 
          	ਸਿੱਧੂ ਦੇ ਰਣਨੀਤਕ ਸਲਾਹਕਾਰ ਮੁਸਤਫ਼ਾ ਨੇ ਕਾਂਗਰਸ ਦੇ ਮੁੱਖ
ਚੰਡੀਗੜ੍ਹ, 15 ਅਕਤੂਬਰ (ਗੁਰਉਪਦੇਸ਼ ਭੁੱਲਰ) : ਜਿਥੇ ਨਵਜੋਤ ਸਿੰਘ ਸਿੱਧੂ ਪਾਰਟੀ ਹਾਈਕਮਾਨ ਨਾਲ ਦਿੱਲੀ ’ਚ ਹੋਈ ਗੱਲਬਾਤ ਤੋਂ ਬਾਅਦ ਖ਼ੁਸ਼ ਹਨ ਉਥੇ ਉਨ੍ਹਾਂ ਦੇ ਮੁੱਖ ਰਣਨੀਤਕ ਸਲਾਹਕਾਰ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਵੀ ਅੱਜ ਅਹਿਮ ਬਿਆਨ ਦਿਤਾ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਏ ਪੰਜਾਬ ’ਚ 2022 ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਦੇ ਬਣਨ ਵਾਲੇ ਮੁੱਖ ਮੰਤਰੀ ਬਾਰੇ ਵੀ ਭਵਿੱਖਬਾਣੀ ਕਰ ਦਿਤੀ ਹੈ। ਅੱਜ ਕੀਤੇ ਇਕ ਟਵੀਟ ਰਾਹੀਂ ਉਨ੍ਹਾਂ ਅਪਣੇ ਸਾਥੀ ਰਹੇ ਪੁਲਿਸ ਅਤੇ ਪ੍ਰਸ਼ਾਸਨਿਕ ਅਫ਼ਸਰਾਂ ਨੂੰ ਵੀ ਨਸੀਹਤਾਂ ਦਿਤੀਆਂ। ਉਨ੍ਹਾਂ ਅਪਣੇ ਸਾਥੀ ਅਫ਼ਸਰਾਂ ਨੂੰ ਕਿਹਾ ਕਿ ਮੇਰੀ ਸਲਾਹ ਹੈ ਕਿ 2022 ਬਾਅਦ ਕਿਸ ਦੀ ਸਰਕਾਰ ਹੋਵੇਗੀ ਇਹ ਅੰਦਾਜੇ ਲਾਉਣੇ ਛੱਡ ਦੇਣ ਅਤੇ ਅਪਣੇ ਕੰਮ ਵਲ ਧਿਆਨ ਦੇਣ, ਕਿਤੇ ਇਹ ਨਾ ਹੋਵੇ ਕਿ ਅਜਿਹੇ ਅੰਦਾਜੇ ਲਾਉਂਦੇ ਕਿਸੇ ਨਵੀਂ ਮੁਸੀਬਤ ਵਿਚ ਫੱਸ ਜਾਣ। ਉਨ੍ਹਾਂ ਕਿਹਾ ਕਿ ਤੁਹਾਡੇ ਵਿਚੋਂ ਹਰ ਕੋਈ ਸੁਰੇਸ਼ ਕੁਮਾਰ ਦਿਨਕਰ ਗੁਪਤਾ ਜਾਂ ਸੁਰੇਸ਼ ਅਰੋੜਾ ਨਹੀਂ ਬਣ ਸਕਦਾ। ਜਿਨ੍ਹਾਂ ਨੂੰ ਇਲਾਹੀ ਬਖ਼ਸ਼ ਹੈ ਕਿ ਆਲੂ ਵਾਂਗ ਹਰ ਸਬਜ਼ੀ ਵਿਚ ਫਿੱਟ ਹੋ ਜਾਂਦੇ ਹਨ।  ਉਨ੍ਹਾਂ ਕਿਹਾ ਕਿ ਤੁਹਾਡੇ ’ਚ ਬਹੁਤੇ ਮੇਰੇ ਲਈ ਸਤਕਾਰਯੋਗ ਹਨ। ਜੋ ਕਦੇ ਅਪਣੀ ਜ਼ਮੀਰ ਅਤੇ ਆਤਮਾ ਦਾ ਸੌਦਾ ਨਹੀਂ ਕਰਨਗੇ। ਮੁਸਤਫਾ ਨੇ ਇਹ ਵੀ ਕਿਹਾ ਕਿ ਮੇਰੇ ’ਤੇ ਭਰੋਸਾ ਕਰੋ ਅਤੇ ਬੇਜਮੀਰੇ ਅਫ਼ਸਰਾਂ ਦੇ 2022 ਬਾਰੇ ਭੁਲੇਖੇ ਵੀ ਜਲਦੀ ਦੂਰ ਹੋ ਜਾਣਗੇ। ਉਨ੍ਹਾਂ ਭਵਿੱਖਬਾਣੀ ਕਰਦਿਆਂ ਕਿਹਾ ਕਿ 2022 ਵਿਚ ਸਾਡੀ ਹੀ ਸਰਕਾਰ ਭਾਰੀ ਬਹੁਮਤ ਨਾਲ ਮੁੜ ਬਣੇਗੀ ਅਤੇ ਵੱਡੀ ਗੱਲ ਇਹ ਹੋਵੇਗੀ ਕਿ ਜੋ ਸਾਡਾ ਮੁੱਖ ਮੰਤਰੀ ਹੋਵੇਗਾ ਉਹ ਪੰਜਾਬ, ਪੰਜਾਬੀਅਤ ਅਤੇ ਕਾਂਗਰਸ ਤੇ ਇਸ ਦੀ ਲੀਡਰਸ਼ਿੱਪ ਨੂੰ ਪੂਰਾ ਸਮਰਪਤ ਹੋਵੇਗਾ। ਮੁਸਤਫਾ ਦਾ ਅਸਿੱਧੇ ਤੌਰ ’ਤੇ ਨਵਜੋਤ ਸਿੱਧੂ ਵਲ ਹੀ ਇਸ਼ਾਰਾ ਹੈ। 
ਸਿੱਧੂ ਹਾਈਕਮਾਨ ਮੀਟਿੰਗ ਬਾਅਦ ਉਨ੍ਹਾਂ ਦੇ ਮੁੱਖ ਰਣਨੀਤਕ ਸਲਾਹਕਾਰ ਮੁਸਤਫ਼ਾ ਦਾ ਇਹ ਬਿਆਨ ਵੀ ਅਹਿਮ ਮੰਨਿਆ ਜਾ ਸਕਦਾ ਹੈ।
 
                     
                
 
	                     
	                     
	                     
	                     
     
                     
                     
                     
                     
                    