
7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਨਿਤੀਸ਼ ਕੁਮਾਰ ਅੱਜ ਚੁੱਕਣਗੇ ਸਹੁੰ
ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਸੀ, ਭਾਜਪਾ ਦੇ ਕਹਿਣ 'ਤੇ ਅਹੁਦਾ ਸਵੀਕਾਰਿਆ: ਨਿਤੀਸ਼ ਕੁਮਾਰ
ਪਟਨਾ, 15 ਨਵੰਬਰ: ਬਿਹਾਰ ਵਿਚ ਐਨਡੀਏ ਦੀ ਅਗਵਾਈ ਵਿਚ ਇਕ ਵਾਰ ਮੁੜ ਸਰਕਾਰ ਬਣਨ ਜਾ ਰਹੀ ਹੈ। ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਭਲਕੇ (16 ਨਵੰਬਰ) ਨੂੰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਹੋਵੇਗਾ। ਇਸ ਨਾਲ ਹੀ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਭੇਤ ਅਜੇ ਵੀ ਬਰਕਰਾਰ ਹੈ। ਰਖਿਆ ਮੰਤਰੀ ਰਾਜਨਾਥ ਦਾ ਕਹਿਣਾ ਹੈ ਕਿ ਉਪ ਮੁੱਖ ਮੰਤਰੀ ਦਾ ਫ਼ੈਸਲਾ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਜਾਵੇਗਾ।
ਬਿਹਾਰ 'ਚ ਸੱਤਾਧਰ ਗਠਜੋੜ ਐਨ.ਡੀ.ਏ. ਦੀ ਬੈਠਕ ਹੋਈ ਜਿਸ ਵਿਚ ਨਿਤੀਸ਼ ਕੁਮਾਰ ਨੂੰ ਸਰਬਸੰਮਤੀ ਨਾਲ ਐਨ.ਡੀ.ਏ. ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਐਨਡੀਏ ਵਿਧਾਨ ਸਭਾ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਕ ਭਾਜਪਾ ਨੇਤਾ ਮੁੱਖ ਮੰਤਰੀ ਬਣੇ ਪਰ ਬੀਜੇਪੀ ਦੇ ਕਹਿਣ 'ਤੇ ਉਨ੍ਹਾਂ ਨੇ ਇਸ ਅਹੁਦੇ ਨੂੰ ਸਵੀਕਾਰ ਕਰ ਲਿਆ ਹੈ। ਨੇਤਾ ਚੁਣੇ ਜਾਣ ਤੋਂ ਬਾਅਦ ਉਹ ਰਾਜ ਭਵਨ ਪਹੁੰਚੇ ਅਤੇ ਸਰਕਾਰ
ਬਣਾਉਣ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿਤਾ ਹੈ।
ਐਨਡੀਏ ਨੇ ਐਤਵਾਰ ਨੂੰ ਜੇਡੀਯੂ ਦੇ ਪ੍ਰਧਾਨ ਨਿਤੀਸ਼ ਕੁਮਾਰ ਨੂੰ ਅਪਣਾ ਨੇਤਾ ਚੁਣਿਆ ਅਤੇ ਇਸ ਨਾਲ ਨਿਤੀਸ਼ ਕੁਮਾਰ ਲਈ ਲਗਾਤਾਰ ਚੌਥੀ ਵਾਰ ਮੁੱਖ ਮੰਤਰੀ ਬਣਨ ਦਾ ਰਾਹ ਪਧਰਾ ਹੋਇਆ। ਸੂਤਰਾਂ ਨੇ ਦਸਿਆ ਕਿ ਨਿਤੀਸ਼ ਕੁਮਾਰ ਨੂੰ ਐਨਡੀਏ ਦੀ ਸਾਂਝੀ ਮੀਟਿੰਗ ਵਿਚ ਗਠਜੋੜ ਦਾ ਨੇਤਾ ਚੁਣਿਆ ਗਿਆ ਸੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਮੀਟਿੰਗ ਤੋਂ ਬਾਅਦ ਰਾਜ ਭਵਨ ਲਈ ਰਵਾਨਾ ਹੋਏ।
ਭਾਜਪਾ ਨੇਤਾ ਅਤੇ ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਹਾਜ਼ਰੀ ਵਿਚ ਸਾਂਝੀ ਬੈਠਕ ਹੋਈ। ਮੀਟਿੰਗ ਵਿਚ ਕੁਮਾਰ ਤੋਂ ਇਲਾਵਾ ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਪਾਰਟੀ ਦੇ ਚੋਣ ਇੰਚਾਰਜ ਦੇਵੇਂਦਰ ਫੜਨਵੀਸ, ਪਾਰਟੀ ਦੇ ਸੂਬਾ ਇੰਚਾਰਜ ਭੁਪਿੰਦਰ ਯਾਦਵ, ਹਿੰਦੁਸਤਾਨੀ ਆਵਾਮ ਮੋਰਚਾ (ਹਮ) ਨੇਤਾ ਜੀਤਨ ਰਾਮ ਮਾਂਝੀ ਅਤੇ ਵਿਕਾਸ ਇਨਸਾਨ ਪਾਰਟੀ (ਵੀਆਈਪੀ) ਪਾਰਟੀ ਦੇ ਨੇਤਾ ਮੁਕੇਸ਼ ਸਾਹਨੀ ਸ਼ਾਮਲ ਹੋਏ।
ਭਾਜਪਾ ਦੇ ਨਿਗਰਾਨ ਬਣਾਏ ਗਏ ਸੀਨੀਅਰ ਨੇਤਾ ਰਾਜਨਾਥ ਸਿੰਘ ਪਟਨਾ ਪਹੁੰਚਣ ਤੋਂ ਬਾਅਦ ਮੁੱਖ ਮੰਤਰੀ ਰਿਹਾਇਸ਼ ਪੁੱਜੇ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਦਲ ਦੀ ਬੈਠਕ ਨੂੰ ਟਾਲ ਕਰ ਦਿਤਾ ਗਿਆ ਜੋ ਸਵੇਰੇ 10 ਵਜੇ ਹੋਣੀ ਸੀ। (ਏਜੰਸੀ)
image