
ਹਿੰਦ ਮਹਾਂਸਾਗਰ 'ਚ ਮਹੀਨੇ ਦੇ ਅੰਤ 'ਚ ਭਾਰਤ ਕਰੇਗਾ ਬ੍ਰਹਮੋਸ ਦੀ ਆਤਿਸ਼ਬਾਜ਼ੀ
ਤਿੰਨੋਂ ਫ਼ੌਜਾਂ ਮਿਜ਼ਾਈਲਾਂ ਨਾਲ ਲਗਾਉਣਗੀਆਂ ਨਿਸ਼ਾਨਾ
ਨਵੀਂ ਦਿੱਲੀ, 15 ਨਵੰਬਰ: ਚੀਨ ਨਾਲ ਚੱਲ ਰਹੇ ਤਣਾਅ ਵਿਚਕਾਰ ਭਾਰਤ ਇਸ ਮਹੀਨੇ ਦੇ ਅੰਤ ਤਕ ਅਪਣੀ ਤਾਕਤ ਨੂੰ ਅਜਮਾਉਣ ਲਈ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਾ ਟੈਸਟ ਕਰਨ ਜਾ ਰਿਹਾ ਹੈ। ਨਵੰਬਰ ਦੇ ਅਖ਼ੀਰਲੇ ਹਫ਼ਤੇ ਵਿਚ ਤਿੰਨੋਂ ਹਥਿਆਰਬੰਦ ਫ਼ੌਜਾਂ ਹਿੰਦ ਮਹਾਂਸਾਗਰ ਦੇ ਇਲਾਕੇ ਵਿਚ ਦੇਸੀ ਮਿਜ਼ਾਈਲਾਂ ਨੂੰ ਲਾਂਚ ਕਰਨਗੀਆਂ।
ਸਰਕਾਰੀ ਸੂਤਰਾਂ ਅਨੁਸਾਰ, ਇਸ ਮਹੀਨੇ ਦੇ ਅੰਤ ਵਿਚ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਬ੍ਰਹਮੋਸ ਦੇ ਕਈ ਟੈਸਟ ਕਰਨਗੀਆਂ। ਉਨ੍ਹਾਂ ਦਾ ਉਦੇਸ਼ ਹਿੰਦ ਮਹਾਂਸਾਗਰ ਵਿਚ ਇਨ੍ਹਾਂ ਮਿਜ਼ਾਈਲਾਂ ਨਾਲ ਕਈ ਨਿਸ਼ਾਨਿਆਂ ਨੂੰ ਲਾਉਣਾ ਹੋਵੇਗਾ। ਬ੍ਰਹਮੋਸ ਦੇ ਇਹ ਟੈਸਟ ਮਿਜ਼ਾਈਲ ਪ੍ਰਣਾਲੀ ਦੀ ਕਾਰਗੁਜ਼ਾਰੀ ਵਿਚ ਹੋਰ ਸੁਧਾਰ ਕਰਨਗੇ ਅਤੇ ਇਹ ਗੁਆਂਢੀ ਦੇਸ਼ਾਂ ਨੂੰ ਸੀਮਾਵਾਂ ਵਿਚ ਬਣੇ ਰਹਿਣ ਦੀ ਚੇਤਾਵਨੀ ਵਜੋਂ ਵੀ ਕੰਮ ਕਰੇਗਾ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਵਲੋਂ ਵਿਕਸਤ ਇਸ ਮਿਜ਼ਾਇਲ ਦੀ ਰੇਂਜ ਹਾਲ ਹੀ ਵਿਚ 298 ਕਿਮੀ ਤੋਂ ਵਧਾ ਕੇ 450 ਕਿਲੋਮੀਟਰ ਕੀਤੀ ਗਈ ਹੈ। ਘੱਟ ਦੂਰੀ ਦੀ ਰੈਮਜੇਟ, ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੁਨੀਆਂ ਵਿਚ ਅਪਣੀ ਸ਼੍ਰੇਣੀ ਵਿਚ ਸਭ ਤੋਂ ਤੇਜ਼ ਸਪੀਡ ਵਾਲੀ ਹੈ।
ਇਸ ਨੂੰ ਪਣਡੁੱਬੀ ਨਾਲ, ਪਾਣੀ ਦੇ ਜਹਾਜ਼ ਨਾਲ, ਜਹਾਜ਼ ਤੋਂ ਜਾਂ ਜ਼ਮੀਨ ਤੋਂ ਵੀ ਛੱਡਿਆ ਜਾ ਸਕਦਾ ਹੈ। ਇਹ ਰੂਸ ਦੀ ਪੀ-800 ਓਨਕਿਸ ਕਰੂਜ਼ ਮਿਜ਼ਾਈਲ ਦੀ ਤਕਨਾਲੋਜੀ 'ਤੇ ਆਧਾਰਤ ਹੈ।
ਬ੍ਰਹਮੋਸ ਦੇ ਸਮੁੰਦਰੀ ਅਤੇ ਭੂਮੀ imageਰੂਪਾਂ ਦੀ ਪਹਿਲਾਂ ਹੀ ਸਫ਼ਲਤਾਪੂਰਵਕ ਜਾਂਚ ਕੀਤੀ ਗਈ ਹੈ। ਇੰਡੀਅਨ ਆਰਮੀ, ਏਅਰਫ਼ੋਰਸ ਅਤੇ ਨੇਵੀ ਨੂੰ ਸੌਪਿਆ ਜਾ ਚੁਕਾ ਹੈ। ਇਸ ਨਾਲ ਭਾਰਤ ਨੂੰ ਮਿਜ਼ਾਈਲ ਤਕਨਾਲੋਜੀ ਵਿਚ ਮੋਹਰੀ ਦੇਸ਼ ਬਣਾ ਦਿਤਾ ਹੈ। (ਏਜੰਸੀ)