
-ਡਰੱਗ ਤਸਕਰ ਗੁਰਦੀਪ ਸਰਪੰਚ ਦੇ ਮੁੱਖ ਮੰਤਰੀ ਦਫਤਰ ਨਾਲ ਗੁੜੇ ਸੰਬੰਧਾਂ ਨੇ ਖੋਲੀ ਪੋਲ
-ਕੈਪਟਨ ਦੇ ਸਲਾਹਕਾਰ ਤੇ ਓਐਸਡੀਜ਼ ਨੂੰ ਗ੍ਰਿਫਤਾਰ ਕਰਕੇ ਜਾਂਚ 'ਚ ਕੀਤਾ ਜਾਵੇ ਸ਼ਾਮਲ
-ਹਾਈਕੋਰਟ ਦੇ ਮੌਜੂਦਾ ਜੱਜ ਦੀ ਰੋਜਮਰਾਂ ਨਿਗਰਾਨੀ ਥੱਲੇ ਐਸਟੀਐਫ ਮੁਖੀ ਤੋਂ ਕਰਵਾਈ ਜਾਵੇ ਸਮਾਂਬੱਧ ਜਾਂਚ
-ਅੰਕਿਤ ਬਾਂਸਲ, ਸੰਦੀਪ ਸੰਧੂ ਅਤੇ ਦਮਨ ਮੋਹੀ ਨੂੰ ਬਰਖਾਸਤ ਕਰਕੇ ਖੁਦ ਵੀ ਅਸਤੀਫਾ ਦੇਣ ਮੁੱਖ ਮੰਤਰੀ
-'ਆਪ' ਨੇ ਸੂਬਾ ਸਰਕਾਰ ਨੂੰ ਦਿੱਤਾ 10 ਦਿਨ ਦਾ ਅਲਟੀਮੇਟਮ
-ਹਾਈਕੋਰਟ ਦੇ ਚੀਫ ਜਸਟਿਸ ਕੋਲ ਪੱਤਰ ਰਾਹੀਂ ਸਾਰਾ ਕੱਚਾ ਚਿੱਠਾ ਖੋਲਣਗੇ ਵਿਰੋਧੀ ਧਿਰ ਦੇ ਨੇਤਾ
-ਗੁਰਦੀਪ ਰਾਣੋ ਨਾਲ ਸੁਖਬੀਰ ਬਾਦਲ ਤੇ ਮਜੀਠੀਆ ਦੀਆਂ ਫੋਟੋਆਂ ਵੀ ਕੀਤੀ ਜਾਰੀ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਡਰੱਗ ਮਾਫੀਆ ਦੀ ਸਿੱਧੀ ਸਰਪ੍ਰਸਤੀ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਅਸਤੀਫਾ ਮੰਗਿਆ ਹੈ, ਉਥੇ ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ, ਓਐਸਡੀ ਅੰਕਿਤ ਬਾਂਸਲ ਅਤੇ ਦਮਨ ਮੋਹੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਜਾਂਚ ਏਜੰਸੀ ਹਵਾਲੇ ਕਰਨ ਦੀ ਮੰਗ ਕੀਤੀ ਹੈ।
Parkash Badal And Sukhbir Badal
ਸੋਮਵਾਰ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਬਾਦਲ ਸਰਕਾਰ ਨੇ ਜਿਸ ਡਰੱਗ ਮਾਫੀਆ ਨੂੰ ਪਾਲ-ਪੋਸ ਕੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਸੀ, ਅੱਜ ਉਸੇ ਡਰੱਗ ਮਾਫੀਆ ਨੂੰ ਕੈਪਟਨ ਅਮਰਿੰਦਰ ਸਿੰਘ ਖੁਦ ਚਲਾ ਰਹੇ ਹਨ। ਰਾਣੋ (ਖੰਨਾ) ਦੇ ਸਰਪੰਚ ਅਤੇ ਸਾਬਕਾ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਨਾਲ ਮੁੱਖ ਮੰਤਰੀ ਦੇ ਅਧਿਕਾਰਤ ਸਲਾਹਕਾਰ ਸੰਦੀਪ ਸੰਧੂ, ਓਐਸਡੀ ਅੰਕਿਤ ਬਾਂਸਲ ਅਤੇ ਦਮਨ ਮੋਹੀ ਦੀ ਗੂੜੀ ਸਾਂਝ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰਦੀ ਹੈ।
Bikram Majithia
ਚੀਮਾ ਨੇ ਤਿੰਨਾਂ ਗੁਰਦੀਪ ਰਾਣੋ ਨਾਲ ਇਨ੍ਹਾਂ ਦੀਆਂ ਫੋਟੋਆਂ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਫੋਟੋਆਂ ਵੀ ਮੀਡੀਆ ਨੂੰ ਜਾਰੀ ਕੀਤੀਆਂ। ਚੀਮਾ ਮਾਤਾਬਿਕ, ''ਐਨਾ ਹੀ ਨਹੀਂ ਇਨ੍ਹਾਂ ਦੀਆਂ ਅਨੇਕਾਂ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ਰਾਹੀਂ ਜਨਤਕ (ਪਬਲਿਕ ਡੋਮੇਨ) ਵਿਚ ਹਨ। ਹਰਪਾਲ ਸਿੰਘ ਚੀਮਾ ਨੇ ਨਸ਼ਾ ਤਸਕਰ ਗੁਰਦੀਪ ਰਾਣੋ ਨੂੰ ਮਿਲੀ ਪੁਲਸ ਸਕਿਉਰਿਟੀ ਬਾਰੇ ਮੁੱਖ ਮੰਤਰੀ ਨੂੰ ਘੇਰਿਆ।
Captain Amarinder Singh
ਚੀਮਾ ਮੁਤਾਬਿਕ, ''ਜਿਸ ਕੈਪਟਨ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ 4 ਹਫਤਿਆਂ 'ਚ ਨਸ਼ੇ ਅਤੇ ਨਸ਼ਾ ਤਸਕਰਾਂ ਨੂੰ ਖਤਮ ਕਰਨਾ ਸੀ, ਉਹ ਤਸਕਰਾਂ ਨੂੰ ਸਕਿਉਰਿਟੀ ਕਵਚ ਦੇ ਰਹੇ ਹਨ। ਪੰਜਾਬ ਅਤੇ ਪੰਜਾਬ ਦੀ ਜਵਾਨੀ ਲਈ ਇਸ ਤੋਂ ਖਤਰਨਾਕ ਕੀ ਹੋ ਸਕਦਾ ਹੈ। ਪੰਜਾਬ ਨੂੰ ਅਜਿਹੇ ਅਕ੍ਰਿਤਘਣ (ਬੈਕ ਸਟੈਬਰ) ਮੁੱਖ ਮੰਤਰੀ ਦੀ ਜਰੂਰਤ ਨਹੀਂ ਹੈ। ਇਸ ਲਈ ਕੈਪਟਨ ਤੁਰੰਤ ਗੱਦੀ ਛੱਡਣ।''
Sadhu Singh Dharamsot
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦ ਗੁਰਦੀਪ ਰਾਣੋ ਰਾਹੀਂ ਮੁੱਖ ਮੰਤਰੀ ਦਫਤਰ ਦਾ ਹੀ ਪਰਦਾਫਾਸ਼ ਹੋ ਗਿਆ ਤਾਂ ਆਪਣੇ ਓਐਸਡੀਜ਼ ਨੂੰ ਕਲੀਨ ਚਿੱਟ ਦੇਣ ਲਈ ਸਪੈਸ਼ਲ ਟਾਸਕ ਫੋਰਮ (ਐਸਟੀਐਫ) ਦੇ ਬਰਾਬਰ ਇਕ ਹੋਰ ਪੁਲਸ ਅਫਸਰ ਦੀ ਜਾਂਚ ਸ਼ੁਰੂ ਕਰਵਾ ਦਿੱਤੀ। ਚੀਮਾ ਨੇ ਕਿਹਾ ਕਿ, ''ਕੈਪਟਨ ਕਲੀਨ ਚਿੱਟ ਦੇਣ ਲਈ ਬਾਦਲਾਂ ਜਿੰਨਾਂ ਹੀ ਮਾਹਿਰ ਹੈ। ਜਿਵੇਂ ਵਜੀਫਾ ਘੁਟਾਲੇ 'ਚ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦਿੱਤੀ , ਉਸੇ ਤਰ੍ਹਾਂ ਹੁਣ ਖੁਦ ਅਤੇ ਆਪਣੇ ਓਐਸਡੀਜ਼ ਨੂੰ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਦਕਿ ਜਿਸ ਡੂੰਘਾਈ ਨਾਲ ਇਨ੍ਹਾਂ ਦੀ ਗੁਰਦੀਪ ਰਾਣੋ ਨਾਲ ਸਾਂਝ ਸਾਹਮਣੇ ਆਈ ਹੈ, ਇਹ ਤਿੰਨੋ ਬਰਖਾਸਤ ਕਰਕੇ ਗ੍ਰਿਫਤਾਰ ਹੋਣੇ ਚਾਹੀਦੇ ਸਨ।''
Harpal Cheema
ਚੀਮਾ ਨੇ ਗੁਰਦੀਪ ਰਾਣੋ ਦੀਆਂ ਪੁਲਸ ਪ੍ਰਸ਼ਾਸਨ ਅਤੇ ਸਿਆਸੀ ਅਕਾਵਾਂ ਨਾਲ ਹੋਈਆਂ ਫੋਨ ਕਾਲ ਡਿਟੇਲਜ਼ ਜਨਤਕ ਕਰਨ, ਇਨ੍ਹਾਂ ਦੀਆਂ ਸੰਪਤੀਆਂ ਦੀ ਜਾਂਚ ਕਰਨ ਅਤੇ ਇਸ ਪੂਰੇ ਡਰੱਗ ਮਾਫੀਆ ਦੀ ਹਾਈਕੋਰਟ ਦੇ ਮੌਜੂਦਾ ਜੱਜ ਦੀ ਰੋਜਮਰਾ ਨਿਗਰਾਨੀ ਹੇਠ ਸਮਾਂਬੱਧ ਜਾਂਚ ਦੀ ਮੰਗ ਕੀਤੀ। ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੂੰ 10 ਦਿਨਾਂ ਦੀ ਮੋਹਲਤ ਦਿੰਦਿਆਂ ਕਿਹਾ ਕਿ ਜੇਕਰ ਕੈਪਟਨ ਨੇ ਆਪਣੇ ਦਫਤਰ 'ਚ ਬੈਠੇ ਡਰੱਗ ਮਾਫੀਆ ਸਰਗਨਿਆਂ ਨੂੰ ਜਾਂਚ ਦੇ ਹਵਾਲੇ ਨਾ ਕੀਤਾ ਤਾਂ ਪਾਰਟੀ ਸਰਕਾਰ ਦੇ ਨੱਕ 'ਚ ਦਮ ਕਰ ਦੇਵੇਗੀ। ਹਰਪਾਲ ਸਿੰਘ ਚੀਮਾ ਨੇ ਇਹ ਵੀ ਦੱਸਿਆ ਕਿ ਉਹ ਚਿੱਠੀ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਇਸ ਪੂਰੇ ਕੱਚੇ-ਚੱਠੇ ਦੀ ਜਾਣਕਾਰੀ ਦੇਣਗੇ ਅਤੇ ਜਾਂਚ ਦੀ ਮੰਗ ਕਰਨਗੇ।