
ਪੰਜਾਬ ਦੇ ਸੈਂਕੜੇ ਕਾਲਜਾਂ ਤੇ ਕਿੱਤਾ ਮੁਖੀ ਸੰਸਥਾਵਾਂ 'ਚ ਪੜ੍ਹਦੇ ਹਜ਼ਾਰਾਂ ਅਨੁਸੂਚਿਤ ਜਾਤੀ ਵਿਦਿਆਰਥਿਆਂ ਦੇ ਪਿਛਲੇ ਸਾਲਾਂ ਦੀ ਕਰੋੜਾਂ ਦੇ ਵਜ਼ੀਫਿਆਂ...............
ਚੰਡੀਗੜ੍ਹ : ਪੰਜਾਬ ਦੇ ਸੈਂਕੜੇ ਕਾਲਜਾਂ ਤੇ ਕਿੱਤਾ ਮੁਖੀ ਸੰਸਥਾਵਾਂ 'ਚ ਪੜ੍ਹਦੇ ਹਜ਼ਾਰਾਂ ਅਨੁਸੂਚਿਤ ਜਾਤੀ ਵਿਦਿਆਰਥਿਆਂ ਦੇ ਪਿਛਲੇ ਸਾਲਾਂ ਦੀ ਕਰੋੜਾਂ ਦੇ ਵਜ਼ੀਫਿਆਂ ਦੀ ਅਦਾਇਗੀ ਰਕਮ ਦਾ ਰੇੜਕਾ ਚੱਲੀ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਸਮਾਜ ਭਲਾਈ ਮੰਤਰੀ ਆਏ ਦਿਨ ਕੇਂਦਰ ਨੂੰ ਕੋਸਦੇ ਹਨ ਜਦਕਿ ਕੇਂਦਰੀ ਸਮਾਜ ਭਲਾਈ ਰਾਜ ਮੰਤਰੀ ਵਿਜੈ ਸਾਂਪਲਾ ਦਾ ਕਹਿਣਾ ਹੈ ਕਿ ਪ੍ਰਾਈਵੇਟ ਸੰਸਥਾਵਾਂ ਵਲੋਂ ਕੀਤੇ ਘਪਲਿਆਂ ਤੇ ਸੂਬਾ ਸਰਕਾਰ ਪੜਦਾ ਪਾ ਰਹੀ ਹੈ। ਅੱਜ ਇੱਥੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਵਿਜੈ ਸਾਂਪਲਾ ਨੇ ਸਪਸ਼ਟ ਕੀਤਾ
ਕਿ ਵਜ਼ੀਫੇ ਦੀ ਬਣਦੀ ਰਕਮ 327 ਕਰੋੜ, ਕੇਂਦਰ ਨੇ ਪਿਛਲੇ ਮਹੀਨੇ ਭੇਜ ਦਿਤੀ ਪਰ ਪੰਜਾਬ ਸਰਕਾਰ ਨੇ ਅਜੇ ਤਕ ਕਾਲਜਾਂ ਨੂੰ ਨਹੀਂ ਭੇਜੀ ਅਤੇ ਨਾ ਹੀ ਵਿਦਿਆਰਥੀਂਆਂ ਦੇ ਵੇਰਵਿਆਂ ਦਾ ਕੋਈ ਪੋਰਟਲ ਹੀ ਤਿਆਰ ਕੀਤਾ। ਜਿਸ ਨਾਲ ਕੇਂਦਰ ਨੂੰ ਵੀ ਨਾਲੋ-ਨਾਲ ਪਤਾ ਲਗਦਾ ਰਹੇ। ਕੇਂਦਰੀ ਮੰਤਰੀ ਨੇ ਕਿਹਾ 115 ਕਰੋੜ ਦੀ ਰਕਮ ਪਿਛਲੇ ਸਾਲ ਦਸੰਬਰ 'ਚ ਵੀ ਜਾਰੀ ਕੀਤੀ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਮਾਰਚ 31, 2019 ਤਕ ਪੰਜਾਬ ਦੇ ਵਿਦਿਆਰਥੀਆਂ ਦੀ ਬਣਦੀ ਰਕਮ ਹੋਰ 800 ਕਰੋੜ ਬਕਾਇਆ ਵੀ ਕੇਂਦਰ ਸਰਕਾਰ ਦੇਣ ਦੀ ਪਾਬੰਦ ਹੈ
ਪਰ ਪੰਜਾਬ ਸਰਕਾਰ ਨੇ 2015-16 ਤੋਂ ਕੋਈ ਹਿਸਾਬ-ਕਿਤਾਬ ਜਾਂ ਆਡਿਟ ਰੀਪੋਰਟ ਜਾਂ ਵਰਤੋਂ ਸਰਟੀਫੀਕੇਟ ਹੀ ਅਜੇ ਤਕ ਨਹੀਂ ਭੇਜਿਆ। ਬੀਜੇਪੀ ਦੇ ਇਸ ਸੀਨੀਅਰ ਨੇਤਾ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਲੋਂ ਚਲਾਈਆਂ ਅਨੇਕਾਂ ਭਲਾਈ ਸਕੀਮਾਂ ਨੂੰ ਲਾਗੂ ਕਰਨ 'ਚ ਇਕੋ ਵਿਦਿਆਰਥੀ ਦੇ ਦੋ-ਦੋ ਜਾਂ ਤਿੰਨ-ਤਿੰਨ ਥਾਵਾਂ ਤੇ ਦਾਖ਼ਲਾ ਦਿਖਾਉਣ ਅਤੇ ਵਜ਼ੀਫੇ ਦੀ ਰਕਮ ਹੜੱਪਣ 'ਚ ਵੀ ਪੰਜਾਬ ਬਾਕੀ ਰਾਜਾਂ ਨਾਲੋਂ ਅੱਗੇ ਰਿਹਾ ਹੈ। ਫ਼ਸਲ-ਬੀਮਾ ਯੋਜਨਾ ਵੀ ਕੇਂਦਰ ਨੇ 60-40 ਦੇ ਹਿੱਸੇ ਤੇ ਅਨੁਪਾਤ ਨਾਲ ਚਲਾਈ ਹੈ ਪਰ ਪੰਜਾਬ ਸਰਕਾਰ ਨੇ ਨਾ ਤਾਂ 5 ਲੱਖ ਵਾਲੀ ਆਯੂਸ਼ਮਾਨ ਸਿਹਤ ਸਕੀਮ ਲਈ ਹਾਮੀ ਭਰੀ ਹੈ
ਅਤੇ ਨਾ ਹੀ ਕਿਸਾਨਾਂ ਵਾਸਤੇ ਫਸਲ ਬੀਮਾ ਸਕੀਮ ਨੂੰ ਲਾਗੂ ਕਰਨਾ ਸਵੀਕਾਰ ਕੀਤਾ ਹੈ। ਪੰਜਾਬ 'ਚ ਵਿਰੋਧੀ ਧਿਰ 'ਆਪ' ਅਤੇ ਰੈਫਰਂੈਡਮ 2020 ਬਾਰੇ ਪੁੱਛੇ ਸੁਆਲਾਂ ਦਾ ਜਵਾਬ ਦਿੰਦਿਆਂ ਵਿਜੈ ਸਾਪਲਾ ਨੇ ਦਸਿਆ ਕਿ 'ਆਪ' ਪਾਰਟੀ ਨੂੰ ਬਾਹਰੋਂ ਖਾਲਿਸਤਾਨੀ ਵਿਚਾਰਧਾਰਾ ਦੇ ਲੋਕਾਂ ਤੋਂ ਮਦਦ ਆਉਂਦੀ ਹੈ, 'ਆਪ' ਦੇ ਨੇਤਾਵਾਂ ਦੇ ਇਨ੍ਹਾਂ ਅੱਤਿਵਾਦੀਆਂ ਨਾਲ ਸਬੰਧ ਹਨ। ਰੈਫਰੈਂਡਮ 2020 ਦੇ ਸੰਚਾਲਕ ਗੁਰਪਤਵੰਤ ਸਿੰਘ ਪੰਨੂ ਨੂੰ 'ਆਪ' ਸ਼ਹਿ ਦੇ ਰਿਹਾ ਜਦਕਿ ਪੰਨੂ ਕੋਲ ਸਿੱਖਾਂ ਵਾਲੀ ਕੋਈ ਨਾ ਸੋਚ ਹੈ, ਨਾ ਰਹਿਤ-ਮਰਿਆਦਾ, ਨਾ ਹੀ ਰੂਪ ਜਾਂ ਲਿਬਾਸ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਬਾਰੇ ਵਿਜੈ ਸਾਂਪਲਾ ਦਾ ਮੰਨਣਾ ਹੈ ਕਿ ਇਹ ਕਾਂਗਰਸ ਸਰਕਾਰ ਨੇ ਅਪਣਾ ਟੀਚਾ ਯਾਨੀ ਬਦਲੇ ਦੀ ਭਾਵਨਾ ਨਾਲ ਕਮਿਸ਼ਨ ਤੋਂ ਤਿਆਰ ਕਰਵਾਈ ਹੈ। ਇਸ ਕਮਿਸ਼ਨ ਅਤੇ ਰੀਪੋਰਟ ਦੇ ਵਿਰੁਧ ਪਹਿਲਾਂ ਹੀ ਬੀ.ਜੇ.ਪੀ-ਅਕਾਲੀ ਗੱਠਜੋੜ ਨੇ ਰੱਦ ਕਰ ਦਿਤਾ ਸੀ ਅਤੇ ਰਾਜਪਾਲ ਕੋਲ ਮੈਮੋਰੰਡਮ ਦੇ ਦਿਤਾ ਸੀ। ਬੀ.ਜੇ.ਪੀ ਪ੍ਰਧਾਨ ਸ਼ਵੇਤ ਮਲਿਕ ਨਾਲ ਵਿਚਾਰਾਂ ਦੀ ਵਿਰੋਧਤਾ ਜਾਂ ਆਪਸੀ ਤਾਲਮੇਲ ਨਾ ਹੋਣ ਦੀਆਂ ਖ਼ਬਰਾਂ ਨੂੰ ਨਕਾਰਦੇ ਹੋਏ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੇ ਸ਼ਪਸਟ ਕੀਤਾ ਕਿ ਪਾਰਟੀ ਹਾਈਕਮਾਂਡ ਤੇ ਪੰਜਾਬ ਯੂਨਿਟ 'ਚ ਪੂਰਾ ਸਹਿਯੋਗ ਹੈ, ਕਿਸੇ ਵੀ ਤਰ੍ਹਾਂ ਦਾ ਵਿਖਰੇਵਾਂ ਨਹੀਂ ਹੈ।