
ਪੰਜਾਬ ਦੇ ਕਿਸਾਨਾਂ ਨੇ ਮਨਾਈ 'ਕਾਲੀ ਦੀਵਾਲੀ'
ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵਿਵਾਦਤ ਖੇਤੀ ਕਾਨੂੰਨਾਂ ਵਿਰੁਧ ਡਟਵਾਂ ਸੰਘਰਸ਼ ਜਾਰੀ
ਚੰਡੀਗੜ੍ਹ, 15 ਨਵੰਬਰ (ਨੀਲ ਭਾਲਿੰਦਰ ਸਿੰਘ): ਕੇਂਦਰ ਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਵਿਰੁਧ ਪੰਜਾਬ ਵਿਚ ਡਟਵਾਂ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਨੇ ਇਸ ਵਾਰ ਕਾਲੀ ਦੀਵਾਲੀ ਮਨਾਈ ਹੈ। ਦੋ ਦਿਨ ਪਹਿਲਾਂ ਹੀ ਕੇਂਦਰੀ ਮੰਤਰੀਆਂ ਨਾਲ ਬੇਸਿੱਟਾ ਰਹੀ ਚਰਚਿਤ ਬੈਠਕ ਵਿਚੋਂ ਮੁੜਦੇ ਸਾਰ ਹੀ ਕਿਸਾਨਾਂ ਨੇ ਸੰਘਰਸ਼ ਹੋਰ ਪ੍ਰਚੰਡ ਕਰ ਦੇਣ ਦਾ ਐਲਾਨ ਕਰ ਦਿਤਾ ਸੀ ਜਿਸ 'ਤੇ ਪਹਿਰਾ ਦਿੰਦੇ ਹੋਏ ਵੱਡੀ ਗਿਣਤੀ ਵਿਚ ਕਿਸਾਨ ਦੀਵਾਲੀ ਦੀ ਰਾਤ ਵੀ ਮੋਰਚਿਆਂ ਉਤੇ ਡਟੇ ਰਹੇ। ਇੰਨਾ ਹੀ ਨਹੀਂ ਐਤਵਾਰ ਨੂੰ ਸਵੇਰ ਤੋਂ ਹੀ ਪੰਜਾਬ ਦੇ ਬਹੁਤੇ ਇਲਾਕਿਆਂ ਵਿਚ ਮੀਂਹ ਅਤੇ ਗੜੇ ਪੈਣ ਕਾਰਨ ਸ਼ੁਰੂ ਹੋਏ ਮੌਸਮੀ ਖ਼ਰਾਬੀ ਦੀ ਵੀ ਸੰਘਰਸ਼ਸ਼ੀਲ ਕਿਸਾਨ ਕੋਈ ਪ੍ਰਵਾਹ ਨਹੀਂ ਕਰ ਰਹੇ ।
ਇਸ ਦੌਰਾਨ 30 ਕਿਸਾਨ-ਜਥੇਬੰਦੀਆਂ ਦੇ ਸੱਦੇ 'ਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਪੰਜਾਬ ਭਰ ਵਿਚ ਕਿਸਾਨ-ਮੋਰਚਿਆਂ ਅਤੇ ਪਿੰਡਾਂ ਵਿਚ ਮਸ਼ਾਲ-ਮਾਰਚ ਕੀਤੇ ਗਏ। ਭਾਈਚਾਰਕ-ਸਾਂਝ ਮਜ਼ਬੂਤ ਕਰਦਿਆਂ ਜਥੇਬੰਦਕ ਸੰਘਰਸ਼ ਦਾ ਸੱਦਾ ਦਿੰਦਿਆਂ ਕਿਸਾਨ 45ਵੇਂ ਦਿਨ ਵੀ ਟੋਲ-ਪਲਾਜ਼ਿਆਂ, ਰਿਲਾਇੰਸ-ਪੰਪਾਂ, ਰੇਲਵੇ-ਪਾਰਕਾਂ ਅਤੇ ਭਾਜਪਾ ਆਗੂਆਂ ਦੀ ਰਿਹਾਇਸ਼ਾਂ 'ਤੇ ਡਟੇ ਰਹੇ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦਸਿਆ ਕਿ 12 ਨਵੰਬਰ ਦੀ
ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਜੋਸ਼ੋ-ਖਰੋਸ਼ ਨਾਲ ਮਸ਼ਾਲਾਂ ਬਾਲਦਿਆਂ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰਾਂ ਲੋਕਾਂ ਵਲੋਂ ਪੈਦਾ ਕੀਤੇ ਹਾਲਾਤ ਕਾਰਨ ਕਿਸਾਨ ਵੱਡੇ ਸੰਕਟ ਵਿਚ ਹਨ, ਨਿਰਾਸ਼ ਵੀ ਹਨ, ਪਰ ਜਥੇਬੰਦੀਆਂ ਨੇ ਮਹਿਸੂਸ ਕੀਤਾ ਕਿ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਲੋਕਾਂ ਨੂੰ ਤਿਉਹਾਰ ਅਪਣੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਮਨਾਉਣੇ ਹੀ ਚਾਹੀਦੇ ਹਨ।
30 ਕਿਸਾਨ-ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਪੰਜਾਬ ਦੇ ਸੈਂਕੜੇ ਪਿੰਡਾਂ ਵਿਚ ਹੋਏ ਮਸ਼ਾਲ-ਮਾਰਚਾਂ ਦੌਰਾਨ ਸੱਦਾ ਦਿਤਾ ਗਿਆ 26-27 ਨਵੰਬਰ ਤੋਂ ਪਾਬੰਦੀਆਂ ਦੇ ਬਾਵਜੂਦ ਦਿੱਲੀ ਪਹੁੰਚਿਆ ਜਾਵੇ।
ਉਨ੍ਹਾਂ ਦਸਿਆ ਕਿ 30 ਕਿਸਾਨ-ਜਥੇਬੰਦੀਆਂ ਨੇ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਦਾ ਰਿਵਿਊ ਕਰਨ ਅਤੇ ਸੰਘਰਸ਼ ਦੀ ਨਵੀਂ ਰੂਪ ਰੇਖਾ ਉਲੀਕਣ ਲਈ ਕਿਸਾਨ-ਭਵਨ,ਚੰਡੀਗੜ੍ਹ ਵਿਖੇ ਮੀਟਿੰਗ ਸੱਦ ਲਈ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦਸਿਆ ਕਿ ਉਨ੍ਹਾਂ ਦੀ ਅਪਣੀ ਜਥੇਬੰਦੀ ਵਲੋਂ 16 ਨਵੰਬਰ ਨੂੰ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹਾਦਤ-ਦਿਵਸ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਬਾਕੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ।image