
ਹਰਿਆਣੇ ਦੇ ਸਾਬਕਾ ਮੰਤਰੀ ਵਿਰੁਧ ਗਊ ਹਤਿਆ ਦਾ ਮਾਮਲਾ ਦਰਜ
ਸਹਾਰਨਪੁਰ, 15 ਨਵੰਬਰ: ਹਰਿਆਣਾ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਵਲੋਂ ਗਾਂ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਯੂਪੀ ਦੇ ਸਹਾਰਨਪੁਰ ਜ਼ਿਲ੍ਹੇ ਦੇ ਬਹੇਟ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਹਿੰਦੂ ਸੰਗਠਨਾਂ ਨੇ ਤਿੰਨ ਦਿਨ ਪਹਿਲਾਂ ਵਾਪਰੀ ਇਸ ਘਟਨਾ ਨੂੰ ਲੈ ਕੇ ਹੰਗਾਮਾ ਕਰਨ ਤੋਂ ਬਾਅਦ ਹੀ ਪੁਲਿਸ ਨੇ ਪੀੜਤ ਵਲੋਂ ਦਿਤੀ ਨਾਮਜ਼ਦ ਤਹਿਰੀਰ ਉੱਤੇ ਕੇਸ ਦਰਜ ਕੀਤਾ ਹੈ। ਇਹ ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ। ਪੁਲਿਸ ਨੂੰ ਤੁਰਤ ਸੂਚਿਤ ਕੀਤਾ ਗਿਆ। ਅਗਲੀ ਸਵੇਰ ਵੀ ਪੁਲਿਸ ਮੌਕੇ 'ਤੇ ਪਹੁੰਚੀ ਪਰ ਇਹ ਘਟਨਾ ਹਰਿਆਣਾ ਇਲਾਕੇ ਦੀ ਦੱਸ ਕੇ ਵਾਪਸ ਪਰਤ ਆਈ। ਹਿੰਦੂ ਸੰਗਠਨਾਂ ਵਲੋਂ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਉਠਾਉਣ ਅਤੇ ਇੰਟਰਨੈੱਟ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਉੱਤਰ ਤਕ ਪਹੁੰਚਣ ਤੋਂ ਬਾਅਦ ਵੀ ਜ਼ਿਲ੍ਹਾ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੀ। ਸ਼ਨਿਚਰਵਾਰ ਨੂੰ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨ ਪੀੜਤ ਮਾਨਦੀਨ ਨੂੰ ਲੈ ਕੇ ਥਾਣੇ ਪਹੁੰਚੇ ਅਤੇ ਕੇਸ ਦਰਜ ਕਰਨ ਦੀ ਮੰਗ ਕੀਤੀ। ਪੁਲਿਸ ਨੇ ਇਹ ਕਹਿ ਕੇ ਪੀੜਤ ਅਤੇ ਸੰਗਠਨ ਦੇ ਕਾਰਕੁਨਾਂ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਕਿ ਮਾਮਲਾ ਹਰਿਆਣਾ ਦਾ ਹੈ। ਪਰ ਇਨ੍ਹਾਂ ਕਾਰਕੁਨਾਂ ਦੇ ਵਿਰੋਧ ਕਰਨ ਤੋਂ ਬਾਅਦ ਹੀ ਪੁਲਿਸ ਬੈਕਫੁੱਟ 'ਤੇ ਆ ਗਈ ਅਤੇ ਐਤਵਾਰ ਨੂੰ ਕੇਸ ਦਰਜ ਕਰ ਦਿਤਾ। ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਕੀ ਪੁਲਿਸ ਅਪਣੇ ਆਪ ਕਾਰਵਾਈ ਕਰੇਗੀ ਜਾਂ ਕੇਸ ਹਰਿਆਣਾ ਵਿਚ ਤਬਦੀਲ ਕਰੇਗੀ। (ਏਜੰਸੀ)