ਕਈ ਟਰਾਂਸਪੋਰਟ ਕੰਪਨੀਆਂ ਵੀ ਹੋਈਆਂ ਬੰਦ
India-Pakistan Trade: ਭਾਰਤ ਅਤੇ ਪਾਕਿਸਤਾਨ ਨੂੰ ਇਕ-ਦੂਜੇ ਨਾਲ ਜੋੜਨ ਵਾਲੀ ਅਟਾਰੀ-ਵਾਹਗਾ ਸਰਹੱਦ ਰਾਹੀਂ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਬੰਦ ਹੋਣ ਕਾਰਨ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਬੇਰੁਜ਼ਗਾਰੀ ਦੀ ਮਾਰ ਪਈ ਹੈ। ਇਸ ਕਾਰਨ ਕਈ ਵੱਡੇ ਟਰਾਂਸਪੋਰਟਰ ਟਰੱਕ ਵੇਚਣ ਲਈ ਮਜਬੂਰ ਹੋ ਗਏ ਹਨ।
ਦਰਅਸਲ ਸਾਲ 2017 ਵਿਚ ਕੇਂਦਰ ਸਰਕਾਰ ਵਲੋਂ ਕੁੱਝ ਕਾਰਨਾਂ ਕਰ ਕੇ ਪਾਕਿਸਤਾਨ ਨਾਲ ਵਪਾਰ ਬੰਦ ਕਰ ਦਿਤਾ ਗਿਆ ਸੀ, ਜਿਸ ਨਾਲ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਮਾਰ ਝੱਲਣੀ ਪਈ। ਬੇਰੁਜ਼ਗਾਰੀ ਦੀ ਮਾਰ ਹੇਠ ਆਏ ਲੋਕਾਂ ਵਿਚੋਂ ਸੱਭ ਤੋਂ ਵੱਧ ਗਿਣਤੀ 1500 ਦੇ ਕਰੀਬ ਕੁਲੀਆਂ ਦੀ ਸੀ। ਇਸ ਤੋਂ ਇਲਾਵਾ ਖ਼ਬਰਾਂ ਅਨੁਸਾਰ ਬਹੁਤ ਸਾਰੀਆਂ ਟਰਾਂਸਪੋਰਟ ਕੰਪਨੀਆਂ ਵੀ ਬੰਦ ਹੋ ਗਈਆਂ ਅਤੇ ਕਈ ਟਰੱਕ ਮਾਲਕ ਕਿਸ਼ਤਾਂ ਪੂਰੀਆਂ ਨਾ ਹੋਣ ਕਾਰਨ ਟਰੱਕ ਵੇਚਣ ਲਈ ਮਜਬੂਰ ਹੋ ਗਏ।
ਇਕ ਮੀਡੀਆ ਰੀਪੋਰਟ ਮੁਤਾਬਕ ਅਟਾਰੀ ਵਿਖੇ ਬਹੁਤ ਵੱਡੀ ਟਰੱਕਾਂ ਦੀ ਵਰਕਸ਼ਾਪ ਵੀ ਖੰਡਰ ਦਾ ਰੂਪ ਧਾਰਨ ਕਰ ਗਈ, ਜਿਸ ਵਿਚ ਘਾਹ ਉਗਿਆ ਹੋਇਆ ਹੈ। ਇਸ ਤੋਂ ਇਲਾਵਾ ਛੋਟੇ ਦੁਕਾਨਦਾਰਾਂ ਅਤੇ ਢਾਬੇ ਮਾਲਕਾਂ ਨੂੰ ਵੀ ਇਸ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਜਿਸ ਦੀ ਬਦੌਲਤ ਅੱਜ ਕਈ ਨੌਜਵਾਨ ਅਪਣੀਆਂ ਪਰਿਵਾਰਕ ਲੋੜਾਂ ਦੀ ਪੂਰਤੀ ਲਈ ਨਸ਼ਿਆਂ ਅਤੇ ਲੁੱਟਾਂ ਖੋਹਾਂ ਦੇ ਰਾਹ ਤੁਰ ਪਏ ਹਨ।
ਅਟਾਰੀ ਟਰੱਕ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਯੂਨੀਅਨ ਵਿਚ 517 ਦੇ ਕਰੀਬ ਟਰੱਕ ਸਨ, ਜੋ ਕਿ ਹੁਣ ਸਿਰਫ 200 ਦੇ ਕਰੀਬ ਰਹਿ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਕਾਰਨ ਹਰ ਵਰਗ ਨੂੰ ਮਾਰ ਝੱਲਣੀ ਪਈ ਹੈ।