
ਕੋਰ ਕਮੇਟੀ ਦੀ ਮੀਟਿੰਗ 'ਚ ਫ਼ੈਸਲਾ ਕਰ ਕੇ ਸਾਰੇ ਅਧਿਕਾਰ ਜਥੇਦਾਰ ਬ੍ਰਹਮਪੁਰਾ ਨੂੰ ਦਿਤੇ
ਚੰਡੀਗੜ੍ਹ: ਅਕਾਲੀ ਦਲ (ਟਕਸਾਲੀ) ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਮੁਕਾਬਲੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੀਜੇ ਬਦਲ ਦੀ ਤਿਆਰੀ ਲਈ ਸਮੂਹ ਬਾਦਲ ਵਿਰੋਧੀ ਪੰਥਕ ਧਿਰਾਂ ਨੂੰ ਇਕਜੁਟ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਅੱਜ ਇਥੇ ਟਕਸਾਲੀ ਦਲ ਦੀ ਕੋਰ ਕਮੇਟੀ ਦੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।
Ranjeet Singh Brahmpura
ਪੰਥਕ ਪਾਰਟੀਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਸਰਬਸੰਮਤੀ ਨਾਲ ਜਥੇਦਾਰ ਬ੍ਰਹਮਪੁਰਾ ਨੂੰ ਸਾਰੇ ਅਧਿਕਾਰ ਦਿਤੇ ਗਏ ਹਨ। ਮੀਟਿੰਗ ਤੋਂ ਬਾਅਦ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਬ੍ਰਹਮਪੁਰਾ ਅਤੇ ਪਾਰਟੀ ਦੇ ਹੋਰ ਕਈ ਪ੍ਰਮੁੱਖ ਨੇਤਾਵਾਂ ਨੇ ਸੰਬੋਧਨ ਕੀਤਾ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬ੍ਰਹਮਪੁਰਾ ਅਗਲੇ ਦੋ ਤਿੰਨ ਦਿਨ ਦੇ ਅੰਦਰ ਹੀ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਸੱਭ ਤੋਂ ਪਹਿਲਾਂ ਮਿਲਣਗੇ ਅਤੇ ਉਨ੍ਹਾਂ ਨਾਲ ਸਲਾਹ ਤੋਂ ਬਾਅਦ ਅੱਗੇ ਹੋਰ ਨੇਤਾਵਾਂ ਨਾਲ ਗੱਲਬਾਤ ਤੋਰੀ ਜਾਵੇਗੀ।
Bir Devinder Singh
ਉਨ੍ਹਾਂ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਵੀ ਟੱਬਰ ਦੇ ਮੈਂਬਰਾਂ ਤਕ ਸੀਮਤ ਹੋ ਕੇ ਰਹਿ ਗਿਆ ਹੈ ਅਤੇ ਕਾਂਗਰਸ ਵੀ ਕੈਪਟਨ ਅਮਰਿੰਦਰ ਸਿੰਘ ਦੁਆਲੇ ਹੀ ਕੇਂਦਰਿਤ ਹੋ ਕੇ ਰਹਿ ਗਈ ਹੈ ਜਿਸ ਕਰ ਕੇ ਸੂਬੇ ਦੇ ਲੋਕ ਇਸ ਸਮੇਂ ਤੀਜੇ ਬਦਲ ਦੀ ਭਾਲ ਵਿਚ ਹਨ ਅਤੇ ਇਸ ਮਕਸਦ ਲਈ ਪੰਥਕ ਧਿਰਾਂ ਨੂੰ ਇਕਜੁੱਟ ਕਰਨਾ ਅਕਾਲੀ ਦਲ ਟਕਸਾਲੀ ਦੀ ਵੱਡੀ ਜ਼ਿੰਮੇਵਾਰੀ ਹੈ।
Sukhdev Singh Dhindsa
ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਪਣੇ ਸੱਭ ਸਿਧਾਂਤ ਛੱਡ ਚੁੱਕਾ ਹੈ ਅਤੇ ਵੱਧ ਅਧਿਕਾਰਾਂ, ਫੈਡਰਲ ਢਾਂਚੇ ਅਤੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਭੁੱਲ ਚੁੱਕਾ ਹੈ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਤੀਜੇ ਬਦਲ 'ਚ ਪੰਥਕ ਧਿਰਾਂ ਤੋਂ ਬਾਅਦ ਹੋਰ ਪੰਜਾਬ ਪੱਖੀ ਦਲਾਂ ਨੂੰ ਵੀ ਲਿਆ ਜਾਵੇਗਾ। ਉਨ੍ਹਾਂ ਸੁਖਪਾਲ ਸਿੰਘ ਖਹਿਰਾ ਬੈਂਸ ਭਰਾਵਾਂ ਅਤੇ ਬਸਪਾ ਆਦਿ ਦਾ ਜ਼ਿਕਰ ਕੀਤਾ।
Sukhpal Singh Khehra
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਕ ਪ੍ਰਧਾਨ, ਇਕ ਨਿਸ਼ਾਨ ਅਤੇ ਇਕ ਵਿਧਾਨ ਤਹਿਤ ਵੀ ਪਾਰਟੀ ਦੀ ਉਸਾਰੀ ਲਈ ਯਤਨਸ਼ੀਲ ਹਨ। ਇਸ ਮੌਕੇ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਵਿੰਦਰ ਸਿੰਘ ਬੱਬੀ ਬਾਦਲ, ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਉਜਾਗਰ ਸਿੰਘ ਬਡਾਲੀ, ਰਵਿੰਦਰ ਸਿੰਘ ਬ੍ਰਹਮਪੁਰਾ, ਮੱਖਣ ਸਿੰਘ ਨੰਗਲ ਅਤੇ ਮਹਿੰਦਰ ਸਿੰਘ ਹੁਸੈਨਪੁਰ ਆਦਿ ਵੀ ਮੌਜੂਦ ਸਨ।
Sewa Singh Sekhwan
ਸਿੱਧੂ ਨਾਲ ਹਾਲੇ ਕੋਈ ਗੱਲ ਨਹੀਂ ਹੋਈ : ਸੇਵਾ ਸਿੰਘ ਸੇਖ਼ਵਾਂ- ਜਥੇਦਾਰ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਨਵਜੋਤ ਸਿੰਘ ਸਿੱਧੂ ਨਾਲ ਹਾਲੇ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ ਜਦ ਤਕ ਉਹ ਕਾਂਗਰਸ ਵਿਚ ਹੈ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਜਿਸ ਦਿਨ ਸਿੱਧੂ ਕਾਂਗਰਸ ਛੱਡਦਾ ਹੈ ਤਾਂ ਸੱਭ ਤੋਂ ਪਹਿਲਾਂ ਉਸ ਦਾ ਸਵਾਗਤ ਕਰਾਂਗੇ। ਉਨ੍ਹਾਂ ਭਾਜਪਾ ਨਾਲ ਵੀ ਕਿਸੇ ਤਰ੍ਹਾਂ ਦੇ ਤਾਲਮੇਲ ਤੋਂ ਸਾਫ਼ ਨਾਂਹ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।