
ਕਿਹਾ, ਜੇਕਰ ਸਾਡੇ ਤਖ਼ਤ ਸਾਹਿਬਾਨਾਂ ਵਿਚ ਹੀ ਗ੍ਰੰਥੀ ਸਿੰਘ ਨਹੀਂ ਹਨ ਤਾਂ ਹੁਣ ਤਕ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕੀਤਾ ਕੀ?
ਚੰਡੀਗੜ੍ਹ: ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਐਲਾਨੇ ਜਾਣ ’ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖ ਕੌਮ ਵਿਚ ਇਹ ਬਹੁਤ ਵੱਡਾ ਅਤੇ ਸਤਿਕਾਰਯੋਗ ਅਹੁਦਾ ਹੈ ਤੇ ਇਸ ਫ਼ੈਸਲੇ ਬਾਰੇ ਉਹ ਕੋਈ ਕਿੰਤੂ-ਪ੍ਰੰਤੂ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਬ ਵਲੋਂ ਕੌਮ ਲਈ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ, ਅਹਿਮ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤੇ ਜੇਕਰ ਕੌਮ ’ਤੇ ਕੋਈ ਭੀੜ ਪੈਂਦੀ ਹੈ ਤਾਂ ਉਨ੍ਹਾਂ ਨੇ ਹੀ ਕੌਮ ਨੂੰ ਇਸ ਭੀੜ ਵਿਚੋਂ ਕੱਢਣਾ ਹੈ, ਸਾਰੀ ਕੌਮ ਜਥੇਦਾਰ ਸਾਹਿਬਾਨਾਂ ਅੱਗੇ ਨਤਮਸਤਕ ਹੈ।
ਇਹ ਬਹੁਤ ਤਾਕਤਵਰ ਅਤੇ ਸਤਿਕਾਰਯੋਗ ਅਹੁਦਾ ਹੁੰਦਾ ਹੈ ਪਰ ਅਜਿਹੀ ਕਿਹੜੀ ਤਾਕਤ ਹੈ ਜੋ ਇਸ ਤਾਕਤ ਨੂੰ ਵੀ ਲਾਹ ਦਿੰਦੀ ਹੈ। ਚਾਰ ਬੰਦਿਆਂ ਵਲੋਂ ਮੀਟਿੰਗ ਕਰ ਕੇ ਇਹ ਫ਼ੈਸਲਾ ਕਰ ਲਿਆ ਜਾਂਦਾ ਹੈ, ਕੌਮ ਨੂੰ ਇਸ ਦਾ ਕਾਰਨ ਦਸਿਆ ਜਾਣਾ ਚਾਹੀਦਾ ਹੈ। ਕੀ ਇੰਨੀ ਵੱਡੀ ਤਾਕਤ ਨੂੰ ਇਕ ਪ੍ਰਵਾਰ ਜਾਂ ਚਾਰ ਬੰਦੇ ਚੁਟਕੀ ਨਾਲ ਬਦਲ ਦਿੰਦੇ ਹਨ?
ਇਹ ਵੀ ਪੜ੍ਹੋ: ਜਥੇਦਾਰ ਨੇ ਪੂਰੀ ਕੌਮ ਨੂੰ ਸੇਧ ਦੇਣੀ ਹੁੰਦੀ ਹੈ, ਪਰ ਇਥੇ ਜਥੇਦਾਰ ਨੂੰ ਚੋਰੀ ਚੁਣਿਆ ਗਿਆ- ਮਨਜਿੰਦਰ ਸਿੰਘ ਸਿਰਸਾ
ਰਵਨੀਤ ਬਿੱਟੂ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਇੰਨੀ ਜ਼ਿਆਦਾ ਗਿਰਾਵਟ ਆ ਗਈ ਹੈ ਕਿ ਦਲਜੀਤ ਚੀਮਾ ਵਰਗੇ ਆਗੂ ਨੇ ਬਾਦਲ ਹੋਰਾਂ ਨੂੰ ਕਿਹਾ ਕਿ ਮੇਰੇ ਇਲਾਕੇ ਤੋਂ ਜਥੇਦਾਰ ਲਗਾਉ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਵੀ ਗਿਆਨੀ ਰਘਬੀਰ ਸਿੰਘ ਨੂੰ ਲਗਾ ਰਹੇ ਹਾਂ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਨਾਲ-ਨਾਲ ਹੈੱਡ ਗ੍ਰੰਥੀ ਲਗਾਇਆ ਗਿਆ ਹੈ।
ਜਿਥੇ ਬਾਬਾ ਬੁੱਢਾ ਜੀ ਬੈਠਦੇ ਸਨ, ਉਸ ਥਾਂ ’ਤੇ ਅੱਜ ਇਹ ਕਹਿ ਕੇ ਹੈੱਡ ਗ੍ਰੰਥੀ ਲਗਾਏ ਗਏ ਕਿ ਸਾਡੇ ਕੋਲ ਗ੍ਰੰਥੀ ਸਿੰਘਾਂ ਦੀ ਕਮੀ ਹੈ। ਜੇਕਰ ਸਾਡੇ ਤਖ਼ਤ ਸਾਹਿਬਾਨਾਂ ਵਿਚ ਹੀ ਗ੍ਰੰਥੀ ਸਿੰਘ ਨਹੀਂ ਹਨ ਤਾਂ ਹੁਣ ਤਕ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕੀ ਕੀਤਾ? ਇਹ ਸਿਰਫ਼ ਖਰਚੇ ਕਰਨ ਲਈ ਹਨ?
ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਕੌਮ ਹੁਣ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰੇਗੀ।