
ਪੰਜ ਵਿੱਚੋਂ ਤਿੰਨ ਦੋਸ਼ੀ ਕੀਤੇ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ
ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਸਰਦੁੱਲਾਪੁਰ ਵਿਖੇ ਸ਼ੁੱਕਰਵਾਰ ਦੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਆਪਣੇ ਚਰੇਰੇ ਭਰਾਵਾਂ ਵਲੋਂ ਵਿਅਕਤੀ ਦਾ ਕੁੱਟ-ਕੁੱਟ ਕੇ ਕੀਤੇ ਕਤਲ ਦਾ ਮਾਮਲਾ ਮਾਹਿਲਪੁਰ ਪੁਲਿਸ ਨੇ ਹੱਲ ਕਰ ਦਿੱਤਾ ਹੈ। ਮਹਿਜ 36 ਘੰਟਿਆਂ ਵਿਚ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਹਿਲਪੁਰ ਪੁਲਿਸ ਨੇ ਵੱਡਾ ਮਾਰਕਾ ਮਾਰਿਆ ਹੈ। ਮਹਿਲਾ ਦੋਸ਼ੀ ਫ਼ਰਾਰ ਹਨ।
ਮ੍ਰਿਤਕ ਦੀ ਪਤਨੀ ਮੀਨਾ ਕੁਮਾਰੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਉਸ ਦੇ ਪਤੀ ਹਰਮੇਸ਼ ਲਾਲ ਪੁੱਤਰ ਸਰਦੁੱਲਾਪੁਰ ਦੀ ਪਹਿਲੀ ਪਤਨੀ ਨਾਲ ਤਲਾਕ ਤੋਂ ਬਾਅਦ 2003 ਵਿਚ ਉਸ ਨਾਲ ਦੂਜਾ ਵਿਆਹ ਕਰਵਾਇਆ ਸੀ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੇ ਪਹਿਲੇ ਵਿਆਹ ਤੋਂ ਇੱਕ ਲੜਕੀ ਜੂਹੀ ਸੀ ਜੋ ਆਪਣੀ ਭੂਆ ਬਿਮਲਾ ਕੋਲ ਗਈ ਹੋਈ ਸੀ ਕੁੱਝ ਦਿਨ ਪਹਿਲਾਂ ਉਸ ਦੇ ਚਾਚੇ ਦੇ ਲੜਕੇ ਮਨਜਿੰਦਰ ਸਿੰਘ ਮਨੀ, ਕਮਲਜੀਤ ਸਿੰਘ ਉਰਫ਼ ਕੰਬਾ ਅਤੇ ਹਰਜਿੰਦਰ ਸਿੰਘ ਉਰਫ ਜਿੰਦਾ ਲੁਧਿਆਣਾ ਜਾ ਕੇ ਉਸ ਦੀ ਬੇਟੀ ਜੂਹੀ ਨੂੰ ਉਸ ਦੀ ਭੂਆ ਦੇ ਘਰ ਤੋਂ ਜ਼ਬਰਦਸਤੀ ਲੈ ਕੇ ਉਸ ਦੀ ਪਹਿਲੀ ਤਲਾਕਸ਼ੁਦਾ ਕੋਲ ਛੱਡ ਆਏ ਸਨ।
ਮੀਨਾ ਕੁਮਾਰੀ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਹੋਇਆ ਤਾਂ ਉਸ ਦਾ ਪਤੀ ਉਹਾਲਮਾ ਦੇਣ ਲਈ ਆਪਣੇ ਭਰਾਵਾਂ ਦੇ ਘਰ ਰਾਤ ਨੂੰ ਗਿਆ ਸੀ ਜਿੱਥੇ ਮਨਜਿੰਦਰ ਸਿੰਘ ਉਰਫ਼ ਮਨੀ, ਕਮਲਜੀਤ ਸਿੰਘ ਉਰਫ਼ ਕੰਬਾ, ਹਰਜਿੰਦਰ ਸਿੰਘ ਉਰਫ ਜਿੰਦਾ ਪੁੱਤਰਾਨ ਗਿਆਨ ਚੰਦ, ਆਸ਼ਾ ਪਤਨੀ ਕਮਲਜੀਤ ਸਿੰਘ, ਸ਼ਿਵਾਨੀ ਪਤਨੀ ਮਨਜਿੰਦਰ ਸਿੰਘ ਨੇ ਉਸ ਦੇ ਪਤੀ ਨੂੰ ਕੁੱਟ-ਕੁੱਟ ਬੇਹੋਸ਼ ਕਰ ਦਿੱਤਾ ਅਤੇ ਫ਼ਿਰ ਗਲੀ ਵਿਚ ਲਿਆ ਕੇ ਫ਼ਿਰ ਕੁੱਟਮਾਰ ਕੀਤੀ ਜਿਸ ਕਾਰਨ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਇਸ ਕਤਲ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਤਿੰਨ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਬਾਕੀ ਰਹਿੰਦੇ ਮੁਲਜ਼ਮਾਂ ਦੀ ਭਾਲ ਜਾਰੀ ਹੈ।