
ਕਾਂਗਰਸੀ ਆਗੂ ਅਹਿਮਦ ਪਟੇਲ ਆਈ.ਸੀ.ਯੂ. ਵਿਚ ਦਾਖ਼ਲ
ਹਾਲਤ ਖ਼ਤਰੇ ਤੋਂ ਬਾਹਰ
ਨਵੀਂ ਦਿੱਲੀ, 15 ਨਵੰਬਰ: ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਕਈ ਹਫ਼ਤਿਆਂ ਬਾਅਦ ਅੱਗੇ ਦੇ ਇਲਾਜ ਲਈ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ ਹੈ। 1 ਅਕਤੂਬਰ ਨੂੰ ਪਟੇਲ ਨੇ ਟਵਿੱਟਰ 'ਤੇ ਕਿਹਾ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਹਨ। ਐਤਵਾਰ ਨੂੰ ਇਕ ਟਵੀਟ ਵਿਚ ਪਟੇਲ ਦੇ ਬੇਟੇ ਫ਼ੈਸਲ ਨੇ ਅਪਣੇ ਪਰਵਾਰ ਵਲੋਂ ਕਿਹਾ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਮੇਰੇ ਪਿਤਾ ਕੁਝ ਹਫ਼ਤਿਆਂ ਪਹਿਲਾਂ ਕੋਰੋਨਾ ਪਾਜ਼ੇਟਿਵ ਸਨ। ਉਨ੍ਹਾਂ ਨੂੰ ਅਗਲੇਰੇ ਇਲਾਜ ਲਈ ਮੇਦਾਂਤਾ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਕਈ ਕਾਂਗਰਸੀ ਨੇਤਾਵਾਂ ਨੇ ਪਟੇਲ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ।