
ਵਿਜੇ ਸਾਂਪਲਾ ਨੇ ਪ੍ਰੈੱਸ ਕਾਨਫਰੰਸ ਨੂੰ ਕੀਤਾ ਸੰਬੋਧਨ, ਕਾਂਗਰਸ ਸਰਕਾਰ 'ਤੇ ਲਾਏ ਗੰਭੀਰ ਦੋਸ਼
ਜਲੰਧਰ: ਬੀਤੇ ਦਿਨ ਪਿੰਡ ਮਹਾਂਬੱਧਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਸੀਨੀਅਰ ਨੇਤਾ ਵਿਜੇ ਸਾਂਪਲਾ ਦਾ ਕਾਫ਼ਲਾ ਰੋਕਿਆ ਗਿਆ। ਇਸ ਤੋਂ ਬਾਅਦ ਅੱਜ ਵਿਜੇ ਸਾਂਪਲਾ ਨੇ ਜਲੰਧਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ ਪੰਜਾਬ ਕਾਂਗਰਸ 'ਤੇ ਗੰਭੀਰ ਦੋਸ਼ ਲਗਾਏ।
Vijay Sampla
ਉਹਨਾਂ ਨੇ ਬੀਤੇ ਦਿਨ ਅਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਦਲਿਤਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਜਾਂਦਾ ਹੈ ਤਾਂ ਉਹਨਾਂ ਦਾ ਰਸਤਾ ਨਾ ਰੋਕਿਆ ਜਾਵੇ। ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦਾ ਫਾਈਦਾ ਕਈ ਸਿਆਸੀ ਪਾਰਟੀਆਂ ਚੁੱਕ ਰਹੀਆਂ ਹਨ।
Captain Amarinder Singh
ਉਹਨਾਂ ਕਿਹਾ ਕਿ ਕਿਸਾਨ ਅਪਣੇ ਲਈ ਪ੍ਰਦਰਸ਼ਨ ਕਰ ਰਹੇ ਹਨ ਪਰ ਸਾਨੂੰ ਸਾਰਿਆਂ ਨੂੰ ਦਲਿਤਾਂ ਨਾਲ ਵੀ ਖੜ੍ਹੇ ਹੋਣਾ ਚਾਹੀਦਾ ਹੈ ਕਿਉਂਕਿ ਦਲਿਤ ਸਮਾਜ ਕਿਸਾਨੀ ਨਾਲ ਸਬੰਧਤ ਹਰ ਕੰਮ ਵਿਚ ਸਹਿਯੋਗੀ ਹੈ। ਉਹਨਾਂ ਨੇ ਪੁਲਿਸ 'ਤੇ ਪੀੜਤ ਪਰਿਵਾਰ ਨੂੰ ਤੰਗ ਕਰਨ ਦਾ ਦੋਸ਼ ਵੀ ਲਗਾਇਆ।
Vijay Sampla
ਇਸ ਤੋਂ ਇਲਾਵਾ ਉਹਨਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਸੂਬਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਉਹਨਾਂ ਕਿਹਾ ਕਿ ਦੋ ਦਿਨਾਂ 'ਚ ਦਲਿਤ ਨੌਜਵਾਨ ਨਾਲ ਬਦਸਲੂਕੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਗਲਾ ਕਦਮ ਚੁੱਕਣ ਲਈ ਤਿਆਰ ਹਨ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਦਲਿਤ ਸਮਾਜ ਪੰਜਾਬ ਸਰਕਾਰ ਨੂੰ ਕਦੀ ਮਾਫ ਨਹੀਂ ਕਰੇਗਾ।
BJP
ਉਹਨਾਂ ਕਿਹਾ ਕਿ ਕੋਈ ਜਿੰਨਾ ਉਹਨਾਂ ਦਾ ਮਰਜੀ ਰਸਤਾ ਰੋਕੇ, ਉਹ ਦਲਿਤ ਸਮਾਜ ਲਈ ਖੜ੍ਹੇ ਰਹਿਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਹਾਥਰਸ ਗੈਂਗਰੇਪ ਪੀੜਤਾ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਉਸ ਨੂੰ ਇਨਸਾਫ ਦਿਵਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।