
ਮਾਨਸਾ ਦੇ 48 ਪਿੰਡਾਂ ਵਿਚ ਹੜ੍ਹ ਦਾ ਖ਼ਤਰਾ , ਫ਼ੌਜ ਅਤੇ NDRF ਨੇ ਸੰਭਾਲਿਆ ਮੋਰਚਾ
ਹੁਣ ਤਕ 29 ਲੋਕਾਂ ਦੀ ਹੋ ਚੁੱਕੀ ਮੌਤ ਤੇ 3 ਲੋਕ ਲਾਪਤਾ
ਚੰਡੀਗੜ੍ਹ : ਮੌਸਮ ਵਿਭਾਗ ਵਲੋਂ ਅੱਜ ਪੂਰੇ ਪੰਜਾਬ ਵਿਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿਚ ਹੁਣ ਤਕ ਹੜ੍ਹ ਕਾਰਨ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3 ਲੋਕ ਲਾਪਤਾ ਹਨ। ਸੂਬੇ ਦੇ 14 ਜ਼ਿਲ੍ਹੇ ਹੜ੍ਹ ਦੀ ਲਪੇਟ ਵਿਚ ਹਨ ਜਿਸ ਵਿਚ ਪਟਿਆਲਾ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਫ਼ਿਰੋਜ਼ਪੁਰ, ਫ਼ਤਹਿਗੜ੍ਹ ਸਾਹਿਬ, ਫ਼ਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਦੇ 1390 ਪਿੰਡ ਅਜੇ ਵੀ ਹੜ੍ਹ ਪ੍ਰਭਾਵਿਤ ਹਨ।
ਸੂਬੇ 'ਚ ਹੁਣ ਤਕ 25 ਹਜ਼ਾਰ 160 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਸਰਕਾਰ ਦੇ 164 ਰਾਹਤ ਕੈਂਪਾਂ ਵਿਚ 3,331 ਲੋਕ ਰਹਿ ਰਹੇ ਹਨ। ਸਭ ਤੋਂ ਵੱਧ 56 ਰਾਹਤ ਕੈਂਪ ਜਲੰਧਰ ਜ਼ਿਲ੍ਹੇ ਵਿਚ ਹਨ। ਦਸਣਯੋਗ ਹੈ ਕਿ ਸ਼ਨੀਵਾਰ ਨੂੰ ਪਟਿਆਲਾ ਵਿਚ ਇਕ 13 ਸਾਲਾ ਲੜਕਾ ਸੈਲਫੀ ਲੈਣ ਦੌਰਾਨ ਵੱਡੀ ਨਦੀ ਵਿਚ ਰੁੜ੍ਹ ਗਿਆ।ਕਰੀਬ 2 ਘੰਟੇ ਬਾਅਦ ਉਸ ਦੀ ਲਾਸ਼ ਬਰਾਮਦ ਹੋਈ।
ਇਹ ਵੀ ਪੜ੍ਹੋ: ਬਰਸਾਤੀ ਭੰਬਟਾਂ ਦੀ ਪ੍ਰਵਾਹ ਨਾ ਕਰੋ ‘ਉੱਚਾ ਦਰ’ ਵਰਗੇ ਗਿਆਨ ਦੇ ਸੂਰਜ ਸਿਰਜਣ ਵਾਲਿਉ!
ਤਾਜ਼ਾ ਜਾਣਕਾਰੀ ਅਨੁਸਾਰ ਘੱਗਰ ਵਿਚ ਪਏ ਪਾੜ ਕਾਰਨ ਮਾਨਸਾ ਦੇ ਕਈ ਪਿੰਡ ਪਾਣੀ ਵਿਚ ਘਿਰੇ ਹੋਏ ਹਨ। ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਉਨ੍ਹਾਂ ਨੇ ਪਹਿਲਾਂ 1993 ਵਿਚ ਵੀ ਦੇਖੇ ਸਨ। ਉਧਰ ਪ੍ਰਸ਼ਾਸਨ ਵਲੋਂ ਬੰਨ੍ਹ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਦੇ ਨਾਲ ਹੀ ਫ਼ੌਜ ਅਤੇ ਐਨ.ਡੀ.ਆਰ.ਐਫ਼. ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜੋ ਲੋਕਾਂ ਦੀ ਮਦਦ ਲਈ ਹਰ ਪਲ ਮੌਜੂਦ ਰਹਿਣਗੀਆਂ।
ਇਸ ਦੇ ਨਾਲ ਹੀ ਮੌਸਮ ਵਿਭਾਗ ਵਲੋਂ ਪੰਜਾਬ ਵਿਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵਲੋਂ ਕੀਤੀ ਭਵਿਖਵਾਣੀ ਅਨੁਸਾਰ ਲਹਿਰਾ, ਮੂਨਕ, ਪਹਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫ਼ਤਹਿਗੜ੍ਹ ਸਾਹਿਬ, ਅਮਲੋਹ, ਬੱਸੀ ਪਠਾਣਾ, ਖੰਨਾ, ਪਾਇਲ, ਖਮਾਣੋਂ, ਲੁਧਿਆਣਾ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਬਲਾਚੌਰ, ਫ਼ਿਰੋਜ਼ਪੁਰ,ਪੱਟੀ,ਤਰਨ ਤਾਰਨ, ਲੁਧਿਆਣਾ ਪੱਛਮੀ, ਫਿਲੌਰ, ਫਗਵਾੜਾ, ਜਲੰਧਰ 1, ਜਲੰਧਰ 2, ਨਵਾਂਸ਼ਹਿਰ, ਗੜ੍ਹਸ਼ੰਕਰ,ਹੁਸ਼ਿਆਰਪੁਰ, ਅੰਮ੍ਰਿਤਸਰ 2, ਬਟਾਲਾ, ਦਸੂਆ, ਮੁਕੇਰੀਆਂ, ਗੁਰਦਾਸਪੁਰ ਅਤੇ ਪਠਾਨਕੋਟ ਵਿਚ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਦਸਿਆ ਹੈ ਕਿ ਬੁਢਲਾਡਾ, ਲਹਿਰਾ, ਸੰਗਰੂਰ, ਮਲੇਰਕੋਟਲਾ, ਮੂਨਕ, ਸਮਾਣਾ, ਪਹਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਖੰਨਾ, ਪਾਇਲ, ਖਰੜ, ਖਮਾਣੋਂ, ਸ਼ਾਹਕੋਟ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ,ਬਾਬਾ ਬਕਾਲਾ, ਅਜਨਾਲਾ, ਡੇਰਾ ਬਾਬਾ ਨਾਨਕ, ਭੁਲੱਥ ਅਤੇ ਧਾਰ ਕਲਾਂ ਵਿਚ ਹਲਕੇ ਮੀਂਹ ਦੀ ਸੰਭਾਵਨਾ ਹੈ।