਾਏ ਹਨ, ਉਸ ਨੂੰ ਅੰਦਰ ਕਰ ਦਿਓ ਫਿਰ ਸਤਿੰਦਰ ਜੈਨ ਨੂੰ ਅੰਦਰ ਕਰ ਦਿੱਤਾ, ਬਾਅਦ ਵਿਚ ਮਨੀਸ਼ ਸਿਸੋਦੀਆ ਨੂੰ ਅੰਦਰ ਕਰ ਦਿੱਤਾ ਗਿਆ। ਸਾਨੂੰ ਗ੍ਰਿਫ਼ਤਾਰੀ ਦਾ ਕੋਈ ਡਰ ਨਹੀਂ ਹੈ। ਇਹ ਲੋਕਤੰਤਰ ਨਹੀਂ ਤਾਨਾਸ਼ਾਹੀ ਹੈ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦਾ ਟਵੀਟ
ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ ਕਿ ਉਹਨ੍ਹਾਂ ਨੂੰ ਆਪਣੀ ਜਾਨ ਬਚਾਉਣ ਲਈ ਸੀ.ਪੀ.ਆਰ. ਕਰਨਾ ਪਿਆ। ਜ਼ਖਮੀਆਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਇਸ ਘਟਨਾ ਨੂੰ ‘ਆਪ’ ਦੀ ਵਿਰੋਧੀ ਧਿਰ ਨੂੰ ਕੁਚਲਣ ਲਈ 'ਮੋਦੀ ਸਰਕਾਰ' ਵੱਲੋਂ ਕੀਤੇ ਗਏ ਹਮਲੇ ਨੂੰ ਵਹਿਸ਼ੀ ਕਰਾਰ ਦਿੱਤਾ ਹੈ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪੁਲਿਸ ਨੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਦਿੱਲੀ ਜਾ ਰਹੇ ਨਿਹੱਥੇ ਸ਼ਾਂਤਮਈ 'ਆਪ' ਵਰਕਰਾਂ 'ਤੇ ਲਾਠੀਚਾਰਜ ਕੀਤਾ ਗਿਆ। ਇਸ ਸਬੰਧੀ ਡਾਕਟਰ ਬਲਬੀਰ ਨੇ ਟਵੀਟ ਕਰਦਿਆਂ ਲਿਖਿਆ ਕਿ ਦੇਸ਼ ਵਿੱਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਸੁਪਰੀਮ ਕੋਰਟ ਸਾਨੂੰ ਸ਼ਾਂਤਮਈ ਢੰਗ ਨਾਲ ਘੁੰਮਣ ਅਤੇ ਵਿਰੋਧ ਕਰਨ ਦਾ ਅਧਿਕਾਰ ਦਿੰਦਾ ਹੈ ਪਰ 'ਆਪ' ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਉਨ੍ਹਾਂ ਪੰਜਾਬ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਵਲੰਟੀਅਰਾਂ ਨੂੰ ਬਾਦਲੀ ਵਿੱਚ ਹਿਰਾਸਤ ਵਿੱਚ ਲਏ ਜਾਣ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਦੇ ਸਮਰਥਨ 'ਚ ਦਿੱਲੀ ਪੁੱਜੇ 'ਆਪ' ਦੇ ਚੰਡੀਗੜ੍ਹ ਨਗਰ ਨਿਗਮ ਦੀ ਕੌਂਸਲਰ ਅੰਜੂ ਕਤਿਆਲ ਅਤੇ ਦਮਨਪ੍ਰੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਅਤੇ ਸਾਰੇ ਵਰਕਰਾਂ ਨੂੰ ਦਿੱਲੀ ਬਾਰਡਰ 'ਤੇ ਰੋਕ ਦਿੱਤਾ ਗਿਆ ਹੈ। ਸਾਰੇ ਮੰਤਰੀਆਂ ਤੇ ਵਰਕਰਾਂ ਨੇ ਸੜਕ ਵਿਚਕਾਰ ਬੈਠ ਕੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਸ ਦੀ ਪੁਲਿਸ ਨਾਲ ਹੱਥੋਪਾਈ ਹੋਣ ਦੀ ਵੀ ਸੂਚਨਾ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਟਵੀਟ
''ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦੱਸਿਆ ਕਿ ਉਹਨਾਂ ਨੂੰ ਰਾਜਧਾਨੀ ਦਿੱਲੀ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਦਿੱਲੀ ਪੁਲਿਸ ਨੇ ਉਹਨਾਂ ਦੀ ਕਾਰ ਰੋਕ ਲਈ''।
ਦੀਪਕ ਬਾਲੀ ਦਾ ਟਵੀਟ
''BJP, ਅਰਵਿੰਦ ਕੇਜਰੀਵਾਲ ਜੀ ਤੇ ਆਮ ਆਦਮੀ ਪਾਰਟੀ ਦੀ ਚੜ੍ਹਤ ਵੇਖ ਖ਼ੌਫ਼ ਵਿੱਚ ਹੈ, ਇਸ ਲਈ ਅਜਿਹੇ ਗ਼ਲਤ ਤਰੀਕਿਆਂ ਨਾਲ ਡਰਾਉਣ ਦਾ ਯਤਨ ਕਰ ਰਹੀ ਹੈ, ਅਸੀਂ ਹੋਰ ਜ਼ੋਰ ਨਾਲ ਬੋਲਾਂਗੇ, ਅਰਵਿੰਦ ਕੇਜਰੀਵਾਲ ਜ਼ਿੰਦਾਬਾਦ, ਆਮ ਆਦਮੀ ਪਾਰਟੀ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ''।
ਰਾਘਵ ਚੱਢਾ ਦਾ ਟਵੀਟ
''ਅਰਵਿੰਦ ਕੇਜਰੀਵਾਲ ਸੀ.ਬੀ.ਆਈ.-ਈ.ਡੀ. ਤੋਂ ਡਰਨ ਵਾਲੇ ਨਹੀਂ ਹਨ। ਇਹ ਤਾਕਤ ਉਨ੍ਹਾਂ ਨੂੰ ਦਿਖਾਓ ਜੋ ਇਸ ਤੋਂ ਡਰਦੇ ਹਨ। ਇਨਕਲਾਬ ਜਿੰਦਾਬਾਦ''!