
ਗਵਰਨਰ ਹਾਊਸ ਵੱਲ ਮਾਰਚ ਕਰਦੇ ਕਾਂਗਰਸੀਆਂ 'ਤੇ ਚੰਡੀਗੜ੍ਹ ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ
ਚੰਡੀਗੜ੍ਹ (ਅਮਨਪ੍ਰੀਤ ਕੌਰ): ਨੈਸ਼ਨਲ ਹੈਰਾਲਡ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਪਿਛਲੇ ਤਿੰਨ ਦਿਨਾਂ ਤੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਵਿਰੋਧ ਵਿਚ ਪੰਜਾਬ ਕਾਂਗਰਸ ਦੇ ਵਰਕਰਾਂ ਨੇ ਅੱਜ ਚੰਡੀਗੜ੍ਹ ਵਿਚ ਰਾਜ ਭਵਨ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਪ੍ਰਦਰਸ਼ਨ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ।
ਸਵੇਰੇ ਕਰੀਬ 10 ਵਜੇ ਸਾਰੇ ਕਾਂਗਰਸੀਂ ਵਰਕਰ ਪਾਰਟੀ ਹੈੱਡਕੁਆਰਟਰ ਵਿਖੇ ਇਕੱਠੇ ਹੋਏ। ਜਿੱਥੇ ਕਾਫੀ ਦੇਰ ਤੱਕ ਪ੍ਰਦਰਸ਼ਨ ਕਰਨ ਤੋਂ ਬਾਅਦ ਸਾਰੇ ਰਾਜ ਭਵਨ ਵੱਲ ਮਾਰਚ ਕਰਨ ਲੱਗੇ ਪਰ ਚੰਡੀਗੜ੍ਹ ਪੁਲਿਸ ਵੱਲੋਂ ਕਰੀਬ 200 ਮੀਟਰ ਦੀ ਦੂਰੀ ’ਤੇ ਬੈਰੀਕੇਡ ਲਗਾ ਕੇ ਇਸ ਨੂੰ ਰੋਕਣ ਦੇ ਪ੍ਰਬੰਧ ਕੀਤੇ ਗਏ ਸਨ। ਜਿਵੇਂ ਹੀ ਕਾਂਗਰਸੀ ਵਰਕਰ ਬੈਰੀਕੇਡਾਂ ਨੇੜੇ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ।
Congress Protest
ਇਸ ਤੋਂ ਬਾਅਦ ਵਰਕਰਾਂ ਨੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਬਾਅਦ 'ਚ ਚੰਡੀਗੜ੍ਹ ਪੁਲਿਸ ਨੇ ਉਹਨਾਂ 'ਤੇ ਪਾਣੀ ਦੀਆਂ ਬੁਛਾੜਾਂ ਚਲਾਈਆਂ, ਜਿਸ ਤੋਂ ਬਾਅਦ ਵਰਕਰ ਖਿੰਡ ਗਏ। ਇਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਸਾਰੇ ਵਰਕਰਾਂ ਨੂੰ ਬੱਸਾਂ ਵਿੱਚ ਭਰ ਕੇ ਹਿਰਾਸਤ ਵਿੱਚ ਲੈ ਲਿਆ।
ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਹ ਧੱਕਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਇਹ ਜ਼ਿਆਦਾ ਦੇਰ ਨਹੀਂ ਚੱਲੇਗਾ। ਉਹਨਾਂ ਕਿਹਾ ਕਿ ਦਿੱਲੀ 'ਚ ਰਾਹੁਲ ਗਾਂਧੀ ਨਾਲ ਜੋ ਹੋਇਆ, ਸਾਡੀਆਂ ਮਹਿਲਾ ਵਰਕਰਾਂ ਨੂੰ ਘਸੀਟਿਆ ਗਿਆ, ਇਹ ਲੋਕਤੰਤਰ ਦਾ ਕਤਲ ਹੈ। ਉਹਨਾਂ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਜੋ ਮਰਜ਼ੀ ਕਰੇ, ਜਦਕਿ ਸੰਗਰੂਰ ਚੋਣਾਂ 'ਤੇ ਉਹਨਾਂ ਕਿਹਾ ਕਿ ਕਾਂਗਰਸ ਦੀ ਜਿੱਤ ਯਕੀਨੀ ਹੈ।
Raja Warring
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਵਾਜਵਾ ਨੇ ਕਿਹਾ ਕਿ ਸਾਡੇ 'ਤੇ ਬਿਨ੍ਹਾਂ ਜਾਣਕਾਰੀ ਦੇ ਪਾਣੀ ਦੀਆਂ ਬੁਛਾੜਾਂ ਚਲਾਈਆਂ ਗਈਆਂ। ਹਰ ਕਿਸੇ ਨੂੰ ਲੋਕਤੰਤਰ 'ਤੇ ਆਪਣੀ ਰਾਏ ਰੱਖਣ ਦਾ ਅਧਿਕਾਰ ਹੈ, ਵਿਰੋਧ ਕਰਨ ਦਾ ਵੀ ਹੱਕ ਹੈ। ਇੰਨਾ ਹੀ ਨਹੀਂ ਪਾਣੀ ਦੇ ਵਹਾਅ ਕਾਰਨ ਪੱਗ ਉਤਰ ਗਈ, ਜੋ ਕਿ ਬਹੁਤ ਗਲਤ ਹੈ ਅਤੇ ਬਰਦਾਸ਼ਤ ਯੋਗ ਨਹੀਂ।
ਪਰਗਟ ਸਿੰਘ ਨੇ ਵੀ ਰੱਜ ਕੇ ਭੜਾਸ ਕੱਢਦਿਆਂ ਕਿਹਾ ਕਿ ਇਹ ਸਿਆਸਤ ਗਲਤ ਹੋ ਰਹੀ ਹੈ। ਇਸ ਦੇ ਨਾਲ ਹੀ ਆਪ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਰਾਜਨੀਤੀ ਕਰ ਰਹੀ ਹੈ। ਵੋਲਵੋ ਬੱਸ 'ਤੇ ਦਿੱਲੀ ਏਅਰਪੋਰਟ ਜਾਣ ਲਈ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪ ਹੀ ਰੋਕੀ ਸੀ, ਹੁਣ ਵਾਹ ਵਾਹ ਲੁੱਟਣ ਨੂੰ ਹਰੀ ਝੰਡੀ ਦੇ ਦਿੱਤੀ ਹੈ |
Rahul Gandhi
ਧਿਆਨ ਯੋਗ ਹੈ ਕਿ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਰਾਹੁਲ ਗਾਂਧੀ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦਾ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿੱਥੇ ਪਹਿਲੇ ਦਿਨ ਕਾਂਗਰਸੀ ਵਰਕਰਾਂ ਨੇ ਐੱਡ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਨਹੀਂ ਕੀਤਾ, ਉੱਥੇ ਅੱਜ ਰਾਜ ਭਵਨ ਦਾ ਘਿਰਾਓ ਕੀਤਾ ਗਿਆ
ਮਾਮਲਾ ਕਿਥੋਂ ਸ਼ੁਰੂ ਹੋਇਆ?
ਨੈਸ਼ਨਲ ਹੈਰਾਲਡ ਕੇਸ ਜਿਸ ਕਾਰਨ ਰਾਹੁਲ ਗਾਂਧੀ ਨੂੰ ਈਡੀ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ, ਉਸ ਵਿਚ 10 ਸਾਲ ਪਹਿਲਾਂ 2012 ਵਿਚ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਨੇ ਦਿੱਲੀ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ। ਸਵਾਮੀ ਨੇ ਦੋਸ਼ ਲਾਇਆ ਸੀ ਕਿ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਨੇ ਕਾਂਗਰਸ ਦੇ 90.25 ਕਰੋੜ ਰੁਪਏ ਦੀ ਵਸੂਲੀ ਲਈ ਅਧਿਕਾਰ ਹਾਸਲ ਕਰਨ ਲਈ ਸਿਰਫ 50 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ।