
ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਇਹਨਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਅਤੇ ਉਨਾਂ ਸਮੱਸਿਆਵਾਂ ਦੇ ਹੱਲ ਕਰਨ ਦਾ ਭਰੋਸਾ ਦਿੱਤਾ
Anandpur Sahib News : ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੈਂਦੇ ਚੰਡੀਗੜ੍ਹ ਨੇੜਲੇ ਅਤੇ ਸ਼ਿਵਾਲਿਕ ਪਹਾੜੀਆਂ ਵਿੱਚ ਵਸਦੇ ਪੰਜ ਪਿੰਡਾਂ ਦੇ ਵਸਨੀਕਾਂ ਨੇ ਵੱਡਾ ਫੈਸਲਾ ਲਿਆ ਹੈ। ਇਹਨਾਂ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਅਤੇ ਉਹਨਾਂ ਦਾ ਹੱਲ ਨਾ ਹੋਣ ਕਾਰਨ ਲੋਕ ਸਭਾ ਚੋਣਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ।
ਪਿੰਡ ਜੈੰਤੀ ਮਾਜਰੀ, ਗੂੜਾ, ਬਘਿੰਡੀ,ਕਰੋਦੇਂਵਾਲਾ ਅਤੇ ਕਸੌਲੀ ਦੇ ਵਸਨੀਕਾਂ ਨੇ ਦੱਸਿਆ ਕਿ ਸਾਡੇ ਕੰਡੀ ਏਰੀਆ ਦੇ ਸਮਸਿਆਵਾਂ ਨਾਲ ਜੂਝਦੇ ਤਕਰੀਬਨ ਪੰਜ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ -ਆਪਣੇ ਪਿੰਡ ਵਿੱਚ ਇਕੱਠ ਕੀਤਾ ਗਿਆ ਸੀ। ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਉਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਨਹੀਂ ਹੁੰਦਾ ਤਾਂ ਲੋਕ ਸਭਾ ਚੋਣਾਂ ਦਾ ਪਿੰਡਾਂ ਵਿੱਚ ਬਾਈਕਾਟ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਬਾਈਕਾਟ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਾਡੇ ਕਬਜ਼ੇ ਵਾਲੀ ਮਲਕੀਅਤ ਜ਼ਮੀਨ ਦਾ ਸਰਕਾਰ ਨੇ ਇੰਤਕਾਲ ਪੰਚਾਇਤਾਂ ਦੇ ਨਾਂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਾਡੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਦਾ ਕੋਈ ਨਾਂ ਵੀ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਸ਼ਾਮਲਾਟ ਜ਼ਮੀਨਾਂ ਤੋਂ ਇਲਾਵਾ ਸਾਡੀਆਂ ਖੇਵਟ ਜ਼ਮੀਨ ਦਾ ਮਾਲਕਾਨਾ ਹੱਕ ਸਾਥੋਂ ਖੋ ਲਿਆ ਹੈ। ਉਹ ਪੁਰਖਿਆਂ ਦੇ ਸਮੇਂ ਤੋਂ ਵਾਹੁੰਦੇ ਆ ਰਹੀਆਂ ਜ਼ਮੀਨਾਂ 'ਤੇ ਹੁਣ ਅਸੀਂ ਖੇਤੀ ਵੀ ਕਰਨ ਦੇ ਕਾਬਲ ਨਹੀਂ ਛੱਡੇ ਗਏ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇਹ ਸਾਰੇ ਪਿੰਡ ਚੰਡੀਗੜ੍ਹ ਜਿਹੇ ਸ਼ਹਿਰ ਦੇ ਨੇੜੇ ਸਨ, ਉਸ ਤਰ੍ਹਾਂ ਦਾ ਵਿਕਾਸ ਕਾਰਜ ਕਦੇ ਵੀ ਨਹੀਂ ਹੋਇਆ। ਨਦੀਆਂ ਤੇ ਪੁਲ ਨਾ ਲੱਗੇ ਹੋਣ ਕਾਰਨ ਬਰਸਾਤਾਂ ਵਿੱਚ ਲੋਕਾਂ ਨੂੰ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਕਿਸੇ ਵੀ ਐਮਰਜੈਂਸੀ ਸਮੇਂ ਸਿਹਤ ਸੁਵਿਧਾਵਾਂ ਨਾ ਮਿਲਣ ਕਾਰਨ ਅਤੇ ਰਸਤੇ ਸਹੀ ਨਾ ਹੋਣ ਕਾਰਨ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹਨਾਂ ਕਿਹਾ ਕਿ ਉਹ ਪਿਛਲੇ ਦੋ ਸਾਲ ਤੋਂ ਪ੍ਰਸ਼ਾਸਨ ਕੋਲ ਗੇੜੇ ਮਾਰ ਚੁੱਕੇ ਹਨ ਪਰੰਤੂ ਕੋਈ ਹੱਲ ਨਹੀਂ ਹੋਇਆ। ਇਹਨਾਂ ਪਿੰਡਾਂ ਦੇ ਵਸਨੀਕਾਂ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਇਹਨਾਂ ਨਾਲ ਰਾਬਤਾ ਬਣਾਇਆ ਗਿਆ ਹੈ ਅਤੇ ਉਨਾਂ ਸਮੱਸਿਆਵਾਂ ਦੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪ੍ਰੰਤੂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਨਹੀਂ ਹੁੰਦਾ ਤਾਂ ਉਹ ਹਰ ਹੀਲੇ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨਗੇ।
ਉਧਰ ਐਸਡੀਐਮ ਗੁਰਮਿੰਦਰ ਸਿੰਘ ਤਹਿਸੀਲਦਾਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ 'ਤੇ ਵੀ ਪਹੁੰਚੇ ਅਤੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ।