
4 ਬੱਚਿਆਂ ਦੀ ਪਿਓ ਨੇ ਨਾਜਾਇਜ਼ ਸਬੰਧਾਂ ’ਚ ਰੋੜਾ ਬਣਦੀ ਅਪਣੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ
ਬਰਨਾਲਾ: ਜ਼ਿਲ੍ਹੇ ਦੇ ਪਿੰਡ ਉੱਗੋਕੇ ਤੋਂ ਇਕ ਵਿਅਕਤੀ ਵਲੋਂ ਨਾਜਾਇਜ਼ ਸਬੰਧਾਂ ’ਚ ਰੋੜਾ ਬਣ ਰਹੀ ਅਪਣੀ ਪਤਨੀ ਦੇ ਸਿਰ ’ਚ ਇੱਟ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ, ਸੈਂਬਰ ਸਿੰਘ ਜੋ ਮਿਸਤਰੀ ਦਾ ਕੰਮ ਕਰਦਾ ਹੈ, ਦੇ ਅਪਣੇ ਗੁਆਂਢ ’ਚ ਰਹਿੰਦੀ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਨੂੰ ਲੈ ਕੇ ਉਹ ਅਕਸਰ ਅਪਣੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ।
Murder Case
ਸ਼ੁੱਕਰਵਾਰ ਰਾਤ ਨੂੰ ਇਸ ਮਾਮਲੇ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਕਿ ਸੈਂਬਰ ਸਿੰਘ ਨੇ ਅਪਣੀ ਪਤਨੀ ਦੇ ਸਿਰ ’ਚ ਇੱਟ ਮਾਰ ਕੇ ਉਸ ਦਾ ਕਤਲ ਕਰ ਦਿਤਾ। ਇਹ ਸਾਰੀ ਘਟਨਾ ਘਰ ’ਚ ਹੀ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਦੱਸਣਯੋਗ ਹੈ ਕਿ ਜ਼ਿਲ੍ਹ ਦੇ ਪਿੰਡ ਉੱਗੋਕੇ ’ਚ ਸੈਂਬਰ ਸਿੰਘ ਦਾ 23 ਸਾਲ ਪਹਿਲਾਂ ਖੁੱਡੀ ਕਲਾਂ ਨਿਵਾਸੀ ਮਨਦੀਪ ਕੌਰ ਨਾਲ ਵਿਆਹ ਹੋਇਆ ਸੀ। ਸੈਂਬਰ ਸਿੰਘ ਦੇ ਚਾਰ ਬੱਚੇ ਹਨ, ਜਿੰਨ੍ਹਾਂ ਵਿਚੋਂ 3 ਲੜਕੀਆਂ ਤੇ ਇਕ ਲੜਕਾ ਹੈ।
ਸੈਂਬਰ ਸਾਲ 2015 ਵਿਚ ਵਿਦੇਸ਼ ਗਿਆ ਸੀ। 2 ਸਾਲ ਉੱਥੇ ਰਹਿਣ ਮਗਰੋਂ ਸਾਲ 2017 ਵਿਚ ਹੀ ਉਹ ਵਾਪਸ ਆਇਆ ਸੀ। 2 ਸਾਲ ਪਹਿਲਾਂ ਉਸ ਦੇ ਅਪਣੇ ਗੁਆਂਢ ਰਹਿੰਦੀ ਔਰਤ ਰਣਜੀਤ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ, ਜਿਸ ਕਾਰਨ ਦੋਵਾਂ ਪਤੀ-ਪਤਨੀ ਵਿਚ ਅਕਸਰ ਝਗੜਾ ਹੋਣ ਲੱਗ ਗਿਆ। ਇਸ ਸਭ ਦੇ ਚਲਦੇ ਸੈਂਬਰ ਨੇ ਅਪਣੀ ਪਤਨੀ ਨੂੰ ਨਾਜਾਇਜ਼ ਸਬੰਧਾਂ ਵਿਚ ਰੋੜਾ ਬਣਦੇ ਵੇਖ ਉਸ ਦਾ ਕਤਲ ਕਰ ਦਿਤਾ।
Arrest
ਉਕਤ ਮਾਮਲੇ ਸਬੰਧੀ ਐਸਐਸਪੀ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕਾ ਦੀ ਦੇਹ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਾਟ ’ਚ ਜਾਂਚ ਲਈ ਰੱਖਵਾ ਦਿਤੀ ਹੈ। ਸੈਂਬਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।