
ਬਠਿੰਡਾ ਪਹੁੰਚ ਕੇਜਰੀਵਾਲ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਲਾਏ ਰਗੜੇ
ਬਠਿੰਡਾ: ਪੰਜਾਬ ਵਿਚ ਲੋਕ ਸਭਾ ਚੋਣਾਂ ਆਖ਼ਰੀ ਗੇੜ ਤਹਿਤ 19 ਮਈ ਨੂੰ ਹੋਣ ਜਾ ਰਹੀਆਂ ਹਨ। ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ। ਵੋਟਰਾਂ ਨੂੰ ਅਪਣੇ ਵੱਲ ਖਿੱਚਣ ਲਈ ਸਿਆਸੀ ਪਾਰਟੀਆਂ ਪੂਰੇ ਜ਼ੋਰਾ-ਸ਼ੋਰਾਂ ’ਤੇ ਚੋਣ ਪ੍ਰਚਾਰ ਕਰ ਰਹੀਆਂ ਹਨ। ਵੱਖ-ਵੱਖ ਪਾਰਟੀਆਂ ਦੇ ਕੌਮੀ ਪ੍ਰਧਾਨ ਵੀ ਪੰਜਾਬ ਵਿਚ ਆ ਕੇ ਅਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਅੱਜ ਪੰਜਾਬ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚੇ।
Rahul Gandhi & Captain Amarinder Singh
ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਅਕਾਲੀ ਦਲ ਤੇ ਕਾਂਗਰਸ ਦੋਵਾਂ ਪਾਰਟੀਆਂ ਨੂੰ ਰੱਜ ਕੇ ਰਗੜੇ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਰਗਾੜੀ ’ਚ ਯਾਦਗਾਰ ਬਣਾਉਣ ਦੀਆਂ ਗੱਲਾਂ ਕਰਦੇ ਹਨ ਪਰ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਸਕਦੇ। ਜੇਕਰ ਕੈਪਟਨ ਦੀ ਔਕਾਤ ਤੇ ਰਾਹੁਲ ਵਿਚ ਹਿੰਮਤ ਹੈ ਤਾਂ ਬਾਦਲਾਂ ਨੂੰ ਦੇਣ ਸਜ਼ਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੇ ਸਮੇਂ ਨਸ਼ਾ ਵਿਕਦਾ ਸੀ ਤੇ ਕਿਸਾਨ ਖ਼ੁਦਕੁਸ਼ੀ ਕਰਦਾ ਸੀ ਤੇ ਪੂਰੇ ਪੰਜਾਬ ਦੇ ਲੋਕ ਪ੍ਰੇਸ਼ਾਨ ਸਨ।
Badals
ਇਸ ਤੋਂ ਬਾਅਦ ਲੋਕਾਂ ਨੇ ਕੈਪਟਨ ਸਰਕਾਰ ਨੂੰ ਮੌਕਾ ਦਿਤਾ ਤੇ ਹੁਣ ਵੀ ਉਹੀ ਹਾਲਾਤ ਹਨ, ਕੁਝ ਨਹੀਂ ਬਦਲਿਆ। ਅਜੇ ਵੀ ਨਸ਼ਾ ਸ਼ਰੇਆਮ ਵਿਕਦਾ ਹੈ, ਲੋਕ ਪ੍ਰੇਸ਼ਾਨ ਹਨ ਤੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਦਾ ਮੁੱਖ ਮੰਤਰੀ ਹੁੰਦੇ ਹੋਏ, ਦਿੱਲੀ ਤੋਂ ਇੱਥੇ ਆ ਸਕਦਾ ਹਾਂ ਤੇ ਪੰਜਾਬ ਵਿਚ ਪਿੰਡ-ਪਿੰਡ ਘੁੰਮ ਸਕਦਾ ਹਾਂ ਤਾਂ ਫਿਰ ਕੈਪਟਨ ਸਾਬ੍ਹ ਤਾਂ ਰਾਜਾ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਅਤੇ ਉਹ ਕਿਉਂ ਨਹੀਂ ਜਨਤਾ ਨੂੰ ਮਿਲ ਸਕਦੇ।
ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਰਿਪੋਰਟਾਂ ਬੋਲ ਰਹੀਆਂ ਹਨ ਕਿ ਕੈਪਟਨ ਨੇ ਜਿੰਨੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਕੀਤਾ ਤੇ ਹੁਣ ਪੰਜਾਬ ਦੀ ਜਨਤਾ ਕਾਂਗਰਸ ਤੇ ਅਕਾਲੀ ਦਲ ਦੋਵਾਂ ਪਾਰਟੀਆਂ ਤੋਂ ਤੰਗ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਤੇ ਬਾਦਲ ਦੋਵੇਂ ਆਪਸ ਵਿਚ ਮਿਲੇ ਹੋਏ ਹਨ ਪਰ ਇਸ ਵਾਰ ਜਨਤਾ ‘ਆਪ’ ਨੂੰ ਇਕ ਉਮੀਦ ਦੇ ਤੌਰ ‘ਤੇ ਵੇਖ ਰਹੀ ਹੈ।