
ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ 'ਤੇ ਜਵਾਬੀ ਸਿਆਸੀ ਹਮਲਾ ਬੋਲਦੇ ਹੋਏ ਕਿਹਾ ਕਿ ਸਾਂਪਲਾ ਨੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਕਾਂਗਰਸ ਸਰਕਾਰ ਦੇ ਖਿਲਾਫ ਬਿਆਨ ਦਿੱਤਾ ਹੈ ਕਿ 9 ਮਹੀਨਿਆਂ ਦੇ ਰਾਜ ਕਾਲ 'ਚ ਸਰਕਾਰ ਨੇ 9 ਚੋਣ ਵਾਅਦੇ ਵੀ ਪੂਰੇ ਨਹੀਂ ਕੀਤੇ। ਕੈਪਟਨ ਦੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ 9 ਨਹੀਂ ਬਲਕਿ 100 ਚੋਣ ਵਾਅਦਿਆਂ ਨੂੰ ਪਹਿਲਾਂ ਹੀ ਪੂਰਾ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਾਂਪਲਾ ਦੇ ਬਿਆਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਸਾਂਪਲਾ ਕਾਰਪੋਰੇਸ਼ਨ ਤੇ ਨਗਰ ਕੌਂਸਲ ਚੋਣ ਤੋਂ ਪਹਿਲਾ ਜਨਤਾ ਨੂੰ ਭਰਮਾਉਣਾ ਚਾਹੁੰਦੇ ਸਨ। ਕੈਪਟਨ ਨੇ ਭਾਜਪਾ ਤੋਂ ਪੁੱਛਿਆ ਕਿ ਉਹ ਪਿਛਲੇ 10 ਸਾਲਾਂ ਤਕ ਚੁੱਪ ਕਿਉਂ ਰਹੀ, ਜਦੋਂ ਸੂਬੇ 'ਚ ਅਕਾਲੀਆਂ ਵੱਲੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਸੀ। ਸੂਬੇ 'ਚ ਬੇਰੁਜ਼ਗਾਰੀ ਵਧ ਗਈ ਸੀ। ਉਦਯੋਗਿਕ ਅਤੇ ਖੇਤੀ ਖੇਤਰਾਂ ਨੂੰ ਅਕਾਲੀ ਸਰਕਾਰ ਨੇ ਬਰਬਾਦ ਕਰ ਦਿੱਤਾ ਹੈ। ਪੰਜਾਬ ਦਾ ਖਜ਼ਾਨਾ ਖਾਲੀ ਹੋ ਚੁੱਕਾ ਸੀ।
ਹੁਣ ਸਾਂਪਲਾ ਬੋਲ ਰਹੇ ਹਨ ਪਰ ਉਹ ਅਕਾਲੀ ਸਰਕਾਰ ਦੇ ਖਿਲਾਫ ਕਿਉਂ ਨਹੀਂ ਬੋਲੇ ? ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਵੀ ਇਸ ਸਮੇਂ ਪੂਰੀ ਤਰ੍ਹਾਂ ਨਿਰਾਸ਼ਾ ਦੀ ਹਾਲਤ 'ਚ ਹੈ। ਇਸ ਲਈ ਨਾ ਕੇਵਲ ਅਕਾਲੀ ਦਲ ਬਲਕਿ ਭਾਜਪਾ ਨੂੰ ਵੀ ਵਿਧਾਨ ਸਭਾ ਚੋਣਾਂ 'ਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਾਂਪਲਾ ਇਹ ਸਮਝਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ 10 ਸਾਲਾਂ 'ਚ ਪੰਜਾਬ 'ਚ ਕੀਤੀ ਗਈ ਬਰਬਾਦੀ ਨੂੰ ਕਾਂਗਰਸ ਸਰਕਾਰ 10 ਮਹੀਨਿਆਂ 'ਚ ਪੂਰੀ ਕਰ ਸਕਦੀ ਹੈ ਤਾਂ ਇਹ ਉਨ੍ਹਾਂ ਦਾ ਵਹਿਮ ਹੈ।
ਪੰਜਾਬ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਕੁਝ ਸਮਾਂ ਲੱਗੇਗਾ ਕਿਉਂਕਿ ਸੂਬੇ 'ਤੇ ਇਸ ਸਮੇਂ ਭਾਰੀ ਕਰਜ਼ਾ ਚੜ੍ਹਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਂਪਲਾ ਸਿਆਸੀ ਪੱਖੋਂ ਹੰਢੇ ਹੋਏ ਨਹੀਂ ਹਨ। ਅਜਿਹਾ ਲੱਗਦਾ ਹੈ ਕਿ ਸਾਂਪਲਾ ਨੂੰ ਪਤਾ ਨਹੀਂ ਹੈ ਕਿ ਕਾਂਗਰਸ ਸਰਕਾਰ ਨੇ ਕੀ-ਕੀ ਕੰਮ ਪਿਛਲੇ 10 ਮਹੀਨਿਆਂ 'ਚ ਕੀਤੇ ਹਨ। ਕਿਸਾਨਾਂ ਦਾ 2-2 ਲੱਖ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਨੇ ਮੁਆਫ ਕਰ ਦਿੱਤਾ ਹੈ। ਕੈਬਨਿਟ ਨੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦਾ ਪ੍ਰਸਤਾਵ ਵੀ ਪਾਸ ਕਰ ਦਿੱਤਾ ਹੈ।