
ਕਿਸਾਨ ਖ਼ਤਮ ਤਾਂ ਪੰਜਾਬ ਖ਼ਤਮ : ਰੰਧਾਵਾ
ਪੰਜਾਬ ਸਰਕਾਰ ਕਿਸਾਨਾਂ ਨੂੰ ਬਚਾਉਣ ਲਈ ਨਵੀਂ ਰਣਨੀਤੀ 'ਤੇ ਕਰ ਰਹੀ ਹੈ ਵਿਚਾਰ
ਚੰਡੀਗੜ੍ਹ, 15 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਜੇਕਰ ਪੰਜਾਬ ਦਾ ਕਿਸਾਨ ਹੀ ਖ਼ਤਮ ਹੋ ਗਿਆ ਤਾਂ ਪੰਜਾਬ ਖ਼ਤਮ ਸਮਝਿਆ ਜਾਵੇਗਾ। ਉਹ ਇਕ ਟੀ.ਵੀ ਚੈਨਲ 'ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਖੇਤੀਬਾੜੀ ਕਾਨੂੰਨਾਂ ਕਾਰਨ ਕਿਸਾਨਾਂ ਦਾ ਭਵਿੱਖ ਖ਼ਤਰੇ 'ਚ ਪੈ ਗਿਆ ਹੈ। ਉਨ੍ਹਾਂ ਦੇ ੇਸੰਘਰਸ਼ ਦਾ ਅਰਥ ਵਰਤਮਾਨ ਨੂੰ ਨਹੀਂ ਬਲਕਿ ਭਵਿੱਖ ਨੂੰ ਬਚਾਉਣਾ ਹੈ ਇਸ ਲਈ ਉਹ ਦਿਨ ਰਾਤ ਰੇਲਵੇ ਲਾਈਨਾਂ ਤੇ ਸੜਕਾਂ ਉਤੇ ਡਟੇ ਹੋਏ ਹਨ।
ਇਕ ਸਵਾਲ ਦੇ ਜਵਾਬ 'ਚ ਰੰਧਾਵਾ ਨੇ ਕਿਹਾ ਕਿ ਭਾਵੇਂ ਪੰਜਾਬ ਦੀਆਂ ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਅਪਣੇ ਆਪ ਨੂੰ ਕਿਸਾਨਾਂ ਦੀਆਂ ਹਿਤੈਸ਼ੀ ਆਖ ਰਹੀਆਂ ਹਨ ਪਰ ਵਾਸਤਵ 'ਚ ਉਹ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜਦੋਂ ਦਿੱਲੀ ਜਾ ਕੇ ਕੇਂਦਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਾਰਟੀਆਂ ਪੰਜਾਬ ਸਰਕਾਰ ਵਿਰੁਧ ਧਰਨੇ ਦੇਣ ਲੱਗ ਪਈਆਂ। ਉਨ੍ਹਾਂ ਕਿਹਾ ਕਿ ਅਗਰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਏਕਾ ਦਿਖਾ ਦਿੰਦੀਆਂ ਤਾਂ ਅੱਜ ਤਕ ਸ਼ਾਇਦ ਕਾਨੂੰਨ ਵਾਪਸ ਹੋ ਜਾਂਦੇ ਪਰ ਕੁੱਝ ਕੁ ਲੋਕ 'ਅਪਣੀ-ਅਪਣੀ ਡਫ਼ਲੀ' ਵਜਾਈ ਜਾ ਰਹੇ ਹਨ। ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਕੇਂਦਰ ਤੇ ਕਿਸਾਨਾਂ ਦੇ ਸੰਪਰਕ 'ਚ ਹੈ ਤੇ ਛੇਤੀ ਮਸਲੇ ਦੇ ਹੱਲ ਲਈ ਆਸਵੰਦ ਹੈ। ਰੇਲਗੱਡੀਆਂ ਦੀ ਆਵਾਜਾਈ ਬਾਰੇ ਰੰਧਾਵਾ ਨੇ ਕਿਹਾ ਕਿ ਕੇਂਦਰ ਨੂੰ ਬਿਨਾਂ ਦੇਰੀ ਕੀਤੇ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਕਰ ਦੇਣੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਕਰੀਬ 2200 ਕਰੋੜ ਰੁਪਏ ਦਾ ਨੁਕਸਾਨ ਹੋ ਚੁਕਾ ਹੈ ਤੇ ਜੇਕਰ ਕੁੱਝ ਦਿਨ ਰੇਲ ਗੱਡੀਆਂ ਹੋਰ ਨਾ ਚਲੀਆਂ ਤਾਂ ਪੰਜਾਬ ਬਹੁਤ ਵੱਡੇ ਆਰਥਕ ਸੰਕਟ ਦੇ ਟੋਏ 'ਚ ਡਿੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਪੰਜਾਬ ਨਾਲ ਅੰਗਰੇਜ਼ਾਂ ਨਾਲੋਂ ਵੀ ਵੱਧ ਧੱਕਾ ਕਰ ਰਹੀ ਹੈ ਕਿਉਂਕਿ ਰੇਲ ਗੱਡੀਆਂ ਅੰਗਰੇਜ਼ਾਂ ਵੇਲੇ ਵੀ ਬੰਦ ਨਹੀਂ ਹੁੰਦੀਆਂ ਸਨ।
ਕਿਸਾਨਾਂ ਸਬੰਧੀ ਭਵਿੱਖੀ ਨੀਤੀ ਬਾਰੇ ਰੰਧਾਵਾ ਨੇ ਕਿਹਾ ਕਿ ਜੇਕਰ ਕੇਂਦਰ ਇੰਨੇ ਦਬਾਅ ਤੋਂ ਬਾਅਦ ਵੀ ਕਾਨੂੰਨ ਵਾਪਸ ਨਹੀਂ ਲੈਂਦਾ ਤਾਂ ਪੰਜਾਬ ਸਰਕਾਰ ਭਵਿੱਖ ਲਈ ਨਵੀਂ ਰਣਨੀਤੀ ਤਿਆਰ ਕਰ ਰਹੀimage ਹੈ ਤਾਂ ਜੋ ਕਿਸਾਨੀ ਦਾ ਭਵਿੱਖ ਬਚਾਇਆ ਜਾ ਸਕੇ।