
ਪੁਲਿਸ ਨੇ ਮੁਲਜ਼ਮ ਪਿਓ ਨੂੰ ਗ੍ਰਿਫ਼ਤਾਰ ਕੀਤਾ
ਮੁੰਬਈ : ਮੁੰਬਈ 'ਚ ਝੂਠੀ ਸ਼ਾਨ ਖ਼ਾਤਰ ਕਤਲ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 20 ਸਾਲਾ ਗਰਭਵਤੀ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਨੂੰ ਕਿਸੇ ਹੋਰ ਨੇ ਨਹੀਂ, ਸਗੋਂ ਲੜਕੀ ਦੇ ਪਿਓ ਨੇ ਹੀ ਅੰਜਾਮ ਦਿੱਤਾ। ਜਦੋਂ ਲੜਕੀ ਆਪਣੇ ਪਿਓ ਦੇ ਪੈਰ ਛੂਹਣ ਲਈ ਝੁਕੀ ਤਾਂ ਪਿਓ ਨੇ ਉਸ ਦੀ ਗਰਦਨ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਪੁਲਿਸ ਨੇ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Pregnant Daughter Killed by Father in Mumbai
ਕਤਲ ਦੀ ਇਹ ਸਨਸਨੀਖੇਜ਼ ਵਾਰਦਾਤ ਮੁੰਬਈ ਦੇ ਘਾਟਕੋਪਰ ਇਲਾਕੇ ਦੀ ਹੈ। ਜਿੱਥੇ ਪੁਲਿਸ ਨੇ ਐਤਵਾਰ ਸਵੇਰੇ 20 ਸਾਲਾ ਇਕ ਲੜਕੀ ਦੀ ਖ਼ੂਨ ਨਾਲ ਸਣੀ ਲਾਸ਼ ਬਰਾਮਦ ਕੀਤੀ ਸੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ। ਲੜਕੀ ਦੀ ਪਛਾਣ ਮੀਨਾਕਸ਼ੀ ਚੌਰਸੀਆ ਵਜੋਂ ਹੋਈ ਹੈ। ਉਸ ਨੇ ਆਪਣੇ ਪਿਓ ਦੀ ਮਰਜ਼ੀ ਵਿਰੁਧ ਇਸੇ ਸਾਲ ਫ਼ਰਵਰੀ 'ਚ ਆਪਣੇ ਪ੍ਰੇਮੀ ਬ੍ਰਿਜੇਸ਼ ਚੌਰਸੀਆ ਨਾਲ ਵਿਆਹ ਕਰ ਲਿਆ ਸੀ। ਉਦੋਂ ਤੋਂ ਹੀ ਮੀਨਾਕਸ਼ੀ ਦਾ ਪਿਓ ਰਾਜ ਕੁਮਾਰ ਚੌਰਸੀਆ ਕਾਫ਼ੀ ਨਾਰਾਜ਼ ਸੀ। ਮੀਨਾਕਸ਼ੀ ਤੇ ਬ੍ਰਿਜੇਸ਼ ਘਰੋਂ ਭੱਜ ਕੇ ਮੱਧ ਪ੍ਰਦੇਸ਼ ਦੇ ਸਤਨਾ ਚਲੇ ਗਏ ਸਨ ਅਤੇ ਉੱਥੇ ਵਿਆਹ ਕਰਵਾ ਲਿਆ ਸੀ।
Pregnant Daughter Killed by Father in Mumbai
ਪੁਲਿਸ ਮੁਤਾਬਕ ਵਿਆਹ ਤੋਂ ਬਾਅਦ ਪਿਓ ਰਾਜ ਕੁਮਾਰ ਦੀ ਮੀਨਾਕਸ਼ੀ ਨਾਲ ਮੁਲਾਕਾਤ ਵੀ ਹੋਈ ਸੀ। ਉਦੋਂ ਰਾਜ ਕੁਮਾਰ ਨੇ ਕਿਹਾ ਸੀ ਕਿ ਉਹ ਕਦੇ ਆਪਣੇ ਪਿੰਡ ਨਾ ਆਵੇ, ਨਹੀਂ ਤਾਂ ਬਹੁਤ ਬੇਇੱਜਤੀ ਹੋਵੇਗੀ। ਹਾਲ ਹੀ 'ਚ ਜਦੋਂ ਮੀਨਾਕਸ਼ੀ ਇਕ ਸਮਾਗਮ 'ਚ ਹਿੱਸਾ ਲੈਣ ਲਈ ਪਿੰਡ ਆਈ ਤਾਂ ਰਾਜ ਕੁਮਾਰ ਕਾਫ਼ੀ ਨਾਰਾਜ਼ ਹੋ ਗਿਆ। ਮੀਨਾਕਸ਼ੀ ਜਿਵੇਂ ਹੀ ਪਿਓ ਦੇ ਪੈਰ ਛੂਹਣ ਲਈ ਝੁਕੀ ਤਾਂ ਉਸ ਨੇ ਚਾਕੂ ਨਾਲ ਉਸ ਦੀ ਗਰਦਨ 'ਤੇ ਹਮਲਾ ਕਰ ਦਿੱਤਾ। ਵਾਰਦਾਤ ਤੋਂ ਬਾਅਦ ਰਾਜ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ। ਬਾਅਦ 'ਚ ਪੁਲਿਸ ਨੇ ਕੁਝ ਲੋਕਾਂ ਨਾਲ ਪੁਛਗਿਛ ਕੀਤੀ ਅਤੇ ਮੋਬਾਈਲ ਲੋਕੇਸ਼ਨ ਦੇ ਆਧਾਰ 'ਤੇ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।